ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਈ-20 ਗ੍ਰੀਨ ਫਿਊਲਜ਼ ’ਚ ਖੇਤੀ ਵਾਲੀ ਯੂਰੀਆ ਦੀ ਸਨਅਤੀ ਵਰਤੋਂ ਦਾ ਮਾਮਲਾ, ਕੇਸ ਦਰਜ

Ad Position 21
No active advertisement
ਅਜੀਤ ਡੈਸਕ 10-07-2026

*6 ਖੇਤੀ ਵਾਲੀ ਯੂਰੀਆ ਦੇ ਥੈਲੇ ਬਰਾਮਦ, ਹੋਰ 757 ਥੈਲੇ ਵੀ ਸ਼ੱਕ ਦੇ ਘੇਰੇ ’ਚ * ਨੀਮ ਤੇਲ ਕੋਟਿੰਗ ਦੀ ਮਹਿਕ ਨੇ ਖੋਲ੍ਹਿਆ ਰਾਜ
ਡੱਬਵਾਲੀ, 9 ਜੁਲਾਈ (ਇਕਬਾਲ ਸਿੰਘ ਸ਼ਾਂਤ)-ਪਿਲੂੰਡ ਪੰਨੀਵਾਲਾ ਰੁਲਦੂ ਵਿਖੇ ਸਥਿਤ ਕਰੀਬ ਦੋ ਸੌ ਕਰੋੜ ਰੁਪਏ ਦੀ ਲਾਗਤ ਵਾਲੀ ਈ-20 ਗ੍ਰੀਨ ਫਿਊਲਜ਼ ਪ੍ਰਾਈਵੇਟ ਲਿਮਿਟਡ ਵਿਚ ਖੇਤੀ ਲਈ ਵਰਤੀ ਜਾਣ ਵਾਲੀ ਯੂਰੀਆ ਦੇ ਕਥਿਤ ਸਨਅਤੀ ਵਰਤੋਂ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਫੈਕਟਰੀ ਭਾਰਤ ਸਰਕਾਰ ਦੀਆਂ ਪੈਟਰੋਲੀਅਮ ਕੰਪਨੀਆਂ ਨੂੰ ਈਥਾਨੌਲ ਸਪਲਾਈ ਕਰਦੀ ਹੈ। ਖੇਤੀਬਾੜੀ ਵਿਭਾਗ ਹਰਿਆਣਾ ਦੀ ਜਾਂਚ ਮਗਰੋਂ ਸਦਰ ਥਾਣਾ ਪੁਲਿਸ ਨੇ ਈ-20 ਫੈਕਟਰੀ ਅਤੇ ਦਿੱਲੀ ਦੀ ਸਪਲਾਇਰ ਫਰਮ ਸ਼ੁਭਮ ਇੰਟਰਨੈਸ਼ਨਲ (ਬੁਰਾੜੀ) ਖ਼ਿਲਾਫ਼ ਧੋਖਾਦੇਹੀ, ਜ਼ਰੂਰੀ ਵਸਤਾਂ ਐਕਟ ਅਤੇ ਫਰਟੀਲਾਈਜ਼ਰ ਕੰਟਰੋਲ ਆਰਡਰ ਤਹਿਤ ਮੁਕੱਦਮਾ ਦਰਜ ਕੀਤਾ ਹੈ। ਖੇਤੀਬਾੜੀ ਵਿਭਾਗ ਦੀ ਪੜਤਾਲ ਟੀਮ ਨੇ ਫੈਕਟਰੀ ’ਚੋਂ ਯੂਰੀਆ ਦੇ ਕੁੱਲ 763 ਥੈਲੇ ਬਰਾਮਦ ਕੀਤੇ। ਇਨ੍ਹਾਂ ’ਚ ‘ਐਗਰੀਕਲਚਰ ਗ੍ਰੇਡ’ ਵਾਲੇ ਇੰਡੀਅਨ ਪੋਟਾਸ਼ ਲਿਮਿਟਡ ਦੇ 6 ਪੀਲੇ ਥੈਲੇ (45 ਕਿੱਲੋ) ਮਿਲੇ। ਬਾਕੀ 757 ਥੈਲੇ (50 ਕਿੱਲੋ) ਵੀ ਸ਼ੱਕ ਦੇ ਘੇਰੇ ’ਚ ਹਨ, ਉਨ੍ਹਾਂ ’ਤੇ ਬੈਚ ਨੰਬਰ, ਤਿਆਰੀ ਮਿਤੀ ਅਤੇ ਨਿਰਮਾਤਾ ਕੰਪਨੀ ਵਰਗੀ ਲੋੜੀਂਦੀ ਜਾਣਕਾਰੀ ਗਾਇਬ ਸੀ। ਵਿਭਾਗ ਨੇ ਸ਼ੱਕੀ ਖਾਦ ਦੇ 10 ਸੈਂਪਲ ਵੀ ਭਰੇ ਹਨ। ਦੋਸ਼ ਹੈ ਕਿ ਫੈਕਟਰੀ ਵਿਚ ਕਮਰਸ਼ੀਅਲ ਕੰਮ ਲਈ ਕਿਸਾਨਾਂ ਨੂੰ ਮਿਲਣ ਵਾਲੀ ਸਸਤੀ ਸਬਸਿਡੀ ਵਾਲੀ ਖੇਤੀ ਯੂਰੀਆ ਵਰਤੀ ਜਾ ਰਹੀ ਸੀ। 757 ਥੈਲੇ ਬਿਨਾਂ ਪਛਾਣ ਵਾਲੇ ਮਿਲਣ ਕਾਰਨ ਖਰੀਦ ਅਤੇ ਸਪਲਾਈ ਨਾਲ ਜੁੜੇ ਕਾਗਜ਼ ਵੀ ਸਵਾਲਾਂ ਦੇ ਘੇਰੇ ’ਚ ਆ ਗਏ ਹਨ। ਐਫ.ਆਈ.ਆਰ. ਮੁਤਾਬਕ ਫੈਕਟਰੀ ਦੇ ਖਰੀਦ ਆਰਡਰ ਵਿਚ ਮਾਲ ਦਾ ਨਾਂਅ ਲੁਕਾਉਣ ਲਈ ‘ਆਰਗੈਨਿਕ ਕੰਪੋਸਟ’ ਲਿਖਿਆ ਗਿਆ ਸੀ, ਜਦਕਿ ਸਪਲਾਇਰ ਦੇ ਬਿੱਲਾਂ ਵਿਚ ਉਸੇ ਮਾਲ ਨੂੰ ‘ਟੈਕਨੀਕਲ ਗ੍ਰੇਡ ਯੂਰੀਆ’ ਦਰਸਾਇਆ ਗਿਆ। ਇਸ ਨਾਲ ਪੂਰੇ ਖਰੀਦ ਰਿਕਾਰਡ ’ਤੇ ਵੱਡਾ ਸ਼ੱਕ ਪੈਦਾ ਹੋ ਗਿਆ ਹੈ। ਇਹ ਮਾਮਲਾ ਭਾਰਤੀ ਕਿਸਾਨ ਏਕਤਾ (ਬੀ.ਕੇ.ਈ.) ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਔਲਖ ਦੀ ਸ਼ਿਕਾਇਤ ਤੋਂ ਬਾਅਦ ਸਾਹਮਣੇ ਆਇਆ। ਸਿਰਸਾ ਦੇ ਡਿਪਟੀ ਡਾਇਰੈਕਟਰ ਖੇਤੀਬਾੜੀ ਵਿਭਾਗ ਵਲੋਂ ਗਠਿਤ ਕਮੇਟੀ ਵਿਚ ਉਪ ਮੰਡਲ ਖੇਤੀ ਅਫਸਰ ਅਮਿਤ ਸ਼ਰਮਾ, ਸਹਾਇਕ ਪੌਦਾ ਸੁਰੱਖਿਆ ਅਫਸਰ ਵਿਜੇਂਦਰ ਪਾਲ, ਇੰਸਪੈਕਟਰ ਅਮਿਤ ਕੁਮਾਰ ਅਤੇ ਕਿਸਾਨ ਆਗੂ ਵੀ ਸ਼ਾਮਿਲ ਸਨ। ਪੜਤਾਲ ਦੌਰਾਨ ਖੇਤੀ ਅਧਿਕਾਰੀਆਂ ਨੂੰ ਯੂਰੀਆ ਥੈਲਿਆਂ ਵਿਚੋਂ ਨੀਮ ਦੀ ਮਹਿਕ ਆਈ। ਸਰਕਾਰ ਸਬਸਿਡੀ ਵਾਲੀ ਯੂਰੀਆ ਦੀ ਪਛਾਣ ਲਈ ਉਸ ’ਤੇ ਨੀਮ ਤੇਲ ਦੀ ਪਰਤ ਕਰਦੀ ਹੈ। ਇਸ ਤੋਂ ਬਾਕੀ ਥੈਲਿਆਂ ’ਚ ਵੀ ਖੇਤੀ ਵਾਲੀ ਯੂਰੀਆ ਹੋਣ ਬਾਰੇ ਪੜਤਾਲ ਟੀਮ ਦਾ ਸ਼ੱਕ ਹੋਰ ਡੂੰਘਾ ਹੋ ਗਿਆ। ਥਾਣਾ ਸਦਰ ਦੇ ਮੁਖੀ ਅਨਿਲ ਕੁਮਾਰ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੀ ਸ਼ਿਕਾਇਤ ’ਤੇ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਸਾਰਾ ਕੰਮ ਪਾਰਦਰਸ਼ੀ, ਦੋਸ਼ ਝੂਠੇ-ਹੈਰੀ ਗਰੋਵਰ
ਦੂਜੇ ਪਾਸੇ, ਈ-20 ਗ੍ਰੀਨ ਫਿਊਲਜ਼ ਦੇ ਸੀ.ਈ.ਓ. ਹੈਰੀ ਗਰੋਵਰ ਨੇ ਕਿਹਾ ਕਿ ਉਹ ਇਸ ਵੇਲੇ ਵਿਦੇਸ਼ ਵਿਚ ਹਨ। ਇਹ ਇਕ ਵੱਡਾ ਪ੍ਰੋਜੈਕਟ ਹੈ ਅਤੇ ਫੈਕਟਰੀ ਦਾ ਸਾਰਾ ਕੰਮ ਪਾਰਦਰਸ਼ੀ ਢੰਗ ਨਾਲ ਕੀਤਾ ਜਾਂਦਾ ਹੈ। ਇੰਨੇ ਛੋਟੇ ਪੱਧਰ ’ਤੇ ਖਾਦ ਆਦਿ ਰਾਹੀਂ ਬਚਤ ਕਰਨ ਦੀ ਕੋਈ ਵਜ੍ਹਾ ਨਹੀਂ ਬਣਦੀ। ਇਹ ਸਾਰੇ ਦੋਸ਼ ਝੂਠੇ ਹਨ।
7.5 ਗੁਣਾ ਮੁਨਾਫੇ ਦਾ ਖੇਡ, ਰੇਟਾਂ ’ਚ ਵੱਡਾ ਫ਼ਰਕ
ਖੇਤੀਬਾੜੀ ਵਿਭਾਗ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਫੈਕਟਰੀ ਵਿਚ ਈਥਾਨੌਲ ਉਤਪਾਦਨ ਦੌਰਾਨ ਮਸ਼ੀਨਾਂ ਨੂੰ ਠੰਢਾ ਰੱਖਣ ਲਈ ਰੋਜ਼ ਕਰੀਬ 10 ਤੋਂ 12 ਬੈਗ ਯੂਰੀਆ ਦੀ ਲੋੜ ਪੈਂਦੀ ਹੈ। ਕਿਸਾਨਾਂ ਨੂੰ ਮਿਲਣ ਵਾਲੀ ਸਬਸਿਡੀ ਵਾਲੀ ਖੇਤੀ ਯੂਰੀਆ ਦਾ ਇਕ ਥੈਲਾ ਕਰੀਬ 266.50 ਰੁਪਏ ਵਿਚ ਮਿਲਦਾ ਹੈ, ਜਦਕਿ ਫੈਕਟਰੀਆਂ ਵਿਚ ਵਰਤੀ ਜਾਣ ਵਾਲੀ ਟੈਕਨੀਕਲ ਗ੍ਰੇਡ ਯੂਰੀਆ ਦੇ ਪ੍ਰਤੀ ਥੈਲਾ ਕੀਮਤ ਕਰੀਬ 2 ਹਜ਼ਾਰ ਰੁਪਏ ਦੱਸੀ ਜਾਂਦੀ ਹੈ। ਭਾਅ ’ਚ ਕਰੀਬ 7.5 ਗੁਣਾ ਫਰਕ ਹੀ ਖੇਡ ਦਾ ਮੁੱਖ ਕਾਰਨ ਦੱਸਿਆ ਜਾਂਦਾ ਹੈ।
ਕੇਂਦਰੀ ਏਜੰਸੀ ਤੋਂ ਜਾਂਚ ਦੀ ਮੰਗ
ਬੀ.ਕੇ.ਈ. ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਸਬਸਿਡੀ ਵਾਲੀ ਯੂਰੀਆ ਦੀ ਸਨਅਤੀ ਵਰਤੋਂ ਨਾਲ ਕਿਸਾਨਾਂ ਨੂੰ ਖਾਦ ਮਿਲਣ ਵਿਚ ਮੁਸ਼ਕਲ ਆ ਰਹੀ ਹੈ ਅਤੇ ਸਰਕਾਰੀ ਸਬਸਿਡੀ ਦੀ ਦੁਰਵਰਤੋਂ ਹੋ ਰਹੀ ਹੈ। ਉਨ੍ਹਾਂ ਕਈ ਸੂਬਿਆਂ ’ਚ ਫੈਲੇ ਯੂਰੀਆ ਖਾਦ ਘਪਲੇ ਦੀ ਕੇਂਦਰੀ ਜਾਂਚ ਏਜੰਸੀ ਤੋਂ ਜਾਂਚ ਦੀ ਮੰਗ ਕੀਤੀ।

Ad Position 22
No active advertisement
ਪਿਛਲੀ ਖ਼ਬਰ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਮੰਗ ਨੂੰ ਲੈ ਕੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਅਰਦਾਸ ਅਗਲੀ ਖ਼ਬਰ ਪਿੰਡ ਸੂਦਾ ਦੇ ਰੇਲਵੇ ਫਾਟਕ ਦੀ ਚੱਲ ਰਹੀ ਮੁਰੰਮਤ, ਰਸਤਾ ਹੋਇਆ ਬੰਦ
Ad Position 24
No active advertisement