15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਪਾਣੀ ਦੀ ਯੋਗ ਵਰਤੋਂ ਵਿਚ ਔਰਤਾਂ ਦਾ ਯੋਗਦਾਨ

Ad Position 21
No active advertisement
ਅਜੀਤ ਡੈਸਕ 16-07-2026


ਪਾਣੀ ਕੁਦਰਤ ਦੀ ਉਹ ਅਮੁੱਲ ਦਾਤ ਹੈ, ਜਿਸ 'ਤੇ ਧਰਤੀ ਦੇ ਸਮੂਹ ਜੀਵ-ਜੰਤੂਆਂ ਦਾ ਜੀਵਨ ਨਿਰਭਰ ਕਰਦਾ ਹੈ। ਪਾਣੀ ਤੋਂ ਬਿਨਾਂ ਨਾ ਖੇਤੀ ਸੰਭਵ ਹੈ, ਨਾ ਉਦਯੋਗ ਅਤੇ ਨਾ ਹੀ ਮਨੁੱਖੀ ਜੀਵਨ। ਭਾਵੇਂ ਧਰਤੀ ਦਾ ਲਗਭਗ 71 ਫ਼ੀਸਦੀ ਹਿੱਸਾ ਪਾਣੀ ਨਾਲ ਢਕਿਆ ਹੋਇਆ ਹੈ, ਪਰ ਇਸ ਵਿਚੋਂ ਬਹੁਤ ਘੱਟ ਪਾਣੀ ਹੀ ਮਨੁੱਖੀ ਵਰਤੋਂ ਲਈ ਉਪਲਬੱਧ ਹੈ। ਵਧਦੀ ਆਬਾਦੀ, ਤੇਜ਼ੀ ਨਾਲ ਹੋ ਰਿਹਾ ਸ਼ਹਿਰੀਕਰਨ, ਜੰਗਲਾਂ ਦੀ ਕਟਾਈ, ਜਲਵਾਯੂ ਪਰਿਵਰਤਨ ਅਤੇ ਭੂ-ਜਲ ਦੇ ਬੇਤਹਾਸ਼ਾ ਸ਼ੋਸ਼ਣ ਕਾਰਨ ਅੱਜ ਪਾਣੀ ਦਾ ਸੰਕਟ ਗੰਭੀਰ ਰੂਪ ਧਾਰਨ ਕਰ ਚੁੱਕਾ ਹੈ। ਅਜਿਹੇ ਹਾਲਾਤਾਂ ਵਿਚ ਪਾਣੀ ਦੀ ਸੰਭਾਲ ਸਿਰਫ਼ ਵਾਤਾਵਰਨ ਦਾ ਹੀ ਨਹੀਂ, ਸਗੋਂ ਸਮਾਜਿਕ ਅਤੇ ਆਰਥਿਕ ਵਿਕਾਸ ਦਾ ਵੀ ਮੁੱਖ ਮੁੱਦਾ ਬਣ ਗਈ ਹੈ।
ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਸਮਾਜ ਦੇ ਹਰ ਵਰਗ ਦੀ ਭਾਗੀਦਾਰੀ ਲਾਜ਼ਮੀ ਹੈ, ਪਰ ਔਰਤਾਂ ਦੀ ਭੂਮਿਕਾ ਇਸ ਵਿਚ ਸਭ ਤੋਂ ਮਹੱਤਵਪੂਰਨ ਹੈ। ਉਹ ਘਰ ਦੀ ਪ੍ਰਬੰਧਕ, ਪਰਿਵਾਰ ਦੀ ਮਾਰਗਦਰਸ਼ਕ ਅਤੇ ਆਉਣ ਵਾਲੀ ਪੀੜ੍ਹੀ ਦੀ ਪਹਿਲੀ ਅਧਿਆਪਕ ਹੁੰਦੀ ਹੈ। ਘਰ ਵਿਚ ਪਾਣੀ ਦੀ ਵਰਤੋਂ ਦਾ ਵੱਡਾ ਹਿੱਸਾ ਉਸ ਦੀ ਦੇਖ-ਰੇਖ ਹੇਠ ਹੁੰਦਾ ਹੈ। ਇਸ ਲਈ ਜੇਕਰ ਔਰਤ ਪਾਣੀ ਦੀ ਯੋਗ ਵਰਤੋਂ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾ ਲਵੇ, ਤਾਂ ਇਸ ਦਾ ਪ੍ਰਭਾਵ ਪੂਰੇ ਪਰਿਵਾਰ ਅਤੇ ਸਮਾਜ 'ਤੇ ਪੈਂਦਾ ਹੈ।
ਭਾਰਤੀ ਪਰਿਵਾਰਕ ਪ੍ਰਬੰਧ ਵਿਚ ਰਸੋਈ, ਸਫਾਈ, ਕੱਪੜੇ, ਧੋਣੇ, ਬਾਗ਼ਬਾਨੀ ਅਤੇ ਹੋਰ ਘਰੇਲੂ ਕੰਮਾਂ ਲਈ ਰੋਜ਼ਾਨਾ ਵੱਡੀ ਮਾਤਰਾ ਵਿਚ ਪਾਣੀ ਦੀ ਵਰਤੋਂ ਹੁੰਦੀ ਹੈ। ਕਈ ਵਾਰ ਅਣਜਾਣੇ ਵਿਚ ਹੀ ਬਹੁਤ ਸਾਰਾ ਪਾਣੀ ਵਿਅਰਥ ਵਹਿ ਜਾਂਦਾ ਹੈ। ਪਾਣੀ ਨੂੰ ਸੰਭਾਲਣ ਅਤੇ ਸੋਚ ਸਮਝ ਕੇ ਵਰਤਾਂਗੇ ਤਾਂ ਹੀ ਧਰਤੀ ਸੁਰੱਖਿਅਤ ਰਹਿ ਸਕਦੀ ਹੈ।
1. ਟੂਟੀਆਂ ਨੂੰ ਖੁੱਲ੍ਹਾ ਨਾ ਛੱਡਿਆ ਜਾਵੇ। 2. ਬਾਲਟੀ ਦੀ ਵਰਤੋਂ ਨੂੰ ਤਰਜੀਹ ਦਿੱਤੀ ਜਾਵੇ। 3. ਲੀਕੇਜ ਤੁਰੰਤ ਠੀਕ ਕਰਵਾਈ ਜਾਵੇ। 4. ਰਸੋਈ ਵਿਚ ਸਬਜ਼ੀਆਂ ਆਦਿ ਧੋਣ ਲਈ ਇਕ ਵਾਰ ਵਰਤੇ ਪਾਣੀ ਨੂੰ ਪੌਦਿਆਂ, ਫਲੱਸ਼ ਲਈ ਦੁਬਾਰਾ ਵਰਤਿਆ ਜਾ ਸਕਦਾ ਹੈ। 5. ਕਾਰ, ਟਰੈਕਟਰ, ਸਕੂਟਰ ਧੋਣ ਲਈ ਪਾਈਪਾਂ ਦੀ ਵਰਤੋਂ ਨਾ ਕਰਕੇ ਬਾਲਟੀ ਮੱਗ ਨਾਲ ਧੋ ਕੇ ਪਾਣੀ ਬਚਾ ਸਕਦੇ ਹਾਂ।
ਇਸ ਨਾਲ ਘਰ ਵਿਚ ਹੀ ਹਰ ਰੋਜ਼ ਕਾਫੀ ਪਾਣੀ ਬਚਾਇਆ ਜਾ ਸਕਦਾ ਹੈ। ਇਹ ਛੋਟੇ-ਛੋਟੇ ਕਦਮ ਮਿਲ ਕੇ ਵੱਡੇ ਬਦਲਾਅ ਦਾ ਕਾਰਨ ਬਣਦੇ ਹਨ।
ਅੱਜ ਮਹਿਲਾਵਾਂ ਸਮਾਜ ਦੇ ਹਰ ਖੇਤਰ ਵਿਚ ਅਗਵਾਈ ਕਰ ਰਹੀਆਂ ਹਨ। ਉਹ ਅਧਿਆਪਕਾ, ਵਿਗਿਆਨੀ, ਪ੍ਰਸ਼ਾਸਕ, ਸਮਾਜ ਸੇਵਿਕਾ, ਵਾਤਾਵਰਨ ਪ੍ਰੇਮੀ ਅਤੇ ਨੀਤੀ-ਨਿਰਮਾਤਾ ਵਜੋਂ ਵੀ ਜਲ ਸੰਭਾਲ ਲਈ ਮਹੱਤਵਪੂਰਨ ਕੰਮ ਕਰ ਰਹੀਆਂ ਹਨ। ਸਵੈ-ਸਹਾਇਤਾ ਸਮੂਹ, ਗ਼ੈਰ-ਸਰਕਾਰੀ ਸੰਸਥਾਵਾਂ ਅਤੇ ਮਹਿਲਾ ਮੰਡਲ ਪਿੰਡਾਂ ਅਤੇ ਸ਼ਹਿਰਾਂ ਵਿਚ ਜਲ ਸੰਭਾਲ ਸੰਬੰਧੀ ਜਾਗਰੂਕਤਾ ਫੈਲਾ ਰਹੇ ਹਨ। ਵਰਖਾ ਦੇ ਪਾਣੀ ਦੀ ਸੰਭਾਲ, ਤਲਾਬਾਂ ਦੀ ਸਫ਼ਾਈ, ਰੁੱਖ ਲਗਾਉਣ ਅਤੇ ਜਲ ਪ੍ਰਦੂਸ਼ਣ ਵਿਰੁੱਧ ਮੁਹਿੰਮਾਂ ਵਿਚ ਮਹਿਲਾਵਾਂ ਦੀ ਸਰਗਰਮ ਭਾਗੀਦਾਰੀ ਸਮਾਜ ਲਈ ਪ੍ਰੇਰਨਾਦਾਇਕ ਹੈ।
ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਜਲ ਪ੍ਰਬੰਧਨ ਨਾਲ ਸੰਬੰਧਿਤ ਹਰ ਯੋਜਨਾ ਵਿਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾਵੇ। ਪਿੰਡ ਪੱਧਰ ਦੀਆਂ ਜਲ ਕਮੇਟੀਆਂ, ਸਕੂਲਾਂ, ਕਾਲਜਾਂ ਅਤੇ ਸਥਾਨਕ ਸੰਸਥਾਵਾਂ ਵਿਚ ਔਰਤਾਂ ਨੂੰ ਅਗਵਾਈ ਕਰਨ ਦੇ ਮੌਕੇ ਦਿੱਤੇ ਜਾਣ। ਵਰਖਾ ਦੇ ਪਾਣੀ ਦੀ ਸੰਭਾਲ, ਜਲ ਰੀਸਾਈਕਲਿੰਗ ਅਤੇ ਪਾਣੀ ਦੀ ਸੂਝ-ਬੂਝ ਨਾਲ ਵਰਤੋਂ ਬਾਰੇ ਸਿਖਲਾਈ ਪ੍ਰੋਗਰਾਮ ਵੱਡੇ ਪੱਧਰ 'ਤੇ ਚਲਾਏ ਜਾਣ। ਜਦੋਂ ਔਰਤਾਂ ਜਾਗਰੂਕ ਹੋਣਗੀਆਂ ਤਾਂ ਉਨ੍ਹਾਂ ਦਾ ਪ੍ਰਭਾਵ ਪੂਰੇ ਪਰਿਵਾਰ ਅਤੇ ਸਮਾਜ 'ਤੇ ਆਪਣੇ-ਆਪ ਨਜ਼ਰ ਆਵੇਗਾ।
ਅੱਜ ਲੋੜ ਇਸ ਗੱਲ ਦੀ ਹੈ ਕਿ ਅਸੀਂ ਪਾਣੀ ਨੂੰ ਅਸੀਮ ਸਰੋਤ ਸਮਝਣ ਦੀ ਬਜਾਏ ਇਸ ਨੂੰ ਕੀਮਤੀ ਵਿਰਾਸਤ ਮੰਨੀਏ। ਪਾਣੀ ਦੀ ਹਰ ਬੰੂੰਦ ਨੂੰ ਬਚਾਉਣਾ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨਾ ਹੈ। ਜੇਕਰ ਹਰ ਘਰ ਦੀ ਮਹਿਲਾ ਇਹ ਸੰਕਲਪ ਕਰ ਲਵੇ ਕਿ ਉਹ ਪਾਣੀ ਦੀ ਫਜ਼ੂਲ ਖਪਤ ਨਹੀਂ ਹੋਣ ਦੇਵੇਗੀ, ਤਾਂ ਦੇਸ਼ ਵਿਚ ਜਲ ਸੰਭਾਲ ਦੀ ਇਕ ਨਵੀਂ ਲਹਿਰ ਪੈਦਾ ਹੋ ਸਕਦੀ ਹੈ।
ਅੰਤ ਵਿਚ ਇਹੀ ਕਿਹਾ ਜਾ ਸਕਦਾ ਹੈ ਕਿ ਸੰਭਾਲ ਸਿਰਫ਼ ਇਕ ਮੁਹਿੰਮ ਨਹੀਂ, ਸਗੋਂ ਜੀਵਨ ਪ੍ਰਤੀ ਸਾਡੀ ਜ਼ਿੰਮੇਵਾਰੀ ਹੈ। ਇਸ ਜ਼ਿੰਮੇਵਾਰੀ ਨੂੰ ਨਿਭਾਉਣ ਵਿਚ ਔਰਤਾਂ ਦਾ ਯੋਗਦਾਨ ਬੇਮਿਸਾਲ ਹੈ। ਉਨ੍ਹਾਂ ਦੀ ਸੂਝ-ਬੂਝ, ਦੂਰਅੰਦੇਸ਼ੀ, ਮਿਹਨਤ ਅਤੇ ਸੰਸਕਾਰਾਂ ਰਾਹੀਂ ਹੀ ਇਕ ਅਜਿਹਾ ਸਮਾਜ ਸਿਰਜਿਆ ਜਾ ਸਕਦਾ ਹੈ, ਜੋ ਪਾਣੀ ਦੀ ਹਰ ਬੂੰਦ ਦੀ ਕਦਰ ਕਰੇ। ਜਦੋਂ ਨਾਰੀ ਜਲ ਸੰਭਾਲ ਦੀ ਵਾਹਕ ਬਣੇਗੀ, ਤਾਂ ਭਵਿੱਖ ਹੋਰ ਹਰਿਆ-ਭਰਿਆ, ਖ਼ੁਸ਼ਹਾਲ ਅਤੇ ਸੁਰੱਖਿਅਤ ਹੋਵੇਗਾ।

Ad Position 22
No active advertisement
ਪਿਛਲੀ ਖ਼ਬਰ ਬੜੀ ਹਿੰਮਤੀ ਹੈ ਮੈਡਮ ਉਪਿੰਦਰ ਸੇਖੋਂ ਅਗਲੀ ਖ਼ਬਰ ਨੌਕਰੀਪੇਸ਼ਾ ਮਹਿਲਾਵਾਂ ਦਾ ਗੱਲਬਾਤ ਕਰਨ ਦਾ ਸਲੀਕਾ
Ad Position 24