ਸੁਨਾਮ ਊਧਮ ਸਿੰਘ ਵਾਲਾ (ਸੰਗਰੂਰ), 20 ਜੁਲਾਈ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸੁਨਾਮ ’ਚ ਸ਼ਹੀਦ ਊਧਮ ਸਿੰਘ ਦਾ ਮਿਊਜ਼ੀਅਮ ਬਣੇ ਨੂੰ ਪੰਜ ਸਾਲ ਹੋਣ ਦੇ ਬਾਵਜੂਦ ਵੀ ਸ਼ਹੀਦ ਊਧਮ ਸਿੰਘ ਨਾਲ ਸਬੰਧਿਤ ਅੱਜ ਤੱਕ ਇਕ ਵੀ ਚੀਜ ਲਿਆ ਕੇ ਨਹੀ ਰੱਖੀ ਗਈ ਜਦੋਂ ਕਿ ਮਹਾਨ ਸ਼ਹੀਦ ਦਾ ਸਮਾਨ ਦੇਸ਼ ਵਿਦੇਸ਼ ਵਿਚ ਰੁਲ ਰਿਹਾ ਹੈ।ਇਸ ਸਬੰਧੀ ਗੱਲਬਾਤ ਕਰਦਿਆਂ ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਦੇ ਸੂਬਾ ਪ੍ਰਧਾਨ ਬਲਬੀਰ ਲੌਂਗੋਵਾਲ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਦੀ ਦੇਹ ਵਾਲਾ ਤਾਬੂਤ ਇੰਗਲੈਂਡ ਤੋ 31 ਜੁਲਾਈ 1974 ਨੂੰ ਸੁਨਾਮ ਊਧਮ ਸਿੰਘ ਵਾਲਾ ਵਿਚ ਲਿਆਂਦਾ ਗਿਆ ਸੀ ਅਤੇ ਸੰਸਕਾਰ ਤੋਂ ਬਾਅਦ ਅਸਥੀਆਂ ਦੇ ਸੱਤ ਕਲਸ਼ ਤਿਆਰ ਕੀਤੇ ਗਏ ਸੀ, ਜਿਨ੍ਹਾਂ ’ਚੋਂ ਸ਼ਹੀਦ ਦੇ ਦੋ ਕਲਸ਼ ਸ਼ਹਿਰ ਵਿਚ ਮਿਊਜ਼ੀਅਮ ਨਾ ਹੋਣ ਕਾਰਨ ਉਸ ਸਮੇਂ ਸਥਾਨਕ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਦੀ ਲਾਇਬਰੇਰੀ ਵਿੱਚ ਰੱਖ ਦਿੱਤੇ ਗਏ ਸਨ ਪਰ ਹੁਣ ਸੁਨਾਮ ਊਧਮ ਸਿੰਘ ਵਾਲਾ ਵਿਚ 31 ਜੁਲਾਈ 2021 ਨੂੰ ਸ਼ਹੀਦ ਦਾ ਮਿਊਜ਼ੀਅਮ ਬਣ ਚੁੱਕਿਆ ਹੈ, ਜਿਸ ਨੂੰ ਬਣੇ ਪੰਜ ਸਾਲ ਹੋਣ ਵਾਲੇ ਹਨ ਪਰ ਅਜੇ ਤੱਕ ਵੀ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਦੇ ਕਲਸ਼ ਸਰਕਾਰੀ ਕਾਲਜ ਸੁਨਾਮ ਦੀ ਲਾਇਬ੍ਰਰੀ ਵਿਚ ਪਏ ਹਨ ਅਤੇ ਉਨ੍ਹਾਂ ਨੂੰ ਮਿਊਜ਼ੀਅਮ ਵਿਚ ਲਿਆ ਕੇ ਨਹੀ ਰੱਖਿਆ ਗਿਆ । ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਦੇ ਸੂਬਾ ਜਨਰਲ ਸਕੱਤਰ ਇਤਿਹਾਸਕਾਰ ਰਾਕੇਸ਼ ਕੁਮਾਰ ਨੇ ਕਿਹਾ ਕਿ ਸਿਰਫ਼ 31 ਜੁਲਾਈ ਨੂੰ ਸ਼ਹੀਦ ਦੇ ਸ਼ਹੀਦੀ ਦਿਹਾੜੇ ਤੇ ਇਕ ਦਿਨ ਲਈ ਕਾਲਜ ਤੋਂ ਇਕ ਕਲਸ਼ ਲੈ ਕੇ ਮਿਊਜ਼ੀਅਮ ਵਿਚ ਰੱਖ ਦਿੱਤਾ ਜਾਂਦਾ ਹੈ ਅਤੇ ਸ਼ਾਮ ਨੂੰ ਮੁੜ ਕਾਲਜ ਵਿਚ ਵਾਪਸ ਰਖਵਾ ਦਿੱਤਾ ਜਾਂਦਾ ਹੈ। ਮੰਚ ਦੇ ਆਗੂ ਜੁਝਾਰ ਲੌਂਗੋਵਾਲ, ਲਾਭ ਛਾਜਲਾ, ਜਸਬੀਰ ਨਮੋਲ, ਸੁਰਿੰਦਰ ਉਪਲੀ ਸੰਗਰੂਰ, ਚਮਕੌਰ ਮਹਿਲਾਂ, ਗੁਰਦੀਪ ਲਹਿਰਾ, ਡਾ. ਦਰਸ਼ਨ ਖੇੜੀ ਲੁਧਿਆਣਾ, ਡਾਕਟਰ ਹਰਭਗਵਾਨ ਬਰਨਾਲਾ, ਐਡਵੋਕੇਟ ਰਾਜੀਵ ਲੋਹਟਬੱਦੀ ਪਟਿਆਲਾ, ਹਰਗੋਬਿੰਦ ਸ਼ੇਰਪੁਰ, ਜਗਦੇਵ ਸ਼ਰਮਾ, ਦਰਸ਼ਨ ਸਿੰਘ ਸੁਨਾਮ, ਤਾਰਾ ਸਿੰਘ, ਭੀਮ ਚੰਦ ਛਾਜਲੀ, ਸੁਖਜਿੰਦਰ ਸਿੰਘ, ਰਾਮਪਾਲ ਸ਼ਰਮਾ, ਪਵਨ ਸ਼ਰਮਾ ਸੁਨਾਮ, ਪ੍ਰੋਫੈਸਰ ਨਿਰਭੈ ਸਿੰਘ ਸੰਗਰੂਰ, ਪ੍ਰੇਮ ਸਰੂਪ ਛਾਜਲੀ, ਗੁਰਚਰਨ ਸਿੰਘ ਖੋਖਰ, ਹਰਭਗਵਾਨ ਗੁਰਨੇ ਨੇ ਸਰਕਾਰ ਤੋਂ ਸ਼ਹੀਦ ਦੇ ਸ਼ਹੀਦੀ ਦਿਹਾੜੇ 31 ਜੁਲਾਈ ਤੋਂ ਪਹਿਲਾਂ ਸ਼ਹੀਦ ਦੀਆਂ ਅਸਥੀਆਂ ਦੇ ਦੋਵੇਂ ਕਲਸ਼ ਨੂੰ ਸੁਨਾਮ ਊਧਮ ਸਿੰਘ ਵਾਲਾ ਵਿਖੇ ਬਣੇ ਮਿਊਜ਼ੀਅਮ ਵਿੱਚ ਪੱਕੇ ਤੌਰ ’ਤੇ ਰੱਖਣ ਦੀ ਮੰਗ ਕੀਤੀ।
ਮਿਊਜ਼ੀਅਮ ਬਣਨ ਦੇ ਬਾਵਜੂਦ ਵੀ ਰੁਲ ਰਹੇ ਨੇ ਸ਼ਹੀਦ ਦੀਆਂ ਅਸਥੀਆਂ ਦੇ ਕਲਸ-ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ
ਅਜੀਤ ਡੈਸਕ
21-07-2026