ਖੰਨਾ, 20 ਜੁਲਾਈ (ਹਰਜਿੰਦਰ ਸਿੰਘ ਲਾਲ)-ਖੰਨਾ ਵਿਚ 15 ਜੁਲਾਈ ਨੂੰ ਮਗਨਰੇਗਾ ਮਜ਼ਦੂਰਾਂ ਵਲੋਂ ਖੰਨਾ ਵਿਚ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਘਰ ਨੂੰ ਘੇਰਨ ਦੀ ਕੋਸ਼ਿਸ਼ ਸਮੇਂ ਹੋਏ ਲਾਠੀਚਾਰਜ ਤੋਂ ਬਾਅਦ ਮਗਨਰੇਗਾ ਕਰਮਚਾਰੀ ਯੂਨੀਅਨ ਵਿਚ ਹੋਇਆ ਸਮਝੌਤਾ ਟੁੱਟ ਗਿਆ, ਜਦੋਂ ਅੱਜ ਮਨਰੇਗਾ ਕਰਮਚਾਰੀ ਯੂਨੀਅਨ ਨੇ ਦੋਬਾਰਾ ਮੰਤਰੀ ਸੌਂਦ ਦੀ ਕੋਠੀ ਅੱਗੇ ਧਰਨਾ ਦੇਣ ਦੀ ਕੋਸ਼ਿਸ਼ ਕੀਤੀ। ਪਰ ਇਸ ਮੌਕੇ ਤਾਇਨਾਤ ਪੁਲਿਸ ਨੇ ਬਹੁਤ ਸਾਰੇ ਮਗਨਰੇਗਾ ਮਜ਼ਦੂਰਾਂ ਨੂੂੰ ਧਰਨਾ ਸਥਾਨ ’ਤੇ ਪਹੁੰਚਣ ਹੀ ਨਹੀਂ ਦਿੱਤਾ ਜਦੋਂ ਕਿ ਐਸ. ਐਸ. ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਅਨੁਸਾਰ ਗੜਬੜ ਰੋਕਣ ਲਈ 100 ਦੇ ਕਰੀਬ ਲੋਕਾਂ ਨੂੰ ਹਿਰਾਸਤ ਵਿਚ ਲੈ ਕੇ ਬਾਅਦ ਵਿਚ ਛੱਡ ਦਿੱਤਾ ਗਿਆ ਹੈ। ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਸ਼ਰਮਾ ਸ਼ੁਭੀ, ਜੋ ਮਨਰੇਗਾ ਮਜ਼ਦੂਰਾਂ ਦੇ ਸਮਰਥਨ ਲਈ ਖੰਨਾ ਜਾ ਰਹੇ ਸਨ, ਨੂੰ ਵੀ ਖੰਨਾ ਪੁਲਿਸ ਨੇ ਪਾਇਲ ਨੇੜੇ ਹਿਰਾਸਤ ਵਿਚ ਲੈ ਲਿਆ। ਇਸ ਮੌਕੇ ਸ਼ੁਭੀ ਦੇ ਕੁੱਝ ਸਮਰਥਕਾਂ ਨੂੰ ਵੀ ਹਿਰਾਸਤ ਵਿਚ ਲੈ ਕੇ ਪਾਇਲ ਪੁਲਿਸ ਸਟੇਸ਼ਨ ਲਿਜਾਇਆ ਗਿਆ। ਸ਼ੁਭਮ ਸ਼ਰਮਾ ਨੇ ਕਿਹਾ ਕਿ ਪੰਜਾਬ ਯੂਥ ਕਾਂਗਰਸ ਮਗਨਰੇਗਾ ਮਜ਼ਦੂਰਾਂ ਨੂੰ ਇਨਸਾਫ਼ ਮਿਲਣ ਤੱਕ ਆਪਣਾ ਸੰਘਰਸ਼ ਜਾਰੀ ਰੱਖੇਗੀ। ਪੁਲਿਸ ਦੀ ਸਖ਼ਤ ਨਾਕਾਬੰਦੀ ਦੇ ਬਾਵਜੂਦ, ਕੁੱਝ ਮਨਰੇਗਾ ਵਰਕਰ ਅਤੇ ਯੂਨੀਅਨ ਆਗੂ ਵੱਖ-ਵੱਖ ਰਸਤਿਆਂ ਰਾਹੀਂ ਖੰਨਾ ਵਿਚ ਦਾਖਲ ਹੋਣ ਵਿਚ ਕਾਮਯਾਬ ਹੋ ਗਏ। ਜਿਵੇਂ ਹੀ ਉਹ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਨਿਵਾਸ ਵੱਲ ਵਧ ਰਹੇ ਸਨ, ਪੁਲਿਸ ਨੇ ਉਨ੍ਹਾਂ ਨੂੰ ਮੰਤਰੀ ਦੇ ਨਿਵਾਸ ਤੋਂ ਕੁੱਝ ਦੂਰੀ ’ਤੇ ਰੋਕ ਲਿਆ। ਜਿਸ ’ਤੇ ਉਨ੍ਹਾਂ ਨੇ ਖੰਨਾ-ਅਮਲੋਹ ਰੋਡ ’ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਅਤੇ ਧਰਨਾ ਦਿੱਤਾ। ਜਾਣਕਾਰੀ ਅਨੁਸਾਰ ਸ਼ਾਮ 7 ਵਜੇ ਤੋਂ ਬਾਅਦ ਤਰੁਨਪ੍ਰੀਤ ਸਿੰਘ ਸੌਂਦ ਅਤੇ ਮਗਨਰੇਗਾ ਮਜ਼ਦੂਰਾਂ ਅਤੇ ਆਗੂਆਂ ਦਰਮਿਆਨ ਗੁਪਤ ਗੱਲਬਾਤ ਚੱਲ ਰਹੀ ਹੈ ਪਰ ਅਧਿਕਾਰਤ ਸੂਤਰ ਇਸ ਦੀ ਪੁਸ਼ਟੀ ਨਹੀਂ ਕਰ ਰਹੇ। ਇਸ ਦਰਮਿਆਨ ਜਦੋਂ ਮੰਤਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਗੱਲ ਨਹੀਂ ਹੋ ਸਕੀ। ਜਦੋਂ ਕਿ ਉਨ੍ਹਾਂ ਨੇ ਇਸ ਬਾਰੇ ਕੀਤੇ ਗਏ ਵਟਸਐਪ ਸੁਨੇਹੇ ਦਾ ਜਵਾਬ ਵੀ ਨਹੀਂ ਦਿੱਤਾ।
ਮੰਤਰੀ ਦੀ ਕੋਠੀ ਘੇਰਨ ਦੀ ਕੋਸ਼ਿਸ਼ ਕਰਦੇ ਮਗਨਰੇਗਾ ਮਜ਼ਦੂਰ ਅਤੇ ਹੋਰ 100 ਦੇ ਕਰੀਬ ਪੁਲਿਸ ਨੇ ਲਏ ਹਿਰਾਸਤ ’ਚ
ਅਜੀਤ ਡੈਸਕ
21-07-2026