ਅੰਮ੍ਰਿਤਸਰ, 7 ਜੁਲਾਈ (ਸੁਰਿੰਦਰ ਕੋਛੜ)-ਅਮਰੀਕੀ ਸਰਪ੍ਰਸਤੀ ਹੇਠ ਪਾਕਿਸਤਾਨ ਲਗਾਤਾਰ ਆਪਣੀ ਕੂਟਨੀਤਕ ਪ੍ਰੋਫਾਈਲ ਨੂੰ ਮਜ਼ਬੂਤ ਕਰ ਰਿਹਾ ਹੈ। ਪਾਕਿ ਪਹਿਲਾਂ ਹੀ ਅਮਰੀਕਾ ਅਤੇ ਈਰਾਨ ਵਿਚਕਾਰ ਵਿਚੋਲਗੀ ਕਰਕੇ ਵਿਸ਼ਵ-ਵਿਆਪੀ ਧਿਆਨ ਖਿੱਚ ਚੁੱਕਾ ਹੈ ਅਤੇ ਹੁਣ ਕੁਝ ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਪਾਕਿ ਲਿਬੀਆ ’ਚ ਬਾਗ਼ੀ ਸਮੂਹਾਂ ਵਿਚਕਾਰ ਵਿਚੋਲਗੀ ਕਰਨ ਦੀ ਵੀ ਕੋਸ਼ਿਸ਼ ਕਰ ਰਿਹਾ ਹੈ, ਜੋ ਲੰਬੇ ਸਮੇਂ ਤੋਂ ਹਿੰਸਾ ਨਾਲ ਗ੍ਰਸਤ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਪਾਕਿ ਨੂੰ ਇਥੇ ਵੀ ਅਮਰੀਕਾ ਦਾ ਸਮਰਥਨ ਪ੍ਰਾਪਤ ਹੈ। ਪਿਛਲੇ ਕਈ ਮਹੀਨਿਆਂ ਤੋਂ ਅਮਰੀਕਾ ਦੀ ਅਗਵਾਈ ’ਚ ਲਿਬੀਆ ਸੰਕਟ ਦਾ ਕੂਟਨੀਤਕ ਹੱਲ ਲੱਭਣ ਲਈ ਯਤਨ ਜਾਰੀ ਹਨ। ਸਾਲ 2011 ‘ਚ ਨਾਟੋ-ਸਮਰਥਿਤ ਕਾਰਵਾਈ ਦੌਰਾਨ ਤਤਕਾਲੀ ਸ਼ਾਸਕ ਮੁਅੱਮਰ ਗੱਦਾਫੀ ਨੂੰ ਗੱਦੀਓਂ ਲਾਹ ਦੇਣ ਤੋਂ ਬਾਅਦ ਲਿਬੀਆ ਘਰੇਲੂ ਯੁੱਧ ‘ਚ ਫਸਿਆ ਹੋਇਆ ਹੈ, ਜਿਸ ਨਾਲ ਦੇਸ਼ ਪੂਰਬੀ ਅਤੇ ਪੱਛਮੀ ਪ੍ਰਸ਼ਾਸਨ ‘ਚ ਵੰਡਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਫ਼ੌਜ ਮੁਖੀ ਫ਼ੀਲਡ ਮਾਰਸ਼ਲ ਸਈਦ ਆਸਿਮ ਮੁਨੀਰ ਨੇ ਹਾਲ ਹੀ ‘ਚ ਲਿਬੀਆ ਦੇ ਹਥਿਆਰਬੰਦ ਬਲਾਂ ਦੇ ਕਮਾਂਡਰ-ਇਨ-ਚੀਫ਼ ਫ਼ੀਲਡ ਮਾਰਸ਼ਲ ਖ਼ਲੀਫ਼ਾ ਬੇਲਕਾਸਿਮ ਹਫ਼ਤਾਰ ਨਾਲ ਮੁਲਾਕਾਤ ਵੀ ਕੀਤੀ।
ਹੁਣ ਅਮਰੀਕਾ ਦੀ ਮਦਦ ਨਾਲ ਪਾਕਿ ਵਲੋਂ ਲਿਬੀਆ ’ਚ ਸ਼ਾਂਤੀ ਲਈ ਵਿਚੋਲਗੀ ਕਰਨ ਦੀਆਂ ਚਰਚਾਵਾਂ
ਅਜੀਤ ਡੈਸਕ
09-07-2026