06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਆਓ ਇੰਜ ਬਦਲੀਏ ਆਪਣੇ ਸਮਾਜ ਦੀ ਨੁਹਾਰ

ਆਓ ਇੰਜ ਬਦਲੀਏ ਆਪਣੇ ਸਮਾਜ ਦੀ ਨੁਹਾਰ

Ad Position 21
No active advertisement
ਅਜੀਤ ਡੈਸਕ 06-08-2026

ਅੱਜ ਦੀ ਇੰਨੀ ਜ਼ਿਆਦਾ ਹਲਚਲ ਅਤੇ ਦੌੜ-ਭੱਜ ਵਾਲੀ ਜ਼ਿੰਦਗੀ ਦੇਖ ਕੇ ਅਕਸਰ ਮਨ ਵਿਚ ਸਵਾਲ ਪੈਦਾ ਹੁੰਦਾ ਹੈ ਕਿ ਅੱਜ ਦਾ ਮਨੁੱਖ ਕੀ ਭਾਲ ਰਿਹਾ ਹੈ? ਅਜੋਕੇ ਸਮੇਂ ਵਿਚ ਪਤਾ ਹੀ ਨਹੀਂ ਚੱਲ ਰਿਹਾ ਹੈ ਕਿ ਉਸ ਨੇ ਕਿਹੜੇ ਰਸਤੇ ਜਾਣਾ ਹੈ ਤੇ ਕਿਸ ਮੰਜ਼ਿਲ ਨੂੰ ਅਖ਼ਤਿਆਰ ਕਰਨਾ ਹੈ। ਹਰ ਕੋਈ ਆਪਣੇ-ਆਪ ਨੂੰ ਸਹੀ ਅਤੇ ਸਫ਼ਲ ਇਨਸਾਨ ਦਰਸਾਉਣ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ। ਕਿਸੇ ਨੂੰ ਵੀ ਸਮਾਜ ਵਿਚ ਆ ਰਹੇ ਨਿਘਾਰ ਤੇ ਅਲੋਪ ਹੋ ਰਹੀਆਂ ਸਮਾਜਿਕ ਕਦਰਾਂ ਕੀਮਤਾਂ ਦੀ ਕੋਈ ਵੀ ਚਿੰਤਾ ਨਹੀਂ ਹੈ। ਸਿੱਖਿਆ ਹਾਸਲ ਕਰਕੇ ਜਿਥੇ ਮਨੁੱਖ ਨੇ ਇਕ ਆਦਰਸ਼ ਸਮਾਜ ਬਣਾਉਣ ਦੀ ਜ਼ਿੰਮੇਵਾਰੀ ਨਿਭਾਉਣੀ ਸੀ ਉੱਥੇ ਉਸ ਨੇ ਤਾਂ ਆਧੁਨਿਕਤਾ ਦੇ ਨਾਂਅ ਅਧੀਨ ਸਮਾਜਿਕ ਕਦਰਾਂ ਕੀਮਤਾਂ ਨੂੰ ਹੀ ਬਦਲ ਦਿੱਤਾ ਹੈ। ਅਜੋਕੇ ਸਮੇਂ ਵਿਚ ਜ਼ਿੰਦਗੀ ਦੀ ਬੇਲਗਾਮ ਦੌੜ ਦੇ ਕਾਰਨ ਮਨੁੱਖ ਨੇ ਆਪਣੀ ਸਮਾਜਿਕ ਪਹਿਚਾਣ ਗੁਆ ਲਈ ਹੈ।

ਸਮਾਜਿਕ ਰਿਸ਼ਤੇ ਮਨੁੱਖੀ ਸੋਚ ਨੂੰ ਦਰਸਾਉਂਦੇ ਹਨ। ਸਮਾਜਿਕ ਰਿਸ਼ਤਿਆਂ ਵਿਚ ਅੱਛਾ ਤਾਲਮੇਲ ਬਿਠਾਉਣਾ ਹੀ ਸਮਾਜਿਕ ਜੀਵਨ ਦਾ ਅਸਲੀ ਉਦੇਸ਼ ਹੈ। ਅਤੇ ਤਾਲਮੇਲ ਬਿਠਾਉਣ ਲਈ ਮਨੁੱਖੀ ਸੂਝ ਬੁਝ ਜ਼ਰੂਰੀ ਹੁੰਦੀ ਹੈ। ਸਭ ਤੋਂ ਵੱਡਾ ਰਿਸ਼ਤਾ ਜੋ ਸਮਾਜ ਨੂੰ ਉਸਾਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ ਉਹ ਹੈ ਇਕ ਔਰਤ ਤੇ ਮਰਦ ਦਾ ਰਿਸ਼ਤਾ। ਅੱਜ ਇਹ ਸੋਚਣ ਵਾਲੀ ਗੱਲ ਹੈ ਕਿ ਕਿਉਂ ਇਸ ਰਿਸ਼ਤੇ ਵਿਚ ਇੰਨੀ ਕੁੜੱਤਣ ਆ ਗਈ ਹੈ। ਕਿਉਂ ਇਸ ਦੇ ਫ਼ਾਸਲੇ ਐਨੇ ਵਧ ਗਏ ਹਨ ਕਿ ਖਤਮ ਹੋਣ ਦਾ ਨਾਂਅ ਹੀ ਨਹੀਂ ਲੈ ਰਹੇ। ਇਨ੍ਹਾਂ ਰਿਸ਼ਤਿਆਂ ਨਾਲ ਜੁੜੀ ਹਰ ਦਿਨ ਇਕ ਨਵੀਂ ਕਹਾਣੀ ਸੁਣਨ ਨੂੰ ਮਿਲਦੀ ਹੈ ਭਾਵੇਂ ਉਹ ਕਿਸੇ ਕਤਲ ਵਿਚ ਕਿਸੇ ਔਰਤ ਦਾ ਹੱਥ ਹੋਵੇ ਜਾਂ ਫਿਰ ਕੋਈ ਧੀ ਦਾਜ ਦੀ ਬਲੀ ਚੜ੍ਹ ਗਈ ਹੋਵੇ।
ਸਾਨੂੰ ਆਪਣੇ ਸਮਾਜ ਅਤੇ ਆਉਣ ਵਾਲੀ ਪੀੜ੍ਹੀ ਨੂੰ ਇਕ ਨਵੀਂ ਉਸਾਰੂ ਸੋਚ ਦੇਣੀ ਪਵੇਗੀ। ਇਹ ਸੋਚ ਸਾਨੂੰ ਹਰ ਘਰ ਵਿਚੋਂ ਹੀ ਪੈਦਾ ਕਰਨੀ ਹੋਵੇਗੀ । ਸਾਨੂੰ ਆਪਣੇ ਨੌਜਵਾਨਾਂ ਨੂੰ ਇਹ ਸਮਝਾਉਣਾ ਪਵੇਗਾ ਕਿ ਔਰਤ ਦੀ ਇੱਜ਼ਤ ਤੇ ਸਨਮਾਨ ਕਰਨਾ ਸਾਡਾ ਪਹਿਲਾ ਫਰਜ਼ ਹੋਣਾ ਚਾਹੀਦਾ ਹੈ। ਕਿੳਂੁਕਿ ਔਰਤ ਇਕ ਸਨਮਾਨ ਦੀ ਪਾਤਰ ਹੈ ਹਵਸ ਮਿਟਾਉਣ ਲਈ ਨਹੀਂ ਹੈ। ਮੈਨੂੰ ਲਗਦਾ ਇਸ ਵਿਚ ਮਾਂ-ਪਿਉ ਦੋਵਾਂ ਨੂੰ ਹੀ ਯੋਗਦਾਨ ਪਾਉਣਾ ਚਾਹੀਦਾ ਹੈ। ਪਿਤਾ ਆਪਣਾ ਵਿਵਹਾਰ ਤੇ ਕਿਰਦਾਰ ਸਾਫ਼ ਰੱਖੇ ਅਤੇ ਆਪਣੇ ਪੁੱਤਰ ਨੂੰ ਦੱਸੇ ਕਿ ਕਿਵੇਂ ਸਮਾਜ ਵਿਚ ਅਤੇ ਘਰ ਵਿਚ ਇਕ ਔਰਤ ਨੂੰ ਇੱਜ਼ਤ ਦਿੱਤੀ ਜਾਂਦੀ ਹੈ। ਦੂਸਰੇ ਪਾਸੇ ਮਾਤਾ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੇਟੇ ਨੂੰ ਦੱਸੇ ਕਿ ਜਿਸ ਤਰ੍ਹਾਂ ਉਹ ਘਰ ਵਿਚ ਆਪਣੀ ਮਾਂ ਨਾਲ ਪੇਸ਼ ਆਉਂਦਾ ਉਵੇਂ ਹੀ ਬਾਹਰ ਜਾ ਕੇ ਸਮਾਜ ਵਿਚ ਪੇਸ਼ ਆਵੇ। ਅਤੇ ਇਸ ਲਈ ਜਾਇਜ਼ ਹੈ ਕਿ ਧੀ ਨੂੰ ਵੀ ਉਸਦੇ ਮਾਤਾ ਪਿਤਾ ਵਲੋਂ ਮਾਨਸਿਕ ਤੌਰ 'ਤੇ ਤਿਆਰ ਕਰਨਾ ਪਵੇਗਾ ਕਿ ਉਹ ਆਪਣੀ ਸ਼ਕਤੀ ਨੂੰ ਸਮਝੇ ਅਤੇ ਸੰਭਾਲ ਕੇ ਵਰਤੋਂ ਕਰੇ।
ਅਸੀਂ ਔਰਤ ਤੇ ਮਰਦ ਇਕ ਦੂਸਰੇ ਦਾ ਮੁਕਾਬਲਾ ਕਰਨ ਨਹੀਂ ਸਗੋਂ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਲਈ ਆਏ ਹਾਂ। ਜੇ ਸਾਡੇ ਕੋਲ ਕੁਝ ਪੜ੍ਹ-ਲਿਖ ਕੇ ਕੋਈ ਤਾਕਤ ਆਈ ਹੈ ਤਾਂ ਫਿਰ ਇਸ ਨੂੰ ਸੰਭਾਲਣ ਦੀ ਸਮਝ ਵੀ ਹੋਣੀ ਚਾਹੀਦੀ ਹੈ। ਨਹੀਂ ਤਾਂ ਇਹ ਫਿਰ ਸਾਡੀ ਸ਼ਕਤੀ ਨਹੀਂ ਸਗੋਂ ਸਾਡੀ ਬਰਬਾਦੀ ਦਾ ਦੂਜਾ ਨਾਂਅ ਅਖਵਾਏਗੀ।
ਆਧੁਨਿਕ ਸਮੇਂ ਵਿਚ ਔਰਤਾਂ ਘਰਾਂ ਅਤੇ ਬੱਚਿਆਂ ਦੀ ਜ਼ਿੰਮੇਵਾਰੀ ਦੇ ਨਾਲ ਨਾਲ ਰੋਜ਼ੀ ਰੋਟੀ ਕਮਾਉਣ ਲਈ ਮਰਦਾਂ ਦੇ ਬਰਾਬਰ ਦੀ ਮਿਹਨਤ ਕਰਦੀਆਂ ਹਨ। ਫਿਰ ਵੀ ਉਹ ਕਿਹੜਾ ਜ਼ੁਲਮ ਹੈ ਜੋ ਔਰਤਾਂ ਦੇ ਖਿਲਾਫ ਬੰਦ ਜਾਂ ਫਿਰ ਖਤਮ ਹੋ ਗਿਆ ਹੋਵੇ। ਨਹੀਂ, ਅੱਜ ਅਸੀਂ 2026 ਵਿਚ ਆ ਗਏ ਹਾਂ ਪਰ ਜੇ ਅੰਕੜਿਆਂ ਦੇ ਹਿਸਾਬ ਨਾਲ ਦੇਖਿਆ ਜਾਵੇ ਸਿਰਫ ਤੇ ਸਿਰਫ ਸਾਡੇ ਪ੍ਰਾਂਤ ਵਿਚ ਇਕ ਮਹੀਨੇ ਦੇ ਅਰਸੇ ਵਿਚ ਦਰਜਨਾਂ ਕੁੜੀਆਂ ਦਾਜ ਦੀ ਬਲੀ ਚੜ੍ਹਦੀਆਂ ਹਨ। ਕੀ ਬਦਲ ਗਿਆ? ਕਿਉਂ ਅਸੀਂ ਔਰਤਾਂ ਰਲ ਕੇ ਇਕ ਚੰਗੇ ਸਮਾਜ ਦੀ ਮਿਸਾਲ ਨਹੀਂ ਖੜ੍ਹੀ ਕਰ ਸਕਦੀਆਂ। ਕਿਉਂ ਅਸੀਂ ਕਈ ਵਾਰ ਕਿਸੇ ਦੀ ਮਾਂ, ਕਿਸੇ ਦੀ ਭੈਣ ਜਾਂ ਫਿਰ ਕਿਸੇ ਦੀ ਧੀ ਜਾਂ ਕਿਸੇ ਦੀ ਪਤਨੀ ਬਣ ਕੇ ਇਕ ਦੂਸਰੀ ਔਰਤ ਦੇ ਹੀ ਸਾਹਮਣੇ ਖੜ੍ਹੀਆਂ ਹੋ ਜਾਂਦੀਆਂ ਹਨ। ਕਿਉਂ ਕੋਈ ਵੀ ਲੜਕੀਆਂ ਲਈ ਚੰਗੀ ਜਾਂ ਫਿਰ ਉਸਾਰੂ ਤੇ ਅਗਾਂਹ ਵਧੂ ਸੋਚ ਸਮਾਜ ਨੂੰ ਅਪਣਾਉਣ ਤੋਂ ਡਰ ਲਗਦਾ ਹੈ। ਸਮਾਜ ਭਾਵੇਂ ਜਿੰਨਾ ਮਰਜ਼ੀ ਹੋਰਾਂ ਪਾਸੇ ਹਾਹਾਕਾਰ ਮਚਾ ਲਵੇ ਕਿ ਔਰਤਾਂ ਨੇ ਗ਼ਲਤ ਰਸਤਾ ਚੁਣ ਲਿਆ ਪਰ ਕੌੜਾ ਸੱਚ ਇਹ ਵੀ ਹੈ ਕਿ ਬਚਪਨ ਤੋਂ ਅਸੀਂ ਹੀ ਤਾਂ ਇਹੀ ਰਸਤਾ ਮੁੰਡਿਆਂ ਲਈ ਠੀਕ ਦੱਸਿਆ, ਪਰ ਔਰਤਾਂ ਨੂੰ ਸੋਚਣਾ ਪਵੇਗਾ ਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਲਈ ਕੀ ਛੱਡ ਕੇ ਜਾਣਾ ਹੈ । ਇਕਤਰਫ਼ਾ ਸੋਚ ਦੇ ਅਧੀਨ ਹੋ ਕੇ ਕਿਸੇ ਪਰਾਏ ਮਰਦ ਦੇ ਪਿੱਛੇ ਲੱਗ ਦੂਸਰੀ ਔਰਤ ਦਾ ਘਰ ਉਜਾੜਨ ਤੋਂ ਪਹਿਲਾਂ ਔਰਤਾਂ ਵੀ ਇਕ ਵਾਰੀ ਜ਼ਰੂਰ ਸੋਚ ਲੈਣ ਕਿ ਮਰਦ ਜਾਤ 'ਤੇ ਐਨਾ ਵਿਸ਼ਵਾਸ ਕਰਨਾ ਸਹੀ ਹੈ।
ਇਕੱਲੀ ਪੜ੍ਹਾਈ ਹੀ ਕਾਫੀ ਨਹੀਂ, ਔਰਤਾਂ ਤੇ ਮਰਦਾਂ ਨੂੰ ਆਪਣੀ ਸੋਚ ਵਿਚ ਬਰਾਬਰੀ ਅਤੇ ਇਕ ਦੂਜੇ ਨੂੰ ਉਸ ਦੀ ਬਣਦੀ ਇੱਜ਼ਤ 'ਤੇ ਜਗ੍ਹਾ ਦੇਣੀ ਪਵੇਗੀ। ਅਸੀਂ ਜਿੰਨਾ ਵੀ ਇਨ੍ਹਾਂ ਰਿਸ਼ਤਿਆਂ ਅਤੇ ਸਮਾਜ ਦੇ ਤਾਣੇ ਬਾਣੇ ਨੂੰ ਬਣਾ ਕੇ ਰੱਖਣਾ ਚਾਹੁੰਦੇ ਹਾਂ ਉਹ ਸਾਡੇ 'ਤੇ ਨਿਰਭਰ ਕਰਦਾ ਹੈ। ਅਸੀਂ ਕੁੜੀਆਂ ਨੂੰ ਅੱਗੇ ਵਧਣ ਦੀ ਗੱਲ ਤਾਂ ਕਰਦੇ ਹਾਂ ਪਰ ਮੁੰਡਿਆਂ ਨੂੰ ਸਮਝਾਉਣ ਦੀ ਨਹੀਂ। ਦੋਨਾਂ ਨੂੰ ਉਨ੍ਹਾਂ ਦੇ ਆਪਣੇ ਗੁਣਾਂ ਨੂੰ ਸਮਝਣਾ ਪਵੇਗਾ ਜਿਹੜੇ ਕੁਦਰਤੀ ਤੌਰ 'ਤੇ ਮਿਲੇ ਹਨ। ਅਸੀਂ ਇਕ ਹਾਂ ਤੇ ਨਹੀਂ ਵੀ। ਦੋਵਾਂ ਨੂੰ ਇਸ ਮੇਲ ਅਤੇ ਫਾਸਲੇ ਨੂੰ ਸਮਝ ਕੇ ਬੜੀ ਹੀ ਸਿਆਣਪ ਨਾਲ ਇਸ ਦੁਨੀਆ ਵਿਚ ਵਿਚਰਨਾ ਪਵੇਗਾ। ਜੇ ਇਹੀ ਆਪਸ ਵਿਚ ਦੁਸ਼ਮਣ ਬਣ ਗਏ ਫਿਰ ਰੱਬ ਦਾ ਕੁਦਰਤ ਬਣਾਉਣ ਦਾ ਮਕਸਦ ਹੀ ਖਤਮ ਹੋ ਜਾਵੇਗਾ। ਅਜੋਕੇ ਸਮੇਂ ਵਿਚ ਇਹ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਸਮਾਂ ਰਹਿੰਦੇ ਸਾਨੂੰ ਸਾਰਿਆਂ ਨੂੰ ਇਸ ਰਿਸ਼ਤੇ ਵਿਚ ਜਿਹੜੀਆਂ ਤਬਦੀਲੀਆਂ ਆਈਆਂ ਹਨ ਉਨ੍ਹਾਂ ਨੂੰ ਸਮਝਣਾ ਪਵੇਗਾ ਤਾਂ ਹੀ ਸਮਾਜ ਦੀ ਨੁਹਾਰ ਬਦਲੇਗੀ।
-ਮੋਬਾਈਲ : 89680-00009

Ad Position 22
No active advertisement
ਪਿਛਲੀ ਖ਼ਬਰ ਸਾਉਣ ਦੀਆਂ ਪੀਂਘਾਂ, ਤੀਆਂ ਦੀਆਂ ਰੌਣਕਾਂ ਅਤੇ ਪੰਜਾਬੀ ਬੋਲੀਆਂ ਦੀ ਅਮਰ ਗੂੰਜ ਅਗਲੀ ਖ਼ਬਰ ਈਥਾਨੌਲ ਸਨਅਤ ਭਵਿੱਖ ਦੀ ਖੇਤੀ ਲਈ ਬਣ ਸਕਦੀ ਹੈ ਇਕ ਸੁਨਹਿਰੀ ਯੁੱਗ ਦੀ ਸ਼ੁਰੂਆਤ
Ad Position 24
No active advertisement