ਚੰਡੀਗੜ੍ਹ, 8 ਜੁਲਾਈ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ’ਚ ਅੱਜ 1984 ਦੇ ਕਤਲੇਆਮ ਪੀੜਤ ਪਰਿਵਾਰਾਂ ਵਲੋਂ ਕੀਤਾ ਗਿਆ ਇਕ ਵੱਡਾ ਐਲਾਨ ਕੀਤਾ ਗਿਆ। ਦੰਗਾਂ ਪੀੜਤ ਵੈਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਸੁਰਜੀਤ ਸਿੰਘ ਅਤੇ ਉਪ-ਪ੍ਰਧਾਨ ਬੀਬੀ ਗੁਰਦੀਪ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ 24 ਘੰਟਿਆਂ ਦੇ ਅੰਦਰ ਪੂਰਾ ਨਹੀਂ ਕਰਦੀ ਤਾਂ ਮਰਨ ਵਰਤ ’ਤੇ ਬੈਠੀਆਂ ਔਰਤਾਂ ਆਤਮ-ਹੱਤਿਆ ਕਰਨ ਲਈ ਮਜ਼ਬੂਰ ਹੋਣਗੀਆਂ, ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਪੰਜਾਬ ਦੀ ਹੋਵੇਗੀ। ਦੰਗਾਂ ਪੀੜਤ ਵੈਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਸਵੇਰੇ 10 ਵਜੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਮੁੱਖ ਮੰਤਰੀ ਨਾਲ ਗੱਲ ਕਰਾਉਣ ਦੀ ਗੱਲ ਕਹੀ ਸੀ, ਜਿਸ ਕਰਕੇ ਉਨ੍ਹਾਂ ਵਲੋਂ ਕੱਲ੍ਹ ਕੀਤੇ ਗਏ ਸੜਕ ਜਾਮ ਨੂੰ ਹਟਾ ਲਿਆ ਗਿਆ ਸੀ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸੁਰਜੀਤ ਸਿੰਘ ਅਤੇ ਮਰਨ ਵਰਤ ’ਤੇ ਬੈਠੀ ਬੀਬੀ ਗੁਰਦੀਪ ਕੌਰ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਦੇ ਦਫਤਰ ਤੋਂ ਜੋ ਉਨ੍ਹਾਂ ਨੂੰ ਨਾ ਪੱਖੀ ਜਵਾਬ ਦਿੱਤਾ ਗਿਆ, ਉਸ ਤੋਂ ਉਹ ਬੇਹੱਦ ਨਿਰਾਸ਼ ਹਨ। ਜ਼ਿਕਰਯੋਗ ਹੈ ਕਿ ਬੀਬੀ ਗੁਰਦੀਪ ਕੌਰ ਤੋਂ ਇਲਾਵਾ ਬੀਬੀ ਕੁਲਵੰਤ ਕੌਰ, ਬੀਬੀ ਰਣਜੀਤ ਕੌਰ, ਬੀਬੀ ਗੁਰਦੇਵ ਕੌਰ ਅਤੇ ਬੀਬੀ ਮਨਜੀਤ ਕੌਰ ਮਰਨ ਵਰਤ ’ਤੇ ਬੈਠੀਆਂ ਹੋਈਆਂ ਹਨ। ਇਸੇ ਦੌਰਾਨ ਅੱਜ ਵੱਡੀ ਗਿਣਤੀ ’ਚ ਔਰਤਾਂ ਨਾਲ ਸੁਸਾਇਟੀ ਦੇ ਹੋਰ ਆਗੂ ਰਾਣੀ ਧਾਲੀਵਾਲ, ਦਿਲਜੀਤ ਸਿੰਘ ਸੋਨੀ, ਪਰਮਿੰਦਰ ਸਿੰਘ, ਪਰਮਜੀਤ ਅਤੇ ਬਲਜੀਤ ਸਿੰਘ ਦੇ ਨਾਲ-ਨਾਲ ਗੁਰਮੀਤ ਸਿੰਘ, ਹਰਮੀਤ ਸਿੰਘ, ਸਰਦੂਲ ਅਤੇ ਸਤਨਾਮ ਆਦਿ ਨੇ ਸ਼ਮੂਲੀਅਤ ਕੀਤੀ।