ਮੰਡੀ ਗੋਬਿੰਦਗੜ੍ਹ, 8 ਜੁਲਾਈ (ਮੋਹਿਤ ਸਿੰਗਲਾ)-ਕੌਮੀ ਰਾਜ ਮਾਰਗਾਂ ’ਤੇ ਵੱਧ ਰਹੀ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਰਾਹਤ ਦੇਣ ਲਈ ਕੇਂਦਰ ਸਰਕਾਰ ਟੋਲ ਵਸੂਲੀ ਦੀ ਨਵੀਂ ‘ਡਾਇਨਾਮਿਕ ਪ੍ਰਾਈਸਿੰਗ’ (ਫਲੈਕਸੀ ਟੋਲ) ਪ੍ਰਣਾਲੀ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ। ਪ੍ਰਸਤਾਵਿਤ ਵਿਵਸਥਾ ਅਨੁਸਾਰ ਭੀੜ ਵਾਲੇ ਸਮੇਂ ਸਫ਼ਰ ਕਰਨ ਵਾਲੇ ਵਾਹਨ ਚਾਲਕਾਂ ਨੂੰ ਵੱਧ ਟੋਲ ਅਦਾ ਕਰਨਾ ਪਵੇਗਾ, ਜਦਕਿ ਆਮ ਸਮੇਂ ਯਾਤਰਾ ਕਰਨ ਵਾਲਿਆਂ ਨੂੰ ਰਿਆਇਤੀ ਦਰਾਂ ਦਾ ਲਾਭ ਮਿਲੇਗਾ।ਯੋਜਨਾ ਮੁਤਾਬਕ ਸਵੇਰੇ 8 ਵਜੇ ਤੋਂ 11 ਵਜੇ ਅਤੇ ਸ਼ਾਮ 5 ਵਜੇ ਤੋਂ 8 ਵਜੇ ਤੱਕ ਦਾ ਸਮਾਂ ‘ਪੀਕ ਆਵਰ’ ਮੰਨਿਆ ਜਾਵੇਗਾ। ਇਸ ਦੌਰਾਨ ਟੋਲ ਫੀਸ ਮੌਜੂਦਾ ਦਰ ਨਾਲੋਂ 20 ਫ਼ੀਸਦੀ ਵੱਧ ਵਸੂਲੀ ਜਾਵੇਗੀ। ਇਸ ਤੋਂ ਇਲਾਵਾ ਬਾਕੀ ਸਮੇਂ ਵਿੱਚ ਯਾਤਰਾ ਕਰਨ ਵਾਲੇ ਵਾਹਨ ਚਾਲਕਾਂ ਤੋਂ 20 ਫ਼ੀਸਦੀ ਘੱਟ ਟੋਲ ਲਿਆ ਜਾਵੇਗਾ।ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦਾ ਮੰਨਣਾ ਹੈ ਕਿ ਇਸ ਪ੍ਰਣਾਲੀ ਨਾਲ ਵੱਡੀ ਗਿਣਤੀ ਵਿਚ ਵਾਹਨ ਚਾਲਕ, ਖ਼ਾਸ ਕਰਕੇ ਭਾਰੀ ਵਾਹਨਾਂ ਦੇ ਸੰਚਾਲਕ, ਆਪਣੀ ਯਾਤਰਾ ਦਾ ਸਮਾਂ ਬਦਲਣਗੇ। ਅੰਦਾਜ਼ਾ ਹੈ ਕਿ ਕਰੀਬ 15 ਫ਼ੀਸਦੀ ਭਾਰੀ ਵਾਹਨ ਨਾਨ-ਪੀਕ ਸਮੇਂ ਵਿਚ ਸਫ਼ਰ ਕਰਨਗੇ, ਜਿਸ ਨਾਲ ਭੀੜ ਵਾਲੇ ਸਮੇਂ ਟ੍ਰੈਫਿਕ ਦਾ ਦਬਾਅ ਘਟੇਗਾ ਅਤੇ ਜਾਮ ਦੀ ਸਮੱਸਿਆ ਵਿਚ ਵੱਡੀ ਰਾਹਤ ਮਿਲੇਗੀ। ਮੰਤਰਾਲੇ ਦਾ ਦਾਅਵਾ ਹੈ ਕਿ ਫਲੈਕਸੀ ਟੋਲ ਪ੍ਰਣਾਲੀ ਲਾਗੂ ਹੋਣ ਨਾਲ ਕੌਮੀ ਰਾਜਮਾਰਗਾਂ ’ਤੇ ਟ੍ਰੈਫਿਕ ਦਬਾਅ ਵਿਚ ਲਗਭਗ 15 ਫ਼ੀਸਦੀ ਕਮੀ ਆ ਸਕਦੀ ਹੈ। ਇਸ ਦੇ ਨਾਲ ਹੀ ਵਾਹਨਾਂ ਦੇ ਘੱਟ ਸਮਾਂ ਜਾਮ ਵਿਚ ਫਸਣ ਕਾਰਨ ਹਰ ਸਾਲ ਕਰੀਬ 1,500 ਕਰੋੜ ਰੁਪਏ ਮੁੱਲ ਦੇ ਤੇਲ ਦੀ ਬਚਤ ਹੋਣ ਦਾ ਵੀ ਅੰਦਾਜ਼ਾ ਹੈ।ਨਵੀਂ ਪ੍ਰਣਾਲੀ ਦਾ ਪਾਇਲਟ ਪ੍ਰੋਜੈਕਟ ਇਸੇ ਸਾਲ ਬੈਂਗਲੁਰੂ-ਮੈਸੂਰ ਐਕਸਪ੍ਰੈੱਸਵੇਅ, ਪਾਣੀਪਤ-ਹਿਸਾਰ ਮਾਰਗ ਅਤੇ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਦੇ ਕੁਝ ਚੁਣੇ ਹੋਏ ਹਿੱਸਿਆਂ ’ਤੇ ਸ਼ੁਰੂ ਕੀਤਾ ਜਾਵੇਗਾ। ਜੇਕਰ ਪਾਇਲਟ ਪ੍ਰੋਜੈਕਟ ਦੇ ਨਤੀਜੇ ਸੰਤੁਸ਼ਟੀਜਨਕ ਰਹੇ ਤਾਂ ਇਸ ਨੂੰ ਪੜਾਅਵਾਰ ਢੰਗ ਨਾਲ ਦੇਸ਼ ਦੇ ਹੋਰ ਪ੍ਰਮੁੱਖ ਕੌਮੀ ਰਾਜਮਾਰਗਾਂ ’ਤੇ ਵੀ ਲਾਗੂ ਕੀਤਾ ਜਾ ਸਕਦਾ ਹੈ।