15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਬਦਲਦੇ ਸੰਗੀਤਕ ਦੌਰ ’ਚ ਅਲੋਪ ਹੋਣ ਕਿਨਾਰੇ ਪੁੱਜੀ ਢਾਡੀ ਕਲਾ

Ad Position 21
No active advertisement
ਅਜੀਤ ਡੈਸਕ 16-07-2026

ਰਵਾਇਤੀ ਢੱਡ ਤੇ ਸਾਰੰਗੀ ਦੀ ਥਾਂ ਇਲੈਕਟ੍ਰਾਨਿਕ ਸਾਜ਼ਾਂ ਦਾ ਵਧਿਆ ਦਬਦਬਾ
ਪਟਿਆਲਾ, 14 ਜੁਲਾਈ (ਗੁਰਵਿੰਦਰ ਸਿੰਘ ਔਲਖ)-ਸਿੱਖ ਇਤਿਹਾਸ, ਵੀਰ ਰਸ ਅਤੇ ਪੰਜਾਬ ਦੀ ਧਾਰਮਿਕ-ਸੱਭਿਆਚਾਰਕ ਵਿਰਾਸਤ ਦੀ ਪਛਾਣ ਮੰਨੀ ਜਾਂਦੀ ਢਾਡੀ ਕਲਾ ਅੱਜ ਆਪਣੇ ਸਭ ਤੋਂ ਔਖੇ ਦੌਰ ਵਿਚੋਂ ਲੰਘ ਰਹੀ ਹੈ। ਇਕ ਸਮਾਂ ਸੀ ਜਦੋਂ ਇਤਿਹਾਸਕ ਗੁਰਦੁਆਰਿਆਂ, ਜੋੜ ਮੇਲਿਆਂ ਅਤੇ ਗੁਰਪੁਰਬਾਂ ਦੌਰਾਨ ਢਾਡੀ ਜਥਿਆਂ ਦੀ ਪੇਸ਼ਕਾਰੀ ਤੋਂ ਬਿਨਾਂ ਸਮਾਗਮ ਅਧੂਰੇ ਸਮਝੇ ਜਾਂਦੇ ਸਨ। ਢੱਡ ਦੀ ਥਾਪ, ਸਾਰੰਗੀ ਦੀਆਂ ਸੁਰਾਂ ਅਤੇ ਵੀਰ ਰਸ ਨਾਲ ਭਰਪੂਰ ਵਾਰਾਂ ਸੰਗਤ ਨੂੰ ਸਿੱਖ ਇਤਿਹਾਸ ਨਾਲ ਜੋੜਦੀਆਂ ਸਨ ਪਰ ਬਦਲਦੇ ਸੰਗੀਤਕ ਦੌਰ ਨੇ ਇਸ ਪਰੰਪਰਾ ਨੂੰ ਗੰਭੀਰ ਚੁਣੌਤੀ ਦੇ ਸਾਹਮਣੇ ਖੜ੍ਹਾ ਕਰ ਦਿੱਤਾ ਹੈ। ਪਿਛਲੇ ਦੋ ਦਹਾਕਿਆਂ ਦੌਰਾਨ ਧਾਰਮਿਕ ਸਮਾਗਮਾਂ ਦੀ ਪੇਸ਼ਕਾਰੀ ਦਾ ਢੰਗ ਕਾਫ਼ੀ ਬਦਲ ਗਿਆ ਹੈ। ਰਵਾਇਤੀ ਢੱਡ ਅਤੇ ਸਾਰੰਗੀ ਦੀ ਥਾਂ ਹੁਣ ਕੀ-ਬੋਰਡ ਅਤੇ ਹੋਰ ਇਲੈਕਟ੍ਰਾਨਿਕ ਸਾਜ਼ਾਂ ਦੀ ਵਰਤੋਂ ਵਧ ਗਈ ਹੈ। ਇਸ ਕਾਰਨ ਢਾਡੀ ਗਾਇਨ ਦਾ ਅਸਲੀ ਰੰਗ ਅਤੇ ਪ੍ਰਭਾਵ ਹੌਲੀ-ਹੌਲੀ ਫਿੱਕਾ ਪੈਂਦਾ ਜਾ ਰਿਹਾ ਹੈ। ਕਈ ਥਾਵਾਂ ’ਤੇ ਵਾਰਾਂ ਨੂੰ ਵੀ ਰਵਾਇਤੀ ਗੰਭੀਰਤਾ ਦੀ ਬਜਾਏ ਮਨੋਰੰਜਨ ਦੇ ਰੂਪ ਵਿਚ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਨੂੰ ਇਸ ਕਲਾ ਨਾਲ ਜੁੜੇ ਲੋਕ ਚੰਗਾ ਸੰਕੇਤ ਨਹੀਂ ਮੰਨਦੇ। ਢਾਡੀ ਗਿਆਨੀ ਕਰਤਾਰ ਸਿੰਘ ਚਾਨਣ ਦੇ ਪੁੱਤਰ ਭਾਈ ਰਣਜੀਤ ਸਿੰਘ ਚਾਨਣ ਨੇ ਕਿਹਾ ਕਿ ਪਹਿਲਾਂ ਢਾਡੀ ਜਥਿਆਂ ਨੂੰ ਸਾਲ ਭਰ ਵੱਖ-ਵੱਖ ਧਾਰਮਿਕ ਸਮਾਗਮਾਂ ਲਈ ਸੱਦੇ ਮਿਲਦੇ ਰਹਿੰਦੇ ਸਨ ਪਰ ਹੁਣ ਅਜਿਹੇ ਮੌਕੇ ਕਾਫ਼ੀ ਘੱਟ ਗਏ ਹਨ। ਉਨ੍ਹਾਂ ਕਿਹਾ ਕਿ ਇਲੈਕਟ੍ਰਾਨਿਕ ਸਾਜ਼ਾਂ ਦੇ ਵਧਦੇ ਰੁਝਾਨ ਨਾਲ ਰਵਾਇਤੀ ਢੱਡ ਅਤੇ ਸਾਰੰਗੀ ਦੀ ਵਰਤੋਂ ਘਟੀ ਹੈ, ਜਿਸ ਦਾ ਅਸਰ ਢਾਡੀ ਕਲਾ ਦੇ ਪ੍ਰਚਾਰ ਅਤੇ ਇਸ ਨਾਲ ਜੁੜੇ ਕਲਾਕਾਰਾਂ ’ਤੇ ਵੀ ਪਿਆ ਹੈ। ਢਾਡੀ ਕਲਾ ਸਦੀਆਂ ਤੋਂ ਸਿੱਖ ਇਤਿਹਾਸ, ਸ਼ਹਾਦਤ ਅਤੇ ਵੀਰਤਾ ਦੀਆਂ ਗਾਥਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਪ੍ਰਭਾਵਸ਼ਾਲੀ ਮਾਧਿਅਮ ਰਹੀ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਚਮਕੌਰ ਦੀ ਜੰਗ, ਬਾਬਾ ਦੀਪ ਸਿੰਘ, ਹਰੀ ਸਿੰਘ ਨਲੂਆ ਅਤੇ ਹੋਰ ਸਿੱਖ ਯੋਧਿਆਂ ਦੀਆਂ ਵਾਰਾਂ ਰਾਹੀਂ ਪੀੜ੍ਹੀਆਂ ਨੂੰ ਆਪਣੇ ਇਤਿਹਾਸ ਨਾਲ ਜੋੜਿਆ ਜਾਂਦਾ ਰਿਹਾ ਹੈ। ਪਰ ਅੱਜ ਅਜਿਹੀਆਂ ਪੇਸ਼ਕਾਰੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਆਰਥਿਕ ਪੱਖੋਂ ਵੀ ਇਹ ਖੇਤਰ ਪਹਿਲਾਂ ਜਿੰਨਾ ਮਜ਼ਬੂਤ ਨਹੀਂ ਰਿਹਾ। ਇਸ ਕਾਰਨ ਨੌਜਵਾਨ ਇਸ ਕਲਾ ਨੂੰ ਪੇਸ਼ੇ ਵਜੋਂ ਅਪਣਾਉਣ ਤੋਂ ਗੁਰੇਜ਼ ਕਰ ਰਹੇ ਹਨ ਅਤੇ ਕਈ ਨਾਮਵਰ ਢਾਡੀ ਉਸਤਾਦਾਂ ਦੀ ਪਰੰਪਰਾ ਨੂੰ ਅੱਗੇ ਵਧਾਉਣ ਵਾਲੇ ਸ਼ਾਗਿਰਦ ਵੀ ਘੱਟ ਨਜ਼ਰ ਆ ਰਹੇ ਹਨ ਜੇਕਰ ਰਵਾਇਤੀ ਢਾਡੀ ਕਲਾ ਨੂੰ ਮੁੜ ਬਣਦਾ ਮਾਣ ਅਤੇ ਮੌਕੇ ਨਾ ਮਿਲੇ ਤਾਂ ਇਹ ਅਨਮੋਲ ਵਿਰਾਸਤ ਹੌਲੀ-ਹੌਲੀ ਇਤਿਹਾਸ ਦੇ ਸਫ਼ਿਆਂ ਤੱਕ ਸੀਮਤ ਹੋ ਸਕਦੀ ਹੈ। ਇਸ ਲਈ ਲੋੜ ਹੈ ਕਿ ਧਾਰਮਿਕ ਸੰਸਥਾਵਾਂ, ਸਮਾਜ ਅਤੇ ਸਬੰਧਤ ਅਦਾਰੇ ਇਸ ਕਲਾ ਦੀ ਸੰਭਾਲ ਲਈ ਗੰਭੀਰ ਉਪਰਾਲੇ ਕਰਨ।

Ad Position 22
No active advertisement
ਪਿਛਲੀ ਖ਼ਬਰ ਖਾਣੇ ਦੇ ਨਾਲ ਜਾਣੋ ਖਾਣ ਦਾ ਸਲੀਕਾ ਵੀ ਅਗਲੀ ਖ਼ਬਰ ਸਮਝਦਾਰੀ ਨਾਲ ਬਚਾਓ ਰਸੋਈ ਗੈਸ
Ad Position 24