ਪਾਵਰਕਾਮ ’ਚ ਵੱਡਾ ਟੈਂਡਰ ਘੁਟਾਲਾ-ਸਾਬਕਾ ਡਾਇਰੈਕਟਰ ਸਮੇਤ ਕਈ ਉੱਚ ਅਧਿਕਾਰੀ ਜਾਂਚ ਦੇ ਘੇਰੇ ’ਚ ਚਹੇਤੀ ਫ਼ਰਮ ਨੂੰ ਕਰੋੜਾਂ ਦਾ ਫ਼ਾਇਦਾ ਪਹੁੰਚਾਉਣ ਦਾ ਮਾਮਲਾ ਹੋਇਆ ਉਜਾਗਰ
ਅਜੀਤ ਡੈਸਕ
09-07-2026
ਪਟਿਆਲਾ, 8 ਜੁਲਾਈ-ਬਿਜਲੀ ਨਿਗਮ ’ਚ ਨਿਯਮਾਂ ਨੂੰ ਛਿੱਕੇ ਟੰਗ ਕੇ ਇਕ ਖ਼ਾਸ ਕੰਪਨੀ ਨੂੰ ਕਰੋੜਾਂ ਰੁਪਏ ਦਾ ਫ਼ਾਇਦਾ ਪਹੁੰਚਾਉਣ ਦੇ ਮਾਮਲੇ ’ਚ ਅਦਾਲਤ ਵਲੋਂ ਪਾਵਰਕਾਮ ਮੈਨੇਜਮੈਂਟ ਨੂੰ ਕਰਾਰਾ ਝਟਕਾ ਦਿੱਤਾ ਹੈ। ਸੂਤਰਾਂ ਅਨੁਸਾਰ ਇਹ ਮਾਮਲਾ ਆਈ.ਈ.ਸੀ. ਕਲਾਸ-ਏ. ਪਾਵਰ ਕੁਆਲਿਟੀ ਮੀਟਰਾਂ ਦੀ ਸਪਲਾਈ ਅਤੇ ਇੰਸਟਾਲੇਸ਼ਨ ਨਾਲ ਸੰਬੰਧਿਤ ਟੈਂਡਰ (ਐਮ.ਕਿਉ.ਈ.-246) ਵਿਚ ਹੋਈਆਂ ਵੱਡੀਆਂ ਬੇਨਿਯਮੀਆਂ ਦਾ ਹੈ, ਜਿਸ ਕਾਰਨ ਬਿਜਲੀ ਨਿਗਮ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਦੌਰਾਨ ਸੰਬੰਧਿਤ ਟੈਂਡਰ ਦੇ ਸਮੇਂ ਦੇ ਡਾਇਰੈਕਟਰ ਅਤੇ ਕਈ ਸੀਨੀਅਰ ਇੰਜੀਨੀਅਰ ਸਿੱਧੇ ਤੌਰ ’ਤੇ ਜਾਂਚ ਦੇ ਘੇਰੇ ’ਚ ਆ ਗਏ ਹਨ। ਅੰਦਰੂਨੀ ਸੂਤਰਾਂ ਅਨੁਸਾਰ ਇਹ ਮਾਮਲਾ ਉਕਤ ਅਧਿਕਾਰੀਆਂ ਵਲੋਂ ਤਕਨੀਕੀ ਸ਼ਰਤਾਂ ਨੂੰ ਨਜ਼ਰਅੰਦਾਜ਼ ਕਰ ਕੇ ਐਲ.ਵਨ. ਫ਼ਰਮ ’ਤੇ ਮਿਹਰਬਾਨੀ ਕਰਨ ਕਾਰਨ ਸਾਹਮਣੇ ਆਇਆ ਹੈ। ਇਸ ਟੈਂਡਰ ਪ੍ਰਕਿਰਿਆ ਦੌਰਾਨ ਨਿਯਮਾਂ ਦੀਆਂ ਧੱਜੀਆਂ ਉਡਾਉਂਦਿਆਂ ਟੈਂਡਰ ’ਚ ਸ਼ਾਮਿਲ ਕੀਤੀ ਗਈ ਐਲ.ਵਨ. ਫ਼ਰਮ ਦੇ ਮੀਟਰ ਵਿਭਾਗ ਦੀਆਂ ਲਾਜ਼ਮੀ ਤਕਨੀਕੀ ਸ਼ਰਤਾਂ ਨੂੰ ਪੂਰਾ ਕਰਦੇ ਨਹੀਂ ਸਨ, ਪਰੰਤੂ ਫਿਰ ਵੀ ਉਸ ਸਮੇਂ ਦੇ ਡਾਇਰੈਕਟਰ ਅਤੇ ਅਧਿਕਾਰੀਆਂ ਵਲੋਂ ਇਸ ਫ਼ਰਮ ਨੂੰ ਕਥਿਤ ਤੌਰ ’ਤੇ ਫ਼ਾਇਦਾ ਪਹੁੰਚਾਉਣ ਦੀ ਗੱਲ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਟੈਂਡਰ ਖੁੱਲ੍ਹਣ ਦੀ ਮਿਤੀ 28 ਅਪ੍ਰੈਲ 2025 ਤੈਅ ਕੀਤੀ ਗਈ ਸੀ, ਪਰੰਤੂ ਮਿਥੇ ਸਮੇਂ ਤੋਂ ਪਹਿਲਾਂ ਹੀ 4 ਅਪ੍ਰੈਲ 2025 ਨੂੰ ਤੱਤਕਾਲੀ ਚੀਫ਼ ਇੰਜ. ਮੀਟਰਿੰਗ ਇੰਜੀਨੀਅਰ ਜੇ.ਐਸ. ਜੰਮੂ ਵਲੋਂ ਵਿਸ਼ੇਸ਼ ਪ੍ਰਸਤਾਵ ਪੇਸ਼ ਕੀਤਾ ਗਿਆ, ਜਿਸ ਨੂੰ ਉਸ ਸਮੇਂ ਦੇ ਡਾਇਰੈਕਟਰ ਜਨਰੇਸ਼ਨ ਇੰਜ. ਹਰਜੀਤ ਸਿੰਘ ਦੀ ਅਗਵਾਈ ਵਾਲੀ ਕਮੇਟੀ ਵਲੋਂ ਤੁਰੰਤ ਮਨਜ਼ੂਰੀ ਦੇ ਦਿੱਤੀ ਗਈ। ਉਪਰੰਤ ਟੈਂਡਰ ਜਮਾਂ ਕਰਵਾਉਣ ਦੀ ਆਖ਼ਰੀ ਤਾਰੀਖ਼ ਲੰਘਣ ਤੋਂ ਬਾਅਦ ਵੀ ਮਿਥੀ ਫ਼ਰਮ ਨੂੰ ਟਾਈਪ ਟੈੱਸਟ ਰਿਪੋਰਟਾਂ ਜਮ੍ਹਾਂ ਕਰਵਾਉਣ ਦੀ ਵੀ ਖੁੱਲ੍ਹ ਦਿੱਤੀ ਗਈ ਹੈ। ਉਪਰੰਤ ਮਾਮਲੇ ’ਚ ਵੱਡੀ ਲਾਪਰਵਾਹੀ ਉਦੋਂ ਸਾਹਮਣੇ ਆਈ ਜਦੋਂ 8 ਮਈ, 2025 ਨੂੰ ਗਠਿਤ ਕੀਤੀ ਹਾਈਲੈਵਲ ਡਾਟਾ ਅਸੈਸਮੈਂਟ ਕਮੇਟੀ ਨੇ 9 ਸਤੰਬਰ 2025 ਨੂੰ ਆਪਣੀ ਰਿਪੋਰਟ ਸੌਂਪੀ, ਜਿਸ ਵਿਚ ਬਿਜਲੀ ਨਿਗਮ ਦੇ ਸ਼ਾਮਿਲ ਉੱਚ ਅਧਿਕਾਰੀਆਂ ਇੰਜ. ਪਵਨ ਕੁਮਾਰ (ਵਧੀਕ ਚੀਫ਼ ਇੰਜ. ਇਨਫੋਰਸਮੈਂਟ), ਇੰਜ. ਜਸਪਾਲ ਸਿੰਘ (ਏ.ਐਸ.ਈ./ਡੀ.ਐਸ. ਈਸਟ ਡਵੀਜ਼ਨ), ਇੰਜ. ਰਵੀ ਕੁਮਾਰ (ਏ.ਐਸ.ਈ./ਟੈਕਨੀਕਲ ਆਡਿਟ-2), ਇੰਜ. ਗੁਰਪ੍ਰੀਤ ਸਿੰਘ ਪੁਰੇਵਾਲ (ਏ.ਐਸ.ਈ./ਐਮ.ਈ.) ਇਨ੍ਹਾਂ ਸਾਰੇ ਮਾਹਿਰਾਂ ਵਲੋਂ ਉਕਤ ਮੀਟਰਾਂ ’ਤੇ ਗੰਭੀਰ ਤਕਨੀਕੀ ਇਤਰਾਜ਼ ਉਠਾਏ ਗਏ ਸਨ, ਪਰੰਤੂ ਫਿਰ ਵੀ ਉਸ ਸਮੇਂ ਤਾਇਨਾਤ ਉੱਚ ਅਧਿਕਾਰੀਆਂ ਵਲੋਂ 23 ਸਤੰਬਰ, 2025 ਨੂੰ ਮੀਟਰਾਂ ਦੀ ਮੁੜ ਟੈਸਟਿੰਗ ਦੀ ਕਥਿਤ ਗ਼ੈਰ-ਕਾਨੂੰਨੀ ਜਾਂਚ ਦੇ ਦਿੱਤੀ ਅਤੇ 3 ਅਕਤੂਬਰ ਨੂੰ ਜਿਸ ਨਾਲ ਮੈਸਰਜ਼ ਜੇ.ਵੀ. ਸੇਲਜ਼ ਫ਼ਰਮ ਦੀ ਪ੍ਰਾਈਸ ਬਿਡ ਖੁੱਲ੍ਹਣ ਦਾ ਰਸਤਾ ਸਾਫ਼ ਹੋ ਗਿਆ ਹੈ। ਉਕਤ ਪ੍ਰਕਿਰਿਆ ਦੌਰਾਨ ਚੀਫ਼ ਇੰਜੀਨੀਅਰ ਇੰਜ. ਜਤਿੰਦਰ ਐਸ. ਜੰਮੂ ਮੀਟਰਿੰਗ ਵਿਭਾਗ ਦੀ ਅਗਵਾਈ ਕਰ ਰਹੇ ਸਨ। ਹੁਣ ਦੇਖਣਾ ਇਹ ਹੋਵੇਗਾ ਕਿ ਬਿਜਲੀ ਨਿਗਮ ਵਿਚ ਹੋਏ ਟੈਂਡਰ ਘੁਟਾਲੇ ਦੇ ਮਾਮਲੇ ਦੀ ਤਫ਼ਤੀਸ਼ ਦੌਰਾਨ ਹੋਰ ਕੀ-ਕੀ ਤੱਥ ਸਾਹਮਣੇ ਆਉਣਗੇ ਅਤੇ ਕਿਹੜੇ ਅਧਿਕਾਰੀ ਇਸ ਦੇ ਅਸਲ ਜ਼ਿੰਮੇਵਾਰ ਸਾਬਤ ਹੋਣਗੇ।