* ਇਲੈਕਟ੍ਰੋਨਿਕ ਡਿਵਾਈਸ ਨਾਲ ਨਕਲ ਕਰਦੇ ਪ੍ਰੀਖਿਆਰਥੀ ਕਾਬੂ * 30 ਪ੍ਰੀਖਿਆਰਥੀ ਪੁਲਿਸ ਦੀ ਹਿਰਾਸਤ ’ਚ
ਜਸਵੰਤ ਸਿੰਘ ਪੁਰਬਾ
ਫ਼ਰੀਦਕੋਟ, 19 ਜੁਲਾਈ-ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਇਕ ਵਾਰ ਫ਼ਿਰ ਚਰਚਾ ਵਿਚ ਆ ਗਈ ਹੈ। ਅੱਜ ਪੰਜਾਬ ਸਰਕਾਰ ਵਲੋਂ ਫ਼ਾਰਮੇਸ਼ੀ ਅਫ਼ਸਰਾਂ ਦੀਆਂ ਅਸਾਮੀਆਂ ਲਈ ਕਰਵਾਈ ਗਈ ਭਰਤੀ ਪ੍ਰੀਖਿਆ ਵਿਚ ਇਲੈਕਟ੍ਰੋਨਿਕ ਡਿਵਾਈਸ ਰਾਹੀਂ ਨਕਲ ਕਰਨ ਦੇ ਮਾਮਲੇ ਤੋਂ ਬਾਅਦ ਪੁਲਿਸ ਨੇ 30 ਦੇ ਕਰੀਬ ਪ੍ਰੀਖਿਆਰਥੀਆਂ ਨੂੰ ਕਾਬੂ ਕਰਕੇ ਪੁੱਛਗਿੱਛ ਆਰੰਭ ਕਰ ਦਿੱਤੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਭਰਤੀ ਪ੍ਰੀਖਿਆ ਵਿਚ ਇਕ ਗਰੋਹ ਮੋਬਾਈਲ ਇਲੈਕਟ੍ਰੋਨਿਕ ਡਿਵਾਈਸ ਰਾਹੀਂ ਚੋਣਵੇਂ ਪ੍ਰੀਖਿਆਰਥੀਆਂ ਨੂੰ ਨਕਲ ਕਰਵਾ ਰਿਹਾ ਸੀ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਰਾਜ ਅੰਦਰ 450 ਫ਼ਾਰਮੇਸੀ ਅਫ਼ਸਰਾਂ ਦੀਆਂ ਆਸਾਮੀਆਂ ਨੂੰ ਭਰਨ ਲਈ ਭਰਤੀ ਪ੍ਰੀਖਿਆ ਦੀ ਜ਼ਿੰਮੇਵਾਰੀ ਬਾਬਾ ਫ਼ਰੀਦ ਯੂਨੀਵਰਸਿਟੀ ਨੂੰ ਦਿੱਤੀ ਗਈ ਸੀ। ਇਸ ਸੰਬੰਧ ਵਿਚ ਯੂਨੀਵਰਸਿਟੀ ਨੇ ਫ਼ਰੀਦਕੋਟ, ਕੋਟਕਪੂਰਾ ਅਤੇ ਫ਼ਿਰੋਜ਼ਪੁਰ ’ਚ 25 ਪ੍ਰੀਖਿਆ ਕੇਂਦਰ ਬਣਾਏ ਹੋਏ ਸਨ। ਅੱਜ ਦੀ ਪ੍ਰੀਖਿਆ ਵਿਚ ਕਰੀਬ 7 ਹਜ਼ਾਰ ਪ੍ਰੀਖਿਆਰਥੀ ਪ੍ਰੀਖਿਆ ਦੇਣ ਆਏ ਸਨ। ਜਾਣਕਾਰੀ ਅਨੁਸਾਰ ਇਸ ਪ੍ਰੀਖਿਆ ਸੰਬੰਧੀ ਪਹਿਲਾਂ ਹੀ ਖੁਫ਼ੀਆਂ ਰਿਪੋਰਟਾਂ ਸਨ ਕਿ ਪ੍ਰੀਖਿਆ ਕੇਂਦਰਾਂ ਵਿਚ ਨਕਲ ਹੋਣ ਦੀ ਸੰਭਾਵਨਾ ਹੈ। ਪ੍ਰੰਤੂ ਪ੍ਰੀਖਿਆ ਅਮਲੇ ਨੇ ਉਮੀਦਵਾਰਾਂ ਦੇ ਸਵੇਰੇ ਦਾਖਲੇ ਸਮੇਂ ਪੂਰੀ ਤਰ੍ਹਾਂ ਜਾਂਚ ਨਹੀਂ ਕੀਤੀ, ਜਿਸ ਕਾਰਨ ਇਲੈਕਟ੍ਰੋਨਿਕ ਡਿਵਾਈਸ ਪ੍ਰੀਖਿਆਰਥੀ ਆਪਣੇ ਨਾਲ ਪ੍ਰੀਖਿਆ ਕੇਂਦਰ ਵਿਚ ਲੈ ਗਏ। ਇਸ ਸਾਰੇ ਮਾਮਲੇ ਪ੍ਰਤੀ ਯੂਨੀਵਰਸਿਟੀ ਅਧਿਕਾਰੀਆਂ ਦੀ ਲਾਪ੍ਰਵਾਹੀ ਹੀ ਕਿਹਾ ਜਾ ਸਕਦਾ ਹੈ। ਇਹ ਪ੍ਰੀਖਿਆ ਸਵੇਰੇ 11 ਵਜੇ ਤੋਂ 1 ਵਜੇ ਤੱਕ ਕਰਵਾਈ ਜਾਣੀ ਸੀ। ਪੇਪਰ ਦੇ ਅਖੀਰ ਵਿਚ ਮਿਲੀ ਰਿਪੋਰਟ ਅਨੁਸਾਰ ਇਕ ਪ੍ਰੀਖਿਆਰਥੀ ਨਕਲ ਮਾਮਲੇ ਵਿਚ ਕਾਬੂ ਆ ਗਿਆ। ਉਸ ਪ੍ਰੀਖਿਆਰਥੀ ਨੇ 11 ਹੋਰ ਪ੍ਰੀਖਿਆਰਥੀਆਂ ਦਾ ਨਾਂਅ ਪ੍ਰੀਖਿਆ ਕੇਂਦਰ ’ਚ ਹੀ ਦੱਸ ਦਿੱਤਾ, ਜਿਨ੍ਹਾਂ ਨੇ ਡਿਵਾਈਸ ਰਾਹੀਂ ਪ੍ਰੀਖਿਆ ਕੀਤੀ ਹੈ। ਇਸ ਤੋਂ ਬਾਅਦ ਪੁਲਿਸ ਨੇ ਸਾਰੇ ਪ੍ਰੀਖਿਆ ਕੇਂਦਰ ਬੰਦ ਕਰਵਾ ਦਿੱਤੇ ਤੇ ਕਿਸੇ ਵੀ ਪ੍ਰੀਖਿਆਰਥੀ ਨੂੰ ਬਾਹਰ ਨਹੀਂ ਜਾਣ ਦਿੱਤਾ। ਪ੍ਰੀਖਿਆ ਕੇਂਦਰਾਂ ਵਿਚ ਪ੍ਰੀਖਿਆਰਥੀਆਂ ਦੀ ਪੂਰੀ ਜਾਂਚ ਕੀਤੀ ਗਈ। ਜਾਣਕਾਰੀ ਅਨੁਸਾਰ 30 ਦੇ ਕਰੀਬ ਪ੍ਰੀਖਿਆਰਥੀ, ਜਿਨ੍ਹਾਂ ’ਚ ਫ਼ਰੀਦਕੋਟ ’ਚ 11, ਕੋਟਕਪੂਰਾ ’ਚ 7 ਅਤੇ ਫ਼ਿਰੋਜ਼ਪੁਰ ਪ੍ਰੀਖਿਆ ਕੇਂਦਰਾਂ ਦੇ 12 ਪ੍ਰੀਖਿਆਰਥੀ ਸ਼ਾਮਿਲ ਹਨ, ਪੁਲਿਸ ਆਪਣੇ ਨਾਲ ਲੈ ਗਈ, ਜਿਨ੍ਹਾਂ ਤੋਂ ਪੁੱਛਗਿੱਛ ਸਿਟੀ ਥਾਣਾ ਫ਼ਰੀਦਕੋਟ ਵਿਖੇ ਕੀਤੀ ਜਾ ਰਹੀ ਹੈ।ਇਸ ਭਰਤੀ ਪ੍ਰੀਖਿਆ ਦੀ ਪ੍ਰਬੰਧਕ ਡਾ. ਨੀਤੂ ਕੁੱਕੜ ਨੇ ਦੱਸਿਆ ਕਿ ਅੱਜ ਨਕਲ ਦਾ ਪਹਿਲਾ ਮਾਮਲਾ ਸਵੇਰੇ 11:15 ਵਜੇ ਫ਼ਰੀਦਕੋਟ ਵਿਖੇ ਸਾਹਮਣੇ ਆਇਆ। ਯੂਨੀਵਰਸਿਟੀ ਦੇ ਨਿਗਰਾਨਾਂ ਨੇ ਅਜਿਹਾ ਕਰਦਿਆਂ ਪ੍ਰੀਖਿਆਰਥੀ ਨੂੰ ਕਾਬੂ ਕੀਤਾ, ਜਿਸ ਦੀ ਜਾਣਕਾਰੀ ਬਾਅਦ ’ਚ ਪੁਲਿਸ ਨੂੰ ਭੇਜੀ ਗਈ। ਪੁਲਿਸ ਨੇ ਕਾਰਵਾਈ ਕਰਦਿਆਂ ਹੋਰ ਪ੍ਰੀਖਿਆਰਥੀਆਂ ਨੂੰ ਵੀ ਕਾਬੂ ਕੀਤਾ ਹੈ।
ਪੁਲਿਸ ਨੇ ਅਧਿਕਾਰਤ ਤੌਰ ’ਤੇ ਨਹੀਂ ਨਹੀਂ ਕੀਤੀ ਪੁਸ਼ਟੀ
ਫ਼ਰੀਦਕੋਟ ਪੁਲਿਸ ਨੇ ਫ਼ਾਰਮੇਸੀ ਅਫ਼ਸਰਾਂ ਦੀਆਂ ਅਸਾਮੀਆਂ ਲਈ ਨਕਲ ਮਾਮਲੇ ਵਿਚ ਜਿਨ੍ਹਾਂ ਉਮੀਦਵਾਰਾਂ ਨੂੰ ਆਪਣੀ ਹਿਰਾਸਤ ਵਿਚ ਲਿਆ ਹੈ। ਉਨ੍ਹਾਂ ਦੀ ਜਨਤਕ ਤੌਰ ’ਤੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ। ਪੁਲਿਸ ਇਨ੍ਹਾਂ ਉਮੀਦਵਾਰਾਂ ਤੋਂ ਪੁੱਛਗਿੱਛ ਕਰਕੇ ਇਸ ਨਾਲ ਜੁੜੇ ਗਰੋਹ ਦਾ ਪਤਾ ਲਗਾ ਰਹੀ ਹੈ, ਜਿਸ ਨੇ ਇਨ੍ਹਾਂ ਉਮੀਦਵਾਰਾਂ ਨੂੰ ਇਲੈਕਟ੍ਰੋਨਿਕ ਡਿਵਾਈਸ ਰਾਹੀਂ ਨਕਲ ਕਰਵਾਈ ਹੈ। ਇਸ ਗਰੋਹ ਦੇ ਸਰਗਰਮ ਹੋਣ ਬਾਰੇ ਪੁਲਿਸ ਨੂੰ ਪਹਿਲਾਂ ਹੀ ਸੂਚਨਾ ਮਿਲੀ ਸੀ। ਸੂਚਨਾ ਦੇ ਆਧਾਰ ’ਤੇ ਕੀਤੀ ਗਈ ਕਾਰਵਾਈ ਦੌਰਾਨ ਇਹ ਮਾਮਲੇ ਸਾਹਮਣੇ ਆਏ ਹਨ। ਜਾਂਚ ਦੌਰਾਨ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਗਰੋਹ ਨੇ ਉਮੀਦਵਾਰਾਂ ਤੱਕ ਇਹ ਇਲੈਕਟ੍ਰੋਨਿਕ ਡਿਵਾਈਸ ਕਿਵੇਂ ਪਹੁੰਚਾਏ ਸਨ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪੂਰੇ ਮਾਮਲੇ ਅਤੇ ਗਰੋਹ ਦੇ ਨੈਟਵਰਕ ਬਾਰੇ ਸਥਿਤੀ ਸਪਸ਼ਟ ਹੋਣ ਦੀ ਸੰਭਾਵਨਾ ਹੈ।
ਫ਼ਾਰਮੇਸੀ ਅਫ਼ਸਰਾਂ ਦੀ ਭਰਤੀ ਪ੍ਰੀਖਿਆ ’ਚ ਨਕਲ ਦਾ ਪਰਦਾਫ਼ਾਸ਼
ਅਜੀਤ ਡੈਸਕ
20-07-2026