ਹਿਮਾਚਲ ਪ੍ਰਦੇਸ਼ ਦੇ ਲੋਕ ਨਿਰਮਾਣ ਮੰਤਰੀ ਟਿੱਕਾ ਵਿਕਰਮਾਦਿਤਿਆ ਸਿੰਘ ਦੀ ਸੱਸ ਮੈਡਮ ਉਪਿੰਦਰ ਸੇਖੋਂ (65) ਸੁਰਖੀਆਂ 'ਚ ਹੈ। ਇਹ ਮੰਨਣਾ ਵੀ ਪਵੇਗਾ ਕਿ ਉਪਿੰਦਰ ਸੇਖੋਂ ਬਹੁਤ ਹਿੰਮਤੀ ਹੈ। 2000 'ਚ ਉਸ ਦਾ ਅਮਰੀਕਾ 'ਚ ਆਪਰੇਸ਼ਨ ਹੋਇਆ ਅਤੇ ਉਪਿੰਦਰ ਨੇ ਬਰੇਨ ਟਿਊਮਰ ਨੂੰ ਭਾਂਜ ਦਿੱਤੀ। ਸਕੂਲ ਕਾਲਜ 'ਚ ਚੰਗੀ ਅਥਲੀਟ ਰਹੀ ਉਪਿਦਰ ਸੇਖੋਂ ਨੇ ਬਰੇਨ ਟਿਊਮਰ ਦੇ ਸਫਲ ਆਪਰੇਸ਼ਨ ਮਗਰੋਂ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਲਈ । ਇੱਕ ਤਾਂ ਗਰਾਊਂਡ ਨਾਲ ਆੜੀ ਪਾਈ , ਦੂਜੀ ਪੁਰਾਣੀਆਂ ਵਸਤੂਆਂ ਇੱਕਤਰ ਕਰਨ ਵੱਲ ਧਿਆਨ ਲਗਾਇਆ। ਐਮ. ਏ. ਅੰਗਰੇਜ਼ੀ ਅਤੇ ਐਲ. ਐਲ. ਬੀ. ਤੱਕ ਸਿੱਖਿਆ ਗ੍ਰਹਿਣ ਕਰਨ ਵਾਲੀ ਉਪਿੰਦਰ ਨੇ 'ਆਰਟ ਆਫ਼ ਗਿਵਿੰਗ' ਦਾ ਪੱਲਾ ਫੜਿਆ ਅਤੇ ਵੱਖ-ਵੱਖ ਵਿੱਦਿਅਕ ਅਦਾਰਿਆਂ 'ਚ ਪ੍ਰੇਰਣਾ ਦੇਣ ਵਾਲੇ ਲੈਕਚਰ ਦੇਣੇ ਸ਼ੁਰੂ ਕੀਤੇ।
ਵੱਖ-ਵੱਖ ਖੇਡ ਮੁਕਾਬਲਿਆਂ 'ਚ ਹਿੱਸਾ ਲੈਣ ਵਾਲੀ ਮੈਡਮ ਸੇਖੋਂ ਨੇ 45ਵੇਂ ਕੌਮੀ ਪੱਧਰ ਦੇ ਖੇਡ ਮੁਕਾਬਲਿਆਂ 'ਚ ਭਾਗ ਲੈ ਕੇ ਚੰਗਾ ਨਾਮਣਾ ਖੱਟਿਆ। 14-16 ਮਾਰਚ 2026 ਨੂੰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ (ਬਠਿੰਡਾ) 'ਚ ਉਨ੍ਹਾਂ 100 ਮੀਟਰ ਦੌੜ 'ਚ ਪਹਿਲਾ, 200 ਮੀਟਰ ਦੌੜ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਉਪਿੰਦਰ ਸੇਖੋਂ ਨੇ 'ਖੇਲੋ ਮਾਸਟਰ' ਕੌਮੀ ਖੇਡਾਂ (2026) ਜੋ ਚੰਡੀਗੜ੍ਹ ਵਿਖੇ 20-22 ਮਾਰਚ 2026 ਨੂੰ ਹੋਈਆਂ, 'ਚ ਸੋਨੇ ਦਾ ਤਗਮਾ ਜਿੱਤਿਆ।
ਡਿਸਕਸ ਥਰੋ 14.22 ਮੀਟਰ ਸੁੱਟ ਕੇ, 4×100 ਮੀਟਰ ਰਿਲੇਅ ਰੇਸ 'ਚ (ਦੋਹਾਂ 'ਚ) ਗੋਲਡ ਮੈਡਲ ਜਿੱਤਿਆ।
ਮੈਡਮ ਓਪਿੰਦਰ ਸੇਖੋਂ ਨੇ ਹਾਲ ਹੀ ਵਿਚ ਕੁਆਲਾਲੰਪੁਰ ਵਿਖੇ ਹੋਈ 38ਵੀਂ ਮਲੇਸ਼ੀਅਨ ਮਾਸਟਰਜ਼ ਐਥਲੈਟਿਕ ਚੈਂਪੀਅਨਸ਼ਿਪ 'ਚ ਭਾਗ ਲਿਆ। ਇਸ ਚੈਂਪੀਅਨਸ਼ਿਪ 'ਚ 100,200 ਮੀਟਰ ਰੇਸ 'ਚ ਸਿਲਵਰ ਮੈਡਲ ਹਾਸਿਲ ਕੀਤਾ। ਡਿਸਕਸ ਥਰੋ ਅਤੇ 400 ਮੀਟਰ ਰੇਸ 'ਚ ਗੋਲਡ ਮੈਡਲ ਹਾਸਿਲ ਕੀਤਾ।
ਉਪਿੰਦਰ ਸੇਖੋਂ ਚੰਡੀਗੜ੍ਹ ਦੇ ਸੈਕਟਰ ਦੋ 'ਚ ਰਹਿੰਦੇ ਹਨ। ਮੈਡਮ ਉਪਿੰਦਰ ਸੇਖੋਂ ਨੂੰ ਪੁਰਾਣੀਆਂ ਵਿਰਾਸਤੀ ਵਸਤੂਆਂ ਇੱਕਤਰ ਕਰਨ ਦਾ ਸ਼ੌਕ ਹੈ। ਉਨ੍ਹਾਂ ਨੇ ਪਿਛਲੇ ਵਰ੍ਹੇ ਚੰਡੀਗੜ੍ਹ 'ਚ ਪੁਰਾਣੇ ਵਿਰਾਸਤੀ ਵਸਤਰਾਂ, ਬਰਤਨਾਂ, ਫੁਲਕਾਰੀਆਂ, ਦਰੀਆਂ ਦੀ ਪਰਦਰਸ਼ਨੀ ਵੀ ਲਗਾਈ ਸੀ। ਉਪਿੰਦਰ ਸੇਖੋਂ ਦੀ ਕੋਠੀ 'ਚ ਖੜ੍ਹਾ ਬਹੁਤ ਪੁਰਾਣਾ ਪਰ ਦਿਲਕਸ਼ ਗੱਡਾ ਵੇਖਣਯੋਗ ਹੈ। ਖਾਨਾਬਦੋਸ਼ਾਂ ਵਲੋਂ ਵਰਤੇ ਜਾਂਦੇ ਇਸ ਗੱਡੇ 'ਤੇ ਕੀਤਾ ਪਿੱਤਲ ਦਾ ਕੰਮ ਅਤੇ ਜੜੇ ਸ਼ੀਸ਼ੇ ਵੇਖਣ ਵਾਲੇ ਹਨ।
ਇਸ ਗੱਡੀ ਦਾ ਖਾਸ ਚੀਜ਼ ਹੈ ਸ਼ਿੰਗਾਰ ਬਾਕਸ ਇਕ ਬਹੁਤ ਪੁਰਾਣਾ ਸੰਦੂਕ ਵੀ ਦੇਖਣਯੋਗਾ ਹੈ। ਮੈਡਮ ਸੇਖੋਂ ਇੱਕ ਵੱਡੇ ਹਾਲ ਦੇ ਨਿਰਮਾਣ ਦੀ ਵਿਉਂਤਬੰਦੀ ਕਰ ਰਹੇ ਹਨ ਜਿਸ 'ਚ ਇਕੋਂ ਛੱਤ ਹੇਠਾਂ ਸਾਰਾ ਵਿਰਾਸਤੀ ਸਾਮਾਨ ਆ ਜਾਵੇ। ਉਨ੍ਹਾਂ ਦੱਸਿਆ ਕਿ ਮੈਂ ਅੱਜਕਲ੍ਹ ਇੱਕ ਕਿਤਾਬ ਲਿਖ ਰਹੀਂ ਹਾਂ ਜਿਹੜੀ 2027 'ਚ ਪ੍ਰਕਾਸ਼ਿਤ ਹੋਵੇਗੀ। ਆਪਣੀਆਂ ਪ੍ਰਾਪਤੀਆਂ ਦਾ ਸਿਹਰਾ ਮੈਡਮ ਸੇਖੋਂ ਆਪਣੇ ਪਤੀ ਐਡਵੋਕੇਟ ਜੇ. ਐਸ. ਸੇਖੋਂ, ਬੇਟੀ ਡਾ. ਅਮਰੀਨ ਕੌਰ ਅਤੇ ਸਪੁੱਤਰ ਡਾ. ਇਮਰਾਨਜੋਤ ਸੇਖੋਂ (ਅਮਰੀਕਾ) ਨੂੰ ਦਿੰਦੇ ਹਨ ਜਿਹੜੇ ਹਮੇਸ਼ਾ ਹੀ ਹੱਲਾ ਸ਼ੇਰੀ ਦਿੰਦੇ ਹਨ ।
-ਡਾਖੜਾ ਡੈਮ ਰੋਡ, ਨੰਗਲ-140124.
ਮੋਬਾਈਲ : 98156-24927
ਬੜੀ ਹਿੰਮਤੀ ਹੈ ਮੈਡਮ ਉਪਿੰਦਰ ਸੇਖੋਂ
ਅਜੀਤ ਡੈਸਕ
16-07-2026