ਚੰਡੀਗੜ੍ਹ, 8 ਜੁਲਾਈ (ਪ੍ਰੋ. ਅਵਤਾਰ ਸਿੰਘ)-ਪੰਜਾਬ ਕਾਂਗਰਸ ’ਚ ਸੰਗਠਨ ਪੁਨਰਗਠਨ ਅਤੇ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਚੱਲ ਰਹੀਆਂ ਸਿਆਸੀ ਸਰਗਰਮੀਆਂ ਦਰਮਿਆਨ ਪਾਰਟੀ ਆਗੂਆਂ ਦੀ ‘ਡਿਨਰ ਡਿਪਲੋਮੇਸੀ’ ਲਗਾਤਾਰ ਜਾਰੀ ਹੈ। ਬੁੱਧਵਾਰ ਰਾਤ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਰਾਤ ਦੇ ਖਾਣੇ ਵਿਚ ਪੰਜਾਬ ਕਾਂਗਰਸ ਦੇ ਕਈ ਸੀਨੀਅਰ ਆਗੂ ਇਕੱਠੇ ਹੋਏ। ਇਸ ਇਕੱਠ ਨੂੰ ਪਾਰਟੀ ਦੇ ਅੰਦਰ ਚੱਲ ਰਹੀਆਂ ਸਿਆਸੀ ਚਰਚਾਵਾਂ ਅਤੇ ਭਵਿੱਖੀ ਰਣਨੀਤੀ ਦੇ ਪ੍ਰਸੰਗ ਵਿਚ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।ਡਿਨਰ ਦੌਰਾਨ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ, ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਮੰਤਰੀ ਰਹੇ ਰਾਣਾ ਕੇਪੀ ਸਿੰਘ, ਸਾਬਕਾ ਮੰਤਰੀ ਮਹਿੰਦਰ ਸਿੰਘ ਰਿਨਵਾ, ਸਾਬਕਾ ਮੰਤਰੀ ਹੰਸਰਾਜ ਜੋਸਨ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਮੌਜੂਦਾ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ, ਕਾਂਗਰਸ ਪਾਰਟੀ ਦੇ ਸੂਬਾ ਜਨਰਲ ਸਕੱਤਰ (ਸੰਗਠਨ) ਕੈਪਟਨ ਸੰਦੀਪ ਸੰਧੂ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਸੰਸਦ ਮੈਂਬਰ ਡਾ ਅਮਰ ਸਿੰਘ, ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਸਾਬਕਾ ਵਿਧਾਇਕ ਕਾਕਾ ਰਜਿੰਦਰ ਸਿੰਘ, ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਸਮੇਤ ਕਈ ਸੀਨੀਅਰ ਆਗੂ ਮੌਜੂਦ ਰਹੇ। ਭਾਵੇਂ ਇਸ ਨੂੰ ਗੈਰ-ਰਸਮੀ ਮਿਲਣੀ ਦੱਸਿਆ ਗਿਆ ਪਰ ਸਿਆਸੀ ਹਲਕਿਆਂ ’ਚ ਇਸ ਮੀਟਿੰਗ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ ਹਨ।ਜ਼ਿਕਰਯੋਗ ਹੈ ਕਿ ਇਸ ਤੋਂ ਬੀਤੇ ਦਿਨੀਂ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਦੇ ਨਿਵਾਸ ’ਤੇ ਵੀ ਰਾਜਾ ਵੜਿੰਗ ਦੇ ਕਰੀਬੀ ਮੰਨੇ ਜਾਂਦੇ ਕਾਂਗਰਸੀ ਆਗੂ ਰਾਤ ਦੇ ਖਾਣੇ ’ਤੇ ਇੱਕਠੇ ਹੋਏ ਸੀ। ਉਸ ਮੌਕੇ ਵੀ ਪਾਰਟੀ ਦੀ ਮੌਜੂਦਾ ਸਥਿਤੀ, ਸੰਗਠਨਕ ਮਜ਼ਬੂਤੀ ਅਤੇ ਭਵਿੱਖੀ ਸਿਆਸੀ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਹੋਣ ਦੀ ਚਰਚਾ ਰਹੀ। ਹੁਣ ਬਲਬੀਰ ਸਿੰਘ ਸਿੱਧੂ ਵਲੋਂ ਦਿੱਤੇ ਡਿਨਰ ਨੇ ਇਨ੍ਹਾਂ ਸਿਆਸੀ ਮੁਲਾਕਾਤਾਂ ਦੀ ਲੜੀ ਨੂੰ ਹੋਰ ਅੱਗੇ ਵਧਾ ਦਿੱਤਾ ਹੈ।ਪੰਜਾਬ ਕਾਂਗਰਸ ’ਚ ਸੰਗਠਨ ਨੂੰ ਮਜ਼ਬੂਤ ਕਰਨ, ਧੜੇਬੰਦੀ ਨੂੰ ਘਟਾਉਣ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਇਕਜੁੱਟ ਰਣਨੀਤੀ ਤਿਆਰ ਕਰਨ ਦੇ ਮੱਦੇਨਜ਼ਰ ਅਜਿਹੀਆਂ ਗੈਰ-ਰਸਮੀ ਮੀਟਿੰਗਾਂ ਦਾ ਦੌਰ ਤੇਜ਼ ਹੋਇਆ ਹੈ। ਪਾਰਟੀ ਹਾਈਕਮਾਨ ਵੀ ਸੂਬਾ ਇਕਾਈ ਵਿਚ ਏਕਤਾ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਕਾਂਗਰਸ ਨੂੰ ਮਜ਼ਬੂਤ ਬਦਲ ਵਜੋਂ ਪੇਸ਼ ਕੀਤਾ ਜਾ ਸਕੇ। ਹਾਲਾਂਕਿ, ਡਿਨਰ ਦੌਰਾਨ ਹੋਈ ਗੱਲਬਾਤ ਬਾਰੇ ਕਿਸੇ ਆਗੂ ਵਲੋਂ ਅਧਿਕਾਰਤ ਤੌਰ ’ਤੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪਰ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਦੀ ਸੰਗਠਨਕ ਬਣਤਰ, ਵੱਖ-ਵੱਖ ਜ਼ਿਲ੍ਹਿਆਂ ਦੀ ਸਿਆਸੀ ਸਥਿਤੀ, ਆਉਣ ਵਾਲੀਆਂ ਚੋਣਾਂ ਦੀ ਤਿਆਰੀ ਅਤੇ ਹਾਈਕਮਾਨ ਦੇ ਸੰਦੇਸ਼ ਸਮੇਤ ਕਈ ਮਹੱਤਵਪੂਰਨ ਮੁੱਦਿਆਂ ’ਤੇ ਚਰਚਾ ਹੋਈ।