ਐੱਸ. ਏ. ਐੱਸ. ਨਗਰ, 17 ਜੁਲਾਈ (ਕਪਿਲ ਵਧਵਾ)-ਸਾਲ 2015 ਦੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਨਾਲ ਜੁੜੇ ਹਵਾਲਾ ਰਾਸ਼ੀ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਜਾਂਚ ਦਾ ਸਾਹਮਣਾ ਕਰ ਰਹੇ ਹਲਕਾ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਸ਼ੁੱਕਰਵਾਰ ਬਾਅਦ ਦੁਪਹਿਰ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਹੋਏ। ਇਸ ਮਾਮਲੇ ਵਿਚ ਅੱਜ ਪ੍ਰਸਿੱਧ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਅਤੇ ਸਬਿਆਸਾਚੀ ਦੇ ਮੈਨੇਜਰਾਂ ਨੇ ਅਦਾਲਤ ਵਿਚ ਬਿਆਨ ਦਰਜ ਕਰਵਾ ਕੇ ਆਪਣੀ ਗਵਾਹੀ ਦੇਣੀ ਸੀ ਪਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਜੁੜੇ ਵਿਵਾਦ ਦੇ ਚਲਦਿਆਂ ਮੁਹਾਲੀ ਬਾਰ ਐਸੋਸੀਏਸ਼ਨ ਵਲੋਂ ਕੀਤੀ ਗਈ ਹੜਤਾਲ ਕਾਰਨ ਗਵਾਹੀ ਨਹੀਂ ਹੋ ਸਕੀ। ਇਸ ਦੇ ਚਲਦਿਆਂ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 15 ਸਤੰਬਰ ਲਈ ਮੁਲਤਵੀ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਈ. ਡੀ. ਇਸ ਮਾਮਲੇ ‘ਚ ਦੋਸ਼ ਲਗਾ ਰਹੀ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਡਰੱਗ ਤਸਕਰਾਂ ਵਲੋਂ ਕਰੀਬ 3.82 ਕਰੋੜ ਰੁਪਏ ਦੀ ਗ਼ੈਰ-ਕਾਨੂੰਨੀ ਰਕਮ ਦਿੱਤੀ ਗਈ ਸੀ, ਜਿਸ ਦੀ ਵਰਤੋਂ ਕਥਿਤ ਤੌਰ ‘ਤੇ ਚੋਣ ਮੁਹਿੰਮਾਂ ਲਈ ਕੀਤੀ ਗਈ ਸੀ। ਇਸ ਮਾਮਲੇ ਵਿਚ ਈ. ਡੀ. ਨੇ ਖਹਿਰਾ ਨੂੰ ਨਵੰਬਰ 2021 ਵਿਚ ਹਵਾਲਾ ਰਾਸ਼ੀ ਰੋਕੂ ਐਕਟ (ਪੀ. ਐਮ. ਐਲ. ਏ.) ਤਹਿਤ ਗ੍ਰਿਫ਼ਤਾਰ ਕੀਤਾ ਸੀ ਅਤੇ ਬਾਅਦ ਵਿਚ ਉਨ੍ਹਾਂ ਨੂੰ ਜਨਵਰੀ 2022 ਵਿਚ ਜ਼ਮਾਨਤ ਮਿਲ ਗਈ ਸੀ। ਹਾਲਾਂਕਿ, ਈ. ਡੀ. ਵਲੋਂ ਜ਼ਮਾਨਤ ਰੱਦ ਕਰਵਾਉਣ ਲਈ ਦਾਇਰ ਕੀਤੀ ਗਈ ਪਟੀਸ਼ਨ ਨੂੰ ਵੀ ਸੁਪਰੀਮ ਕੋਰਟ ਨੇ ਖਾਰਜ਼ ਕਰ ਦਿੱਤਾ ਸੀ।