ਜਲੰਧਰ, 15 ਜੁਲਾਈ (ਜਤਿੰਦਰ ਪੰਮੀ)-ਸੂਬੇ ’ਚ ਲਗਾਤਾਰ ਡੂੰਘੇ ਹੁੰਦੇ ਜਾ ਰਹੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਘਟਾਉਣ ਦੇ ਮੱਦੇਨਜ਼ਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ 15 ਮਈ ਤੋਂ 30 ਜੂਨ ਤੱਕ ਝੋਨੇ ਦੀ ਸਿੱਧੀ ਬਿਜਾਈ ਲਈ 5 ਲੱਖ ਏਕੜ ਦਾ ਰਕਬਾ ਨਿਰਧਾਰਤ ਕੀਤਾ ਗਿਆ ਸੀ। ਕਿਸਾਨਾਂ ਵਲੋਂ ਵਿਭਾਗ ਦੇ ਪੋਰਟਲ ’ਤੇ ਇਸ ਦੀ ਰਜਿਸਟ੍ਰੇਸ਼ਨ ਕਰਨ ਦਾ ਸਮਾਂ 10 ਜੁਲਾਈ ਤੱਕ ਮਿਥਿਆ ਗਿਆ ਸੀ। ਜਾਣਕਾਰੀ ਮੁਤਾਬਕ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਵੱਲ ਕਿਸਾਨਾਂ ਦਾ ਰੁਝਾਨ ਵਧਿਆ ਹੈ ਅਤੇ ਪੋਰਟਲ ’ਤੇ ਸੂਬੇ ਦੇ 31,478 ਕਿਸਾਨਾਂ ਨੇ 4,00433.26 ਏਕੜ ਰਕਬੇ ਦੀ ਰਜਿਸਟ੍ਰੇਸ਼ਨ ਕੀਤੀ ਹੈ, ਜੋ ਕਿ ਨਿਰਧਾਰਤ ਰਕਬੇ ਦਾ 80 ਫ਼ੀਸਦੀ ਬਣਦਾ ਹੈ। ਦੱਸਣਯੋਗ ਹੈ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਸਾਲ 2020 ’ਚ ਝੋਨੇ ਦੀ ਸਿੱਧੀ ਬਿਜਾਈ (ਡੀ. ਐੱਸ. ਆਰ.) ਕਰਵਾਉਣੀ ਸ਼ੁਰੂ ਕੀਤੀ ਗਈ ਸੀ। ਵਿਭਾਗ ਪਿਛਲੇ 5 ਸਾਲਾਂ ਤੋਂ ਲਗਾਤਾਰ ਪੰਜਾਬ ਦੇ ਕਿਸਾਨਾਂ ਨੂੰ ਕੱਦੂ ਵਾਲੀ ਰਵਾਇਤੀ ਵਿਧੀ ਦੀ ਬਜਾਏ ਖੇਤਾਂ ਨੂੰ ਵੱਤਰ ਕਰਕੇ ਕਣਕ ਵਾਂਗ ਮਸ਼ੀਨ ਰਾਹੀਂ ਸਿੱਧੀ ਬਿਜਾਈ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਬੇਸ਼ੱਕ ਪਿਛਲੇ ਸਾਲਾਂ ਦੌਰਾਨ ਵਿਭਾਗ ਵਲੋਂ ਨਿਰਧਾਰਤ 5 ਲੱਖ ਏਕੜ ਦਾ ਟੀਚਾ ਪੂਰਾ ਨਹੀਂ ਹੋ ਰਿਹਾ ਪਰ ਜੇਕਰ ਪਿਛਲੇ ਸਾਲਾਂ ਦੇ ਅੰਕੜਿਆਂ ’ਤੇ ਝਾਤ ਮਾਰੀਏ ਤਾਂ ਹਰੇਕ ਸਾਲ ਰਕਬੇ ’ਚ ਵਾਧਾ ਹੋ ਰਿਹਾ ਹੈ, ਕਿਉਂਕਿ ਸੂਝਵਾਨ ਕਿਸਾਨ ਪਾਣੀ ਦੀ ਘਾਟ ਨੂੰ ਦੇਖਦੇ ਹੋਏ ਝੋਨੇ ਦੀ ਸਿੱਧੀ ਬਿਜਾਈ ਵੱਲ ਆ ਰਹੇ ਹਨ। ਇਸ ਸੰਬੰਧੀ ਗੱਲਬਾਤ ਕਰਦਿਆਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡੀ. ਐੱਸ. ਆਰ. ਨੋਡਲ ਅਫ਼ਸਰ ਜੇ. ਡੀ. ਏ. ਨਰਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਪਿਛਲੇ ਸਾਲ ਸੂਬੇ ਦੇ 23,410 ਕਿਸਾਨਾਂ ਨੇ 2,35,899 ਏਕੜ ਰਕਬੇ ’ਚ ਝੋਨੇ ਦੀ ਬਿਜਾਈ ਕੀਤੀ ਸੀ, ਜਿਨ੍ਹਾਂ ਨੂੰ ਸਰਕਾਰ ਵਲੋਂ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ 35.38 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿਚ ਪਾਈ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਵਿਧੀ ਰਾਹੀਂ ਝੋਨੇ ਦੀ ਬਿਜਾਈ ਕਰਨ ਨਾਲ ਜਿੱਥੇ ਪਾਣੀ ਦੀ ਬੱਚਤ ਹੁੰਦੀ ਹੈ, ਉਥੇ ਹੀ ਝਾੜ ਰਿਵਾਇਤੀ ਬਿਜਾਈ ਰਾਹੀਂ ਬੀਜੇ ਝੋਨੇ ਦੇ ਬਰਾਬਰ ਹੀ ਹੁੰਦਾ ਹੈ। ਪੰਜਾਬ ਸਰਕਾਰ ਨੇ 2026-27 ਦੇ ਸੀਜ਼ਨ ਲਈ 40 ਕਰੋੜ ਰੁਪਏ ਦਾ ਬਜਟ ਰੱਖਿਆ ਹੈ।
ਮਾਲਵੇ ਦੀ ਨਰਮਾ ਪੱਟੀ ਦੇ ਕਿਸਾਨਾਂ ’ਚ ਵਧੇਰੇ ਉਤਸ਼ਾਹ
ਖੇਤੀਬਾੜੀ ਵਿਭਾਗ ਦੇ ਅੰਕੜਿਆਂ ਮੁਤਾਬਕ ਮਾਲਵੇ ਦੇ ਚਾਰ ਜ਼ਿਲ੍ਹਿਆਂ, ਜਿਹੜੇ ਪਹਿਲਾਂ ਨਰਮਾ ਪੱਟੀ ਵਜੋਂ ਮਸ਼ਹੂਰ ਸਨ, ਦੇ ਕਿਸਾਨਾਂ ਨੇ ਪਿਛਲੇ ਸਾਲਾਂ ਦੌਰਾਨ ਨਰਮੇ ਦੀ ਫਸਲ ਘਾਟੇਵੰਦੀ ਰਹਿਣ ਕਾਰਨ ਝੋਨੇ ਦੀ ਸਿੱਧੀ ਬਿਜਾਈ ਵੱਲ ਰੁਖ਼ ਕਰ ਲਿਆ ਹੈ। ਨਰਮਾ ਪੱਟੀ ’ਚ ਪੈਂਦੇ ਜ਼ਿਲ੍ਹਾ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ ਤੇ ਬਠਿੰਡਾ ’ਚ ਕ੍ਰਮਵਾਰ ਕਿਸਾਨਾਂ ਨੇ 1,55,422.77, 1,06,038.81, 38,088.59 ਅਤੇ 18429.87 ਏਕੜ ਰਕਬੇ ’ਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ।
ਸੂਬੇ ’ਚ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਨੂੰ ਮਿਲਿਆ ਵਧੀਆ ਹੁੰਗਾਰਾ, ਨਿਰਧਾਰਤ ਰਕਬੇ ਦਾ 80 ਫ਼ੀਸਦੀ ਟੀਚਾ ਪੂਰਾ
ਅਜੀਤ ਡੈਸਕ
16-07-2026