ਕਪੂਰਥਲਾ, 8 ਜੁਲਾਈ (ਅਮਰਜੀਤ ਕੋਮਲ)-ਨਗਰ ਨਿਗਮ ਕਪੂਰਥਲਾ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਸਬੰਧੀ ਨਗਰ ਨਿਗਮ ਦੇ ਮੀਟਿੰਗ ਹਾਲ ਵਿਚ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਵਿਨੈ ਬਬਲਾਨੀ ਦੀ ਦੇਖ ਰੇਖ ਹੇਠ ਰੌਲੇ ਰੱਪੇ ਦੌਰਾਨ ਮੇਅਰ ਦੀ ਹੋਈ ਚੋਣ ਵਿਚ ਕਾਂਗਰਸ ਤੋਂ ਬਾਗੀ ਹੋਏ ਕੌਂਸਲਰ ਨਰਿੰਦਰ ਸਿੰਘ ਮਨਸੂ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਇਕ ਆਜ਼ਾਦ ਕੌਂਸਲਰ ਦੇ ਸਮਰਥਨ ਨਾਲ ਨਗਰ ਨਿਗਮ ਦੇ ਮੇਅਰ, ਸ਼ਮੀਰ ਸ਼ਰਮਾ ਸੀਨੀਅਰ ਡਿਪਟੀ ਮੇਅਰ ਤੇ ਕਮਾਕਸ਼ੀ ਦੁੱਗਲ ਡਿਪਟੀ ਮੇਅਰ ਬਣੇ | ਚੋਣ ਮੌਕੇ ਸੱਤਾਧਾਰੀ ਪਾਰਟੀ ਨਾਲ ਸਬੰਧਿਤ 23 ਕੌਂਸਲਰ, ਜਦਕਿ ਕਾਂਗਰਸ ਨਾਲ ਸਬੰਧਿਤ 26 ਕੌਂਸਲਰ ਹਾਜ਼ਰ ਸਨ | ਦੁਪਹਿਰ 3 ਵਜੇ ਬਾਅਦ ਨਗਰ ਨਿਗਮ ਦੇ ਦਫ਼ਤਰ ਵਿਚ ਹੋਈ ਚੋਣ ਮੌਕੇ ਪਹਿਲਾਂ ਨਵੇਂ ਚੁਣੇ ਕੌਂਸਲਰਾਂ ਨੂੰ ਸਹੁੰ ਚੁਕਾਈ ਗਈ ਤੇ ਬਾਅਦ ਵਿਚ ਕਾਂਗਰਸ ਤੋਂ ਬਾਗੀ ਹੋਏ ਇਕ ਕੌਂਸਲਰ ਨੇ 27 ਕੌਂਸਲਰਾਂ ਦੀ ਆਪੇ ਗਿਣਤੀ ਬੋਲ ਕੇ ਨਰਿੰਦਰ ਸਿੰਘ ਮਨਸੂ ਨੂੰ ਨਗਰ ਨਿਗਮ ਦਾ ਮੇਅਰ ਐਲਾਨਿਆ ਤੇ ਰੌਲੇ ਰੱਪੇ ਤੋਂ ਬਾਅਦ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਸਾਰੇ ਕੌਂਸਲਰ ਨਿਗਮ ਦੇ ਮੀਟਿੰਗ ਹਾਲ ਤੋਂ ਬਾਹਰ ਆ ਗਏ | ਇਸੇ ਦੌਰਾਨ ਹੀ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਸਮੇਤ ਵੀ ਹੋਰ ਅਧਿਕਾਰੀ ਮੀਟਿੰਗ ਹਾਲ ਵਿਚੋਂ ਬਾਹਰ ਚਲੇ ਗਏ | ਚੋਣ ਤੋਂ ਪਹਿਲਾਂ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਆਪਣੇ ਦਫ਼ਤਰ ਏਕਤਾ ਭਵਨ ਵਿਚ ਕਾਂਗਰਸ ਨਾਲ ਸਬੰਧਿਤ 26 ਕੌਂਸਲਰ ਪੱਤਰਕਾਰਾਂ ਦੇ ਸਾਹਮਣੇ ਪੇਸ਼ ਕੀਤੇ ਤੇ ਬਾਅਦ ਵਿਚ ਬੱਸ ਵਿਚ ਸਵਾਰ ਹੋ ਕੇ ਰਾਣਾ ਗੁਰਜੀਤ ਸਿੰਘ ਸਮੇਤ ਸਾਰੇ ਕੌਂਸਲਰ ਨਗਰ ਨਿਗਮ ਦੇ ਦਫ਼ਤਰ ਪੁੱਜੇ | ਨਿਗਮ ਦੇ ਮੈਂਬਰਾਂ ਦੀ ਹਾਜ਼ਰੀ ਤੋਂ ਬਾਅਦ ਸਹੁੰ ਚੁੱਕਣ ਦੀ ਪ੍ਰਕਿਰਿਆ ਹੋਈ ਤੇ ਕੁੱਝ ਹੀ ਮਿੰਟਾਂ ਵਿਚ ਰੌਲੇ ਰੱਪੇ ਦੌਰਾਨ ਸੱਤਾਧਾਰੀ ਪਾਰਟੀ ਨੇ ਪਹਿਲਾਂ ਬਣਾਈ ਯੋਜਨਾ ਅਨੁਸਾਰ ਨਰਿੰਦਰ ਸਿੰਘ ਮਨਸੂ ਨੂੰ ਨਗਰ ਨਿਗਮ ਦਾ ਮੇਅਰ ਐਲਾਨ ਦਿੱਤਾ, ਜਦਕਿ ਕਾਂਗਰਸ ਨਾਲ ਸਬੰਧਿਤ 26 ਕੌਂਸਲਰ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਵਿਚ ਨਗਰ ਨਿਗਮ ਦੇ ਮੀਟਿੰਗ ਹਾਲ ਵਿਚ ਲੰਮਾ ਸਮਾਂ ਬੈਠੇ ਰਹੇ| ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਸੱਤਾਧਾਰੀ ਪਾਰਟੀ ਵਲੋਂ ਬਿਨ੍ਹਾਂ ਕਿਸੇ ਚੋਣ ਪ੍ਰਕਿਰਿਆ ਦੇ ਆਪਣੇ ਇਕ ਸਮਰਥਕ ਕੌਂਸਲਰ ਨੂੰ ਨਗਰ ਨਿਗਮ ਦਾ ਮੇਅਰ ਬਣਾਉਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣ ਮੌਕੇ ਲੋਕਤੰਤਰ ਦਾ ਘਾਣ ਕੀਤਾ ਹੈ, ਜਦਕਿ ਮੌਕੇ ‘ਤੇ ਮੌਜੂਦ ਅਧਿਕਾਰੀ ਸਭ ਕੁੱਝ ਮੂਕਦਰਸ਼ਕ ਬਣ ਕੇ ਦੇਖਦੇ ਰਹੇ | ਉਨ੍ਹਾਂ ਕਿਹਾ ਕਿ ਕਾਂਗਰਸ ਮੇਅਰ ਦੀ ਚੋਣ ਨੂੰ ਚੁਣੌਤੀ ਦੇਣ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜਾ ਖੜਕਾਏਗੀ | ਉਨ੍ਹਾਂ ਨਗਰ ਨਿਗਮ ਦੀ ਚੋਣ ਵਿਚ ਕਾਂਗਰਸ ਨੂੰ ਸ਼ਹਿਰ ਵਾਸੀਆਂ ਵਲੋਂ ਦਿੱਤੇ ਗਏ ਸਮਰਥਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਪਹਿਲਾਂ ਦੀ ਤਰ੍ਹਾਂ ਆਪਣੇ ਸਾਥੀ ਕੌਂਸਲਰਾਂ ਨਾਲ ਲੋਕ ਭਲਾਈ ਦੇ ਕੰਮਾਂ ਲਈ ਕਾਰਜਸ਼ੀਲ ਰਹਿਣਗੇ | ਨਰਿੰਦਰ ਸਿੰਘ ਮਨਸੂ ਨੂੰ ਨਗਰ ਨਿਗਮ ਦਾ ਮੇਅਰ ਐਲਾਨੇ ਜਾਣ ਤੋਂ ਬਾਅਦ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ, ਆਮ ਆਦਮੀ ਪਾਰਟੀ ਦੇ ਸੂਬਾਈ ਸੰਯੁਕਤ ਸਕੱਤਰ ਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ, ਆਮ ਆਦਮੀ ਪਾਰਟੀ ਦੇ ਵਿਰਾਸਤੀ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਢੋਟ, ਆਪ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਤੇ ਹੋਰ ਆਗੂਆਂ ਨੇ ਲੱਡੂ ਵੰਡੇ ਤੇ ਪਾਰਟੀ ਦੀ ਜਿੱਤ ਦੇ ਜਸ਼ਨ ਮਨਾਏ | ਚੋਣ ਮੌਕੇ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ ਤੇ ਸ਼ਾਲੀਮਾਰ ਬਾਗ ਦੇ ਗੇਟ ਦੇ ਬਾਹਰ ਵੱਡੀ ਗਿਣਤੀ ਵਿਚ ਤਾਇਨਾਤ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਨਗਰ ਨਿਗਮ ਦੇ ਜੇਤੂ ਕੌਂਸਲਰਾਂ ਤੋਂ ਇਲਾਵਾ ਕਾਂਗਰਸ ਤੇ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਕਿਸੇ ਵੀ ਆਗੂ ਨੂੰ ਮੀਟਿੰਗ ਵਾਲੀ ਥਾਂ ਜਾਣ ਨਹੀਂ ਦਿੱਤਾ, ਇੱਥੋਂ ਤੱਕ ਕਿ ਪੱਤਰਕਾਰਾਂ ਨੂੰ ਸ਼ਾਲੀਮਾਰ ਬਾਗ ਤੋਂ ਅੱਗੇ ਲਗਾਏ ਗਏ ਬੈਰੀਕੇਡਾਂ ‘ਤੇ ਰੋਕਿਆ ਗਿਆ | ਇੱਥੇ ਵਰਨਣਯੋਗ ਹੈ ਕਿ ਨਗਰ ਨਿਗਮ ਦੀ ਆਮ ਚੋਣ ਦੌਰਾਨ ਕਾਂਗਰਸ ਦੇ 32, ਆਮ ਆਦਮੀ ਪਾਰਟੀ ਦੇ 11, ਇਕ ਆਜ਼ਾਦ ਉਮੀਦਵਾਰ, ਅਕਾਲੀ ਦਲ ਦੇ ਤਿੰਨ ਤੇ ਭਾਜਪਾ ਦੇ ਤਿੰਨ ਕੌਂਸਲਰ ਬਣੇ ਸਨ ਤੇ ਚੋਣ ਮੌਕੇ ਸੱਤਾਧਾਰੀ ਪਾਰਟੀ ਜਿੱਤ ਲਈ ਬਣਦਾ ਬਹੁਮਤ ਪੇਸ਼ ਕਰਨ ਵਿਚ ਨਾਕਾਮ ਰਹੀ, ਜਿਸ ਨੂੰ ਮੁੱਖ ਰੱਖਦਿਆਂ ਬੀਤੀ 7 ਜੁਲਾਈ ਨੂੰ ਸੱਤਾਧਾਰੀ ਪਾਰਟੀ ਵਲੋਂ ਕਾਂਗਰਸ ਨਾਲ ਸਬੰਧਿਤ ਕੌਂਸਲਰਾਂ ਨੇਹਾ ਆਹੂਜਾ, ਜੋਤੀ ਧੀਰ ਤੇ ਪਰਵਿੰਦਰ ਸ਼ਰਮਾ ਦਾ ਸਮਰਥਨ ਹਾਸਲ ਕਰਨ ਲਈ ਉਨ੍ਹਾਂ ਨੂੰ ਡਰਾਉਣ ਧਮਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪ੍ਰੰਤੂ, ਇਹ ਤਿੰਨੇ ਕੌਂਸਲਰ ਰਾਣਾ ਗੁਰਜੀਤ ਸਿੰਘ ਦੇ ਨਾਲ ਨਗਰ ਨਿਗਮ ਦੀ ਚੋਣ ਵਿਚ ਹਿੱਸਾ ਲੈਣ ਲਈ ਸ਼ਾਮਲ ਹੋਏ |