ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 20 ਜੁਲਾਈ -ਪੰਜਾਬ ਕਾਂਗਰਸ ’ਚ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਖੁੱਲ੍ਹੀ ਖਾਨਾਜੰਗੀ ਖ਼ਤਮ ਕਰਾਉਣ ਲਈ ਕਾਂਗਰਸ ਹਾਈਕਮਾਨ ਨੇ ਇਕ ਵਾਰ ਫਿਰ ਸਰਗਰਮੀ ਦਿਖਾਈ ਹੈ। ਜਾਣਕਾਰੀ ਅਨੁਸਾਰ ਹਾਈਕਮਾਨ ਵਲੋਂ ਪੰਜਾਬ ਕਾਂਗਰਸ ਦੇ ਦੋਵੇਂ ਧੜਿਆਂ ਨਾਲ ਸਬੰਧਤ ਸੀਨੀਅਰ ਆਗੂਆਂ ਨੂੰ ਦਿੱਲੀ ਸੱਦਿਆ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਸਮੇਤ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਪੰਜਾਬ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਹੁਣ ਜਨਤਕ ਤੌਰ ’ਤੇ ਸਾਹਮਣੇ ਆ ਰਹੀ ਹੈ, ਜਿਸ ਨਾਲ ਪਾਰਟੀ ਦੀ ਦਿੱਖ ਪ੍ਰਭਾਵਿਤ ਹੋ ਰਹੀ ਹੈ। ਇਸ ਕਾਰਨ ਹਾਈਕਮਾਨ ਨੇ ਫ਼ੈਸਲਾ ਕੀਤਾ ਹੈ ਕਿ ਕਿਸੇ ਵੀ ਜਥੇਬੰਦਕ ਐਲਾਨ ਜਾਂ ਵੱਡੇ ਫ਼ੈਸਲੇ ਤੋਂ ਪਹਿਲਾਂ ਦੋਵੇਂ ਧੜਿਆਂ ਦੇ ਵਿਚਾਰ ਇਕ ਵਾਰ ਫਿਰ ਸੁਣੇ ਜਾਣ । ਜਾਣਕਾਰੀ ਅਨੁਸਾਰ ਦਿੱਲੀ ਵਿਚ ਹੋਣ ਵਾਲੀ ਇਸ ਅਹਿਮ ਮੀਟਿੰਗ ਦੌਰਾਨ ਦੋਵੇਂ ਧੜਿਆਂ ਦੇ ਆਗੂਆਂ ਨੂੰ ਆਪਣੀ ਰਾਏ ਅਤੇ ਇਤਰਾਜ਼ ਰੱਖਣ ਦਾ ਮੌਕਾ ਦਿੱਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਪਾਰਟੀ ਹਾਈਕਮਾਨ ਹਰ ਆਗੂ ਦੀ ਗੱਲ ਸੁਣਨ ਤੋਂ ਬਾਅਦ ਅਜਿਹਾ ਰਾਹ ਕੱਢਣਾ ਚਾਹੁੰਦਾ ਹੈ, ਜਿਸ ਨਾਲ ਸੰਗਠਨ ਵਿਚ ਏਕਤਾ ਬਣੀ ਰਹੇ। ਹਾਲਾਂਕਿ ਨਾਰਾਜ਼ ਧੜੇ ਵਲੋਂ ਲਗਾਤਾਰ ਰਾਹੁਲ ਗਾਂਧੀ ਨਾਲ ਮੁਲਾਕਾਤ ਦੀ ਮੰਗ ਕੀਤੀ ਜਾ ਰਹੀ ਹੈ ਪਰ ਉੱਚ ਪੱਧਰੀ ਸੂਤਰਾਂ ਅਨੁਸਾਰ ਕੱਲ੍ਹ ਹੋਣ ਜਾ ਰਹੀ ਮੀਟਿੰਗ ਕਾਂਗਰਸ ਪਾਰਟੀ ਪ੍ਰਧਾਨ ਮਲਿਕਅਰਜੁਨ ਖੜਗੇ ਅਤੇ ਕੇ.ਸੀ ਵੇਨੂ ਗੋਪਾਲ ਨਾਲ ਹੀ ਹੋਵੇਗੀ ਅਤੇ ਜੇਕਰ ਇਸ ਮੀਟਿੰਗ ਦੌਰਾਨ ਦੋਵੇਂ ਧੜਿਆਂ ਦੀ ਹਰ ਮੁੱਦੇ ਨੂੰ ਲੈ ਕੇ ਸਹਿਮਤੀ ਬਣਦੀ ਹੈ ਤਾਂ ਰਾਹੁਲ ਗਾਂਧੀ ਇਸ ਤੋਂ ਬਾਅਦ ਮੁਲਾਕਾਤ ਦਾ ਸਮਾਂ ਦੇ ਸਕਦੇ ਹਨ।ਮੀਟਿੰਗ ਵਿਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਰਾਣਾ ਗੁਰਜੀਤ ਸਿੰਘ ਸਮੇਤ ਦੋਵੇਂ ਧੜਿਆਂ ਦੇ ਸੀਨੀਅਰ ਅਤੇ ਮੁੱਖ ਆਗੂ ਸ਼ਾਮਿਲ ਹੋ ਸਕਦੇ ਹਨ। ਸੂਤਰਾਂ ਮੁਤਾਬਕ ਮੀਟਿੰਗ ਦੌਰਾਨ ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ਵਿਚ ਤਬਦੀਲੀ ਦੇ ਮੁੱਖ ਮੁੱਦੇ ਦੇ ਇਲਾਵਾ, ਪਾਰਟੀ ਅਨੁਸ਼ਾਸਨ, ਵਰਕਰਾਂ ਦੀ ਭੂਮਿਕਾ, ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਆਗਾਮੀ ਜਨ ਅੰਦੋਲਨਾਂ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਵਰਗੇ ਮੁੱਦਿਆਂ ’ਤੇ ਵੀ ਚਰਚਾ ਹੋ ਸਕਦੀ ਹੈ। ਸਿਆਸੀ ਹਲਕਿਆਂ ਵਿਚ ਇਹ ਚਰਚਾ ਵੀ ਜ਼ੋਰਾਂ ’ਤੇ ਹੈ ਕਿ ਹਾਈਕਮਾਨ ਹੁਣ ਪੰਜਾਬ ਕਾਂਗਰਸ ਵਿਚ ਲੰਬੇ ਸਮੇਂ ਤੋਂ ਚੱਲ ਰਹੀ ਅਸਪਸ਼ਟਤਾ ਨੂੰ ਖ਼ਤਮ ਕਰਕੇ ਸੰਗਠਨ ਨੂੰ ਸਪੱਸ਼ਟ ਦਿਸ਼ਾ ਦੇਣ ਦੇ ਪੱਖ ਵਿੱਚ ਹੈ। ਦੱਸਿਆ ਜਾ ਰਿਹਾ ਕਿ ਕਾਂਗਰਸ ਹਾਈ ਕਮਾਨ ਦਾ ਇਹ ਮੰਨਣਾ ਹੈ ਕਿ ਜਿੱਥੇ ਪੰਜਾਬ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ, ਭਾਜਪਾ ਅਤੇ ਅਕਾਲੀ ਦਲ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣੀਆਂ ਸਰਗਰਮੀਆਂ ਵਿਚ ਲੱਗੇ ਹੋਏ ਹਨ ਉੱਥੇ ਕਾਂਗਰਸ ਆਪਣੇ ਹੀ ਕਾਟੋ ਕਲੇਸ਼ ਵਿਚ ਉਲਝੀ ਦਿਖਾਈ ਦੇ ਰਹੀ ਹੈ ਅਤੇ ਲੋਕਾਂ ਵਿਚ ਵੱਧ ਰਹੇ ਇਸ ਪ੍ਰਭਾਵ ਨੂੰ ਤੋੜਨ ਲਈ ਕੋਈ ਵਿਚਲਾ ਰਸਤਾ ਕੱਢਣ ਲਈ ਇਹ ਮੀਟਿੰਗ ਸੱਦੀ ਗਈ ਹੈ। ਮੰਨਿਆਂ ਜਾ ਰਿਹਾ ਹੈ ਕਿ ਇਸ ਮੀਟਿੰਗ ਤੋਂ ਬਾਅਦ ਕੁਝ ਮਹੱਤਵਪੂਰਨ ਫ਼ੈਸਲੇ ਵੀ ਸਾਹਮਣੇ ਆ ਸਕਦੇ ਹਨ, ਹਾਲਾਂਕਿ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।
ਹਾਈਕਮਾਨ ਨਾਲ ਲੰਮੇ ਮੰਥਨ ਦੇ ਬਾਵਜੂਦ ਨਹੀਂ ਮੁੱਕੀ ਪੰਜਾਬ ਕਾਂਗਰਸ ਦੀ ਖਾਨਾਜੰਗੀ
ਅਜੀਤ ਡੈਸਕ
21-07-2026