ਪੂਜਾ ਵਧਵਾ ਮੇਅਰ, ਧਰਮਵੀਰ ਮਲਕਟ ਸੀਨੀਅਰ ਡਿਪਟੀ ਮੇਅਰ ਤੇ ਦੀਪਕ ਛਾਪੋਲਾ ਬਣੇ ਡਿਪਟੀ ਮੇਅਰ
ਫ਼ਾਜ਼ਿਲਕਾ, 21 ਜੁਲਾਈ (ਦਵਿੰਦਰ ਪਾਲ ਸਿੰਘ)-ਪੰਜਾਬ ਹਰਿਆਣਾ ਹਾਈਕੋਰਟ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਮੰਗਲਵਾਰ ਨੂੰ ਅਬੋਹਰ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈਆਂ। ਬਹੁਮਤ ਦੇ ਆਧਾਰ ’ਤੇ ਭਾਰਤੀ ਜਨਤਾ ਪਾਰਟੀ ਨੇ ਨਗਰ ਨਿਗਮ ’ਤੇ ਆਪਣਾ ਕਬਜ਼ਾ ਬਰਕਰਾਰ ਰੱਖਦਿਆਂ ਪੂਜਾ ਵਧਵਾ ਨੂੰ ਮੇਅਰ, ਧਰਮਵੀਰ ਮਲਕਟ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਦੀਪਕ ਛਾਪੋਲਾ ਨੂੰ ਡਿਪਟੀ ਮੇਅਰ ਚੁਣ ਲਿਆ ਹੈ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਫ਼ਾਜ਼ਿਲਕਾ ਦੇ ਡੀ.ਸੀ. ਦਫ਼ਤਰ ਅੰਦਰ ਚੋਣ ਪ੍ਰਕਿਰਿਆ ਦਾ ਅਮਲ ਸ਼ਾਂਤੀ ਪੂਰਵਕ ਨੇਪਰੇ ਚੜ੍ਹਿਆ। ਮਿੰਨੀ ਸਕੱਤਰੇਤ ਦੇ ਆਲੇ ਦੁਆਲੇ ਦੇ ਇਲਾਕੇ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕੀਤਾ ਗਿਆ ਸੀ, ਜਿਸ ਦਾ ਕਾਰਨ ਇਹ ਸੀ ਕਿ ਕਰੀਬ 15 ਦਿਨ ਪਹਿਲਾਂ ਅਬੋਹਰ ਵਿਖੇ ਹੋਈ ਚੋਣ ਮੌਕੇ ਭਾਜਪਾ ਨੇ ਵੱਡੇ ਪੱਧਰ ’ਤੇ ਸਰਕਾਰ ’ਤੇ ਗੜਬੜੀ ਦੇ ਦੋਸ਼ ਲਗਾਏ ਸਨ। ਉਸ ਚੋਣ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜੇਤੂ ਦੱਸਿਆ ਗਿਆ ਸੀ। ਫਿਰ ਬਾਅਦ ਵਿਚ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਨੇ ਚੋਣ ਵਾਲੇ ਦਫ਼ਤਰ ਦੀ ਘੇਰਾਬੰਦੀ ਕਰਦੇ ਹੋਏ ਧਰਨਾ ਦਿੱਤਾ ਸੀ। ਦੇਰ ਸ਼ਾਮ ਨੂੰ ਫਿਰ ਸਰਕਾਰ ਨੇ ਇਸ ਚੋਣ ਨੂੰ ਰੱਦ ਕਰਨ ਦਾ ਐਲਾਨ ਕੀਤਾ ਤਾਂ ਜਾਖੜ ਨੇ ਧਰਨਾ ਚੁੱਕਿਆ ਸੀ। ਉਸ ਤੋਂ ਬਾਅਦ ਭਾਜਪਾ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਹਾਈ ਕੋਰਟ ਨੇ ਇਹ ਚੋਣ ਅਬਜ਼ਰਵਰ ਦੀ ਨਿਗਰਾਨੀ ਹੇਠ ਕਰਵਾਉਣ ਦਾ ਫੈਸਲਾ ਸੁਣਾਇਆ ਸੀ। ਅਬੋਹਰ ਕਾਰਪੋਰੇਸ਼ਨ ਦੀ ਚੋਣ ਲਈ ਸੰਦੀਪ ਗੋਇਲ ਨੂੰ ਹਾਈ ਕੋਰਟ ਵਲੋਂ ਅਬਜ਼ਰਵਰ ਨਿਯੁਕਤ ਕੀਤਾ ਗਿਆ ਸੀ। ਮੰਗਲਵਾਰ ਹੋਈ ਇਸ ਚੋਣ ਦੌਰਾਨ ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਆਪਣੇ 28 ਸਮਰਥਕ ਕੌਂਸਲਰਾਂ ਨੂੰ ਇਕ ਬੱਸ ਵਿਚ ਬਿਠਾ ਕੇ ਸਿੱਧੇ ਡੀ.ਸੀ. ਕੰਪਲੈਕਸ ਅੰਦਰ ਚੋਣ ਵਾਲੀ ਜਗ੍ਹਾ ਪੁੱਜੇ। ਕਮਿਸ਼ਨਰ ਫਿਰੋਜਪੁਰ ਡਵੀਜ਼ਨ ਬਬੀਤਾ ਕਲੇਰ ਦੀ ਅਗਵਾਈ ਹੇਠ ਚੋਣ ਦਾ ਅਮਲ ਸ਼ੁਰੂ ਹੋਇਆ। ਇਸ ਵਿਚ ਭਾਜਪਾ ਦੇ ਮੇਅਰ ਪੂਜਾ ਵਧਵਾ, ਸੀਨੀਅਰ ਡਿਪਟੀ ਮੇਅਰ ਧਰਮਵੀਰ ਮਲਕਟ ਅਤੇ ਡਿਪਟੀ ਮੇਅਰ ਦੀਪਕ ਛਾਪੋਲਾ ਚੁਣੇ ਗਏ। ਇਸ ਚੋਣ ਵਿਚ ਆਮ ਆਦਮੀ ਪਾਰਟੀ ਦੇ 20 ਕੌਸਲਰਾਂ ਨੇ ਭਾਗ ਲਿਆ। ਭਾਜਪਾ ਦੇ 28 ਕੌਂਸਲਰ ਅਤੇ ਇਕ ਵਿਧਾਇਕ ਨੇ ਆਪਣੀ ਵੋਟ ਪਾਈ, ਜਿਸ ਤੋਂ ਬਾਅਦ ਚੋਣ ਅਮਲੇ ਨੇ ਭਾਜਪਾ ਉਮੀਦਵਾਰਾਂ ਨੂੰ ਜੇਤੂ ਕਰਾਰ ਦਿੱਤਾ। ਇਸ ਮੌਕੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਵਿਸ਼ੇਸ਼ ਤੌਰ ’ਤੇ ਫ਼ਾਜ਼ਿਲਕਾ ਪੁੱਜੇ ਹੋਏ ਸਨ। ਸੁਨੀਲ ਜਾਖੜ ਨੇ ਕਿਹਾ ਕਿ ਪਹਿਲਾ ਅਬੋਹਰ ਵਿਖੇ ਹੋਈ ਚੋਣ ਮੌਕੇ ਸਰਕਾਰ ਹਾਰ ਦੇਖ ਚੁੱਕੀ ਹੈ ਅਤੇ ਫਿਰ ਅਬੋਹਰ ਤੋਂ ਫ਼ਾਜ਼ਿਲਕਾ ਚੋਣ ਕਰਨਾ ਅਤੇ ਚੋਣ ਵਾਲੀ ਜਗ੍ਹਾ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰਨਾ ਇਸ ਸਭ ਕੁਝ ਸਰਕਾਰ ਦੀ ਨੀਅਤ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਚੋਣ ਦੌਰਾਨ ਸਰਕਾਰ ਨੇ ਆਪਣਾ ਜਲੂਸ ਕਢਵਾਇਆ ਹੈ। ਉਨ੍ਹਾਂ ਕਿਹਾ ਕਿ ਅਬੋਹਰ ਵਿਚ ਨਗਰ ਕੌਂਸਲ ਚੋਣਾਂ ਦਾ ਕੰਮ ਸ਼ਾਂਤੀਪੂਰਵਕ ਹੋਇਆ ਸੀ ਤਾਂ ਨਤੀਜਿਆਂ ਤੋਂ ਬਾਅਦ ‘ਆਪ’ ਦੇ ਹਲਕਾ ਇੰਚਾਰਜ਼ ਅਰੁਣ ਨਾਰੰਗ ਨੇ ਇਸ ਹਾਰ ਨੂੰ ਸਵੀਕਾਰ ਕੀਤਾ ਸੀ ਪਰ ਆਮ ਆਦਮੀ ਪਾਰਟੀ ਦੇ ਅਕਾਵਾਂ ਨੂੰ ਇਹ ਮਨਜ਼ੂਰ ਨਹੀਂ ਸੀ। ਇਸ ਮੌਕੇ ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਇਹ ਜੋ ਜਿੱਤ ਹੋਈ ਹੈ ਇਹ ਲੋਕਤੰਤਰ ਦੇ ਕਦਰਾਂ ਕੀਮਤਾਂ ਦੀ ਜਿੱਤ ਹੈ, ਅਬੋਹਰ ਵਾਸੀਆਂ ਦੀ ਜਿੱਤ ਹੈ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਰੰਜ਼ਮ ਕਾਮਰਾ, ਜ਼ਿਲ੍ਹਾਂ ਪ੍ਰਧਾਨ ਕਾਕਾ ਕੰਬੋਜ, ਅਸ਼ਵਨੀ ਸੇਠੀ ਅਤੇ ਹੋਰ ਭਾਜਪਾ ਵਰਕਰ ਹਾਜ਼ਰ ਸਨ।
ਅਬੋਹਰ ਨਗਰ ਨਿਗਮ ’ਤੇ ਭਾਜਪਾ ਦਾ ਕਬਜ਼ਾ
ਅਜੀਤ ਡੈਸਕ
22-07-2026