ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਫ਼ਿਲਮ ‘ਸਤਲੁਜ’ ਨੂੰ ਹਟਾਉਣਾ ਮੰਦਭਾਗਾ-ਅਕਾਲੀ ਦਲ ਵਾਰਿਸ ਪੰਜਾਬ ਦੇ

Ad Position 21
No active advertisement
ਅਜੀਤ ਡੈਸਕ 09-07-2026
ਚੰਡੀਗੜ੍ਹ, 8 ਜੁਲਾਈ (ਪ੍ਰੋ. ਅਵਤਾਰ ਸਿੰਘ)-ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸੀਨੀਅਰ ਲੀਡਰਸ਼ਿਪ ਬਾਪੂ ਤਰਸੇਮ ਸਿੰਘ, ਮੁੱਲਾਂਪੁਰ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਅਤੇ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਪੰਜਾਬ ਨਾਲ ਜੁੜੇ ਅਹਿਮ ਮਸਲਿਆਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਅਤੇ ਮੰਗ ਪੱਤਰ ਦਿੱਤਾ। ਵਫ਼ਦ ਨੇ ਫ਼ਿਲਮ ‘ਸਤਲੁਜ’ ਨੂੰ ਜ਼ੀ5 ਓ.ਟੀ.ਟੀ ਪਲੇਟਫਾਰਮ ਤੋਂ ਹਟਾਏ ਜਾਣ ’ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਕਿਹਾ ਕਿ ਇਹ ਫ਼ਿਲਮ ਪੰਜਾਬ ਦੇ ਉਸ ਕਾਲੇ ਦੌਰ ਦੀ ਸੱਚਾਈ ਨੂੰ ਬੇਖ਼ੂਬੀ ਬਿਆਨ ਕਰਦੀ ਹੈ, ਜਦੋਂ ਹਜ਼ਾਰਾਂ ਸਿੱਖ ਨੌਜਵਾਨਾਂ ਦਾ ਕਤਲ ਕੀਤਾ ਗਿਆ ਅਤੇ ਉਨ੍ਹਾਂ ਨੂੰ ਲਾਵਾਰਸ ਦੱਸ ਕੇ ਸਸਕਾਰ ਕਰ ਦਿੱਤਾ ਗਿਆ। ਇਸ ਕਾਲੇ ਦੌਰ ਵਿਚ ਉਨ੍ਹਾਂ ਲਾਸ਼ਾਂ ਦੇ ਅਸਲ ਵਾਰਸਾਂ ਨੂੰ ਇਨਸਾਫ਼ ਦਿਵਾਉਣ ਲਈ ਸ਼ਹੀਦ ਜਸਵੰਤ ਸਿੰਘ ਖਾਲੜਾ ਨੇ ਵੱਡਾ ਸੰਘਰਸ਼ ਕੀਤਾ ਸੀ। ਆਗੂਆਂ ਨੇ ਕਿਹਾ ਕਿ ਫ਼ਿਲਮ ਰਾਹੀਂ ਉਸ ਦੌਰ ਦੀ ਪੂਰੀ ਸੱਚਾਈ ਨੂੰ ਮੌਜੂਦਾ ਪੀੜ੍ਹੀ ਦੇ ਸਾਹਮਣੇ ਰੱਖਿਆ ਗਿਆ ਹੈ। ਅਜਿਹੀ ਇਤਿਹਾਸਕ ਭਰਪੂਰ ਫ਼ਿਲਮ ਨੂੰ ਲੋਕਾਂ ਤੋਂ ਦੂਰ ਕਰਨਾ ਮੰਦਭਾਗਾ ਹੈ। ਇਸ ਲਈ ਸਮੁੱਚੀ ਸਿੱਖ ਕੌਮ ਅਤੇ ਪੰਜਾਬੀਆਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਿਆਂ ਫ਼ਿਲਮ ‘ਸਤਲੁਜ’ ਨੂੰ ਤੁਰੰਤ ਮੁੜ ਰਿਲੀਜ਼ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਇਤਿਹਾਸ ਅਤੇ ਸੱਚਾਈ ਨਾਲ ਜਾਣੂ ਹੋ ਸਕਣ।ਵਫ਼ਦ ਨੇ ਕਿਹਾ ਕਿ ‘ਸਤਲੁਜ’ ਸਿਰਫ਼ ਇਕ ਫ਼ਿਲਮ ਨਹੀਂ, ਸਗੋਂ ਪੰਜਾਬ ਦੇ ਮਨੁੱਖੀ ਅਧਿਕਾਰਾਂ ਦੇ ਇਤਿਹਾਸ ਨਾਲ ਜੁੜੀ ਇਕ ਮਹੱਤਵਪੂਰਨ ਦਸਤਾਵੇਜ਼ੀ ਪੇਸ਼ਕਾਰੀ ਹੈ, ਜੋ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ ਅਤੇ ਸੱਚ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਕੰਮ ਕਰਦੀ ਹੈ। ਆਗੂਆਂ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਨੇ ਹਜ਼ਾਰਾਂ ਬੇਕਸੂਰ ਨੌਜਵਾਨਾਂ ਦੇ ਗੈਰ-ਕਾਨੂੰਨੀ ਕਤਲਾਂ ਅਤੇ ਗੁੰਮਸ਼ੁਦਗੀਆਂ ਦੇ ਮਾਮਲਿਆਂ ਨੂੰ ਦੁਨੀਆ ਸਾਹਮਣੇ ਲਿਆਉਣ ਲਈ ਆਪਣੀ ਜਾਨ ਕੁਰਬਾਨ ਕੀਤੀ। ਅਜਿਹੇ ਮਹਾਨ ਯੋਧੇ ਦੀ ਕਹਾਣੀ ’ਤੇ ਆਧਾਰਿਤ ਫ਼ਿਲਮ ਨੂੰ ਓ.ਟੀ.ਟੀ ਪਲੇਟਫਾਰਮ ਤੋਂ ਹਟਾਉਣਾ ਇਤਿਹਾਸਕ ਸੱਚਾਈ ਅਤੇ ਇਨਸਾਫ਼ ਦੀ ਲੜਾਈ ਨੂੰ ਕਮਜ਼ੋਰ ਕਰਨ ਦੇ ਬਰਾਬਰ ਹੈ। ਵਫ਼ਦ ਨੇ ਫ਼ਿਲਮ ਵਿਚ ਦਿਲਜੀਤ ਦੁਸਾਂਝ ਵਲੋਂ ਨਿਭਾਏ ਗਏ ਪ੍ਰਭਾਵਸ਼ਾਲੀ ਕਿਰਦਾਰ ਅਤੇ ਨਿਰਦੇਸ਼ਕ ਹਨੀ ਤ੍ਰੇਹਨ ਦੀ ਦੂਰਅੰਦੇਸ਼ੀ ਡਾਇਰੈਕਸ਼ਨ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਫਿਲਮਾਂ ਪੰਜਾਬ ਦੇ ਉਸ ਦੌਰ ਦੀ ਅਸਲ ਤਸਵੀਰ ਨੂੰ ਦੇਸ਼ ਅਤੇ ਦੁਨੀਆ ਸਾਹਮਣੇ ਲਿਆਉਣ ਦਾ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਕਲਾ ਅਤੇ ਸਿਨੇਮਾ ਨੂੰ ਵਿਵਾਦਾਂ ਦੇ ਆਧਾਰ ’ਤੇ ਸੈਂਸਰ ਕਰਨ ਦੀ ਬਜਾਏ ਵਿਚਾਰਾਂ ਦੇ ਖੁੱਲ੍ਹੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਮਨਪ੍ਰੀਤ ਸਿੰਘ ਇਯਾਲੀ ਨੇ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆਂ ਦੇ ਧਿਆਨ ਵਿਚ ਇਹ ਮਾਮਲਾ ਵੀ ਲਿਆਂਦਾ ਕਿ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਚੁਣੇ ਗਏ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦਾ ਐਨ.ਐੱਸ.ਏ. ਰੱਦ ਹੋ ਚੁੱਕਾ ਹੈ। ਅਜਿਹੇ ਵਿਚ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਲੋਕਮਤ ਦਾ ਸਨਮਾਨ ਕਰਦਿਆਂ ਉਨ੍ਹਾਂ ਨੂੰ ਆਪਣੇ ਸੰਸਦੀ ਫ਼ਰਜ਼ ਨਿਭਾਉਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਇਸ ਮੌਕੇ ਕਾਬਲ ਸਿੰਘ, ਅਮਰਜੀਤ ਸਿੰਘ ਵੰਨਚਿੜੀ, ਹਰਭਜਨ ਸਿੰਘ ਤੁੜ, ਪਰਗਟ ਸਿੰਘ ਰਈਆ ਆਦਿ ਆਗੂ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ਆਪ’ ਨੇ ਕਪੂਰਥਲਾ ਨਗਰ ਨਿਗਮ ’ਤੇ ਕੀਤਾ ਕਬਜ਼ਾ ਮੇਅਰ ਤੇ ਦੋਵੇਂ ਡਿਪਟੀ ਮੇਅਰ ਦੇ ਅਹੁਦੇ ਜਿੱਤੇ ਅਗਲੀ ਖ਼ਬਰ 09-07-26
Ad Position 24
No active advertisement