ਤਰਨ ਤਾਰਨ, 20 ਜੁਲਾਈ (ਹਰਿੰਦਰ ਸਿੰਘ)–ਆਸਟ੍ਰੇਲੀਆ ਦੇ ਏਜ ਕੇਅਰ ਅਤੇ ਸੀਨਿਅਰਜ਼ ਦੇ ਮਨਿਸਟਰ ਮਿ. ਔਨ ਸੈਮ ਰੇ ਵਲੋਂ ਮੈਲਬੌਰਨ ਵਿਖੇ ਕਰਵਾਏ ਗਏ ਇਕ ਵਿਸ਼ੇਸ਼ ਸਮਾਗਮ ਦੌਰਾਨ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਪ੍ਰੀਤਮ ਸਿੰਘ ਨੇ ਆਖਿਆ ਕਿ ਬਾਬਾ ਸੁੱਖਾ ਸਿੰਘ ਨੇ ਜਿੱਥੇ ਹੜ੍ਹਾਂ ਆਦਿਕ ਕੁਦਰਤੀ ਆਫਤਾਂ ਵੇਲੇ ਮਾਨਵਤਾ ਦੇ ਮਹਾਨ ਰਾਖੇ ਵਜੋਂ ਨਿਰਸਵਾਰਥ ਸੇਵਾਵਾਂ ਕੀਤੀਆਂ ਹਨ, ਉਥੇ ਵਿੱਦਿਆ ਦੇ ਪ੍ਰਸਾਰ ਲਈ ਸਕੂਲਾਂ, ਕਾਲਜਾਂ ਦੀ ਸਥਾਪਨਾ ਕਰਕੇ ਲੋਕਾਂ ਦੀ ਤਰੱਕੀ ਦਾ ਵਸੀਲਾ ਬਣੇ ਹਨ। ਵਾਤਾਵਰਨ ਸੰਭਾਲ ਦੇ ਅਮਲ ਵੀ ਸਦਾ ਉਨ੍ਹਾਂ ਦੇ ਜੀਵਨ ਮਨੋਰਥ ਵਿਚ ਸ਼ਾਮਿਲ ਰਹੇ ਹਨ। ਇਸ ਦੇ ਨਾਲ-ਨਾਲ ਉਨ੍ਹਾਂ ਦੀ ਅਧਿਆਤਮਿਕ ਅਗਵਾਈ ਵੀ ਮਨੁੱਖ ਨੂੰ ਆਤਮਿਕ ਤੌਰ ’ਤੇ ਪਵਿੱਤਰ ਅਤੇ ਬਲਵਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਬਾਬਾ ਸੁੱਖਾ ਸਿੰਘ ਆਪਣੀਆਂ ਸੇਵਾਵਾਂ ਰਾਹੀਂ ਆਸਟ੍ਰੇਲੀਆ ਸਮੇਤ ਵਿਸ਼ਵ ਭਰ ਵਿਚ ਲੋਕਾਂ ਨੂੰ ਏਕਤਾ, ਸਦਭਾਵਨਾ ਅਤੇ ਮਨੁੱਖਤਾ ਦੀ ਸੇਵਾ ਲਈ ਪ੍ਰੇਰਿਤ ਕਰ ਰਹੇ ਹਨ। ਸਮਾਗਮ ਵਿਚ ਮਨਿਸਟਰ ਔਨ ਸੈਮ ਰੇ ਬਾਬਾ ਸੁੱਖਾ ਸਿੰਘ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਪ੍ਰਸ਼ੰਸਾ ਪੱਤਰ ਭੇਟ ਕੀਤਾ। ਇਸ ਮੌਕੇ ਅਵਤਾਰ ਸਿੰਘ, ਅਮਰੀਕ ਸਿੰਘ, ਸੰਦੀਪ ਸਿੰਘ ਅਤੇ ਜਸਪਾਲ ਸਿੰਘ ਸਮੇਤ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।
ਆਸਟ੍ਰੇਲੀਆ ਦੇ ਮਨਿਸਟਰ ਔਨ ਸੈਮ ਰੇ ਵਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ
ਅਜੀਤ ਡੈਸਕ
21-07-2026