09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਫ਼ਾਜ਼ਿਲਕਾ ਨਗਰ ਕੌਂਸਲ ’ਤੇ ਭਾਜਪਾ ਦਾ ਕਬਜ਼ਾ, ਅਨੀਤਾ ਜੈਰਥ ਬਣੀ ਪ੍ਰਧਾਨ

Ad Position 21
No active advertisement
ਅਜੀਤ ਡੈਸਕ 22-07-2026

* ਭਾਜਪਾ ਉਮੀਦਵਾਰ ਨੂੰ 12 ਤੇ ਕਾਂਗਰਸ ਉਮੀਦਵਾਰ ਨੂੰ 9 ਵੋਟ ਹੋਏ ਹਾਸਲ
* ਭਾਜਪਾ ਦੇ ਭਗਵਾਨ ਚੰਦ ਬਣੇ ਸੀਨੀਅਰ ਉਪ ਪ੍ਰਧਾਨ, ਕਾਂਗਰਸ ਦੀ ਰਾਜ ਰਾਣੀ ਬਣੀ ਉਪ ਪ੍ਰਧਾਨ
ਫ਼ਾਜ਼ਿਲਕਾ, 21 ਜੁਲਾਈ (ਦਵਿੰਦਰ ਪਾਲ ਸਿੰਘ/ਅਮਰਜੀਤ ਸ਼ਰਮਾ)-ਫ਼ਾਜ਼ਿਲਕਾ ਨਗਰ ਕੌਂਸਲ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਨਿਯੁਕਤ ਕੀਤੇ ਅਬਜ਼ਰਵਰ ਰਣਵਿਜੇ ਸਿੰਘ ਦੀ ਨਿਗਰਾਨੀ ਹੇਠ ਸਥਾਨਕ ਨਗਰ ਕੌਂਸਲ ਵਿਖੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕਰਵਾਈ ਗਈ, ਜਿਸ ਵਿਚ ਭਾਜਪਾ ਦੀ ਉਮੀਦਵਾਰ ਅਨੀਤਾ ਜੈਰਥ ਜੇਤੂ ਕਰਾਰ ਦਿੱਤੇ ਗਏ। ਨਗਰ ਕੌਂਸਲ ਦੀਆਂ ਹੋਈਆਂ ਚੋਣਾਂ ਦੌਰਾਨ ਭਾਜਪਾ ਦੇ 11, ਕਾਂਗਰਸ ਦੇ 9 ਅਤੇ ਆਮ ਆਦਮੀ ਪਾਰਟੀ ਦੇ 5 ਕੌਂਸਲਰ ਜਿੱਤੇ ਸਨ। ਚੋਣਾਂ ਤੋਂ ਥੋੜ੍ਹੇ ਸਮੇਂ ਬਾਅਦ ਹੀ ਆਮ ਆਦਮੀ ਪਾਰਟੀ ਦਾ ਇਕ ਕੌਂਸਲਰ ਭਗਵਾਨ ਚੰਦ ਭਾਜਪਾ ਵਿਚ ਸ਼ਾਮਿਲ ਹੋ ਗਿਆ ਸੀ। ਅੱਜ ਚੋਣ ਪ੍ਰਕਿਰਿਆ ਵਿਚ ਭਾਜਪਾ ਦੇ 12 ਅਤੇ ਕਾਂਗਰਸ ਦੇ 9 ਕੌਂਸਲਰਾਂ ਨੇ ਹਿੱਸਾ ਲਿਆ, ਜਦਕਿ ਆਮ ਆਦਮੀ ਪਾਰਟੀ ਨਾਲ ਸੰਬੰਧਿਤ 4 ਕੌਂਸਲਰ ਮੀਟਿੰਗ ਵਾਲੀ ਥਾਂ ’ਤੇ ਨਹੀਂ ਪੁੱਜੇ। ਭਾਜਪਾ ਵਲੋਂ ਅਨੀਤਾ ਜੈਰਥ ਪ੍ਰਧਾਨਗੀ ਦੇ ਅਹੁਦੇ ਲਈ ਉਮੀਦਵਾਰ ਐਲਾਨੇ ਗਈ, ਜਦ ਕਿ ਕਾਂਗਰਸ ਨੇ ਵੀਨਾ ਕਾਲੜਾ ਨੂੰ ਪ੍ਰਧਾਨਗੀ ਦੇ ਅਹੁਦੇ ਦਾ ਉਮੀਦਵਾਰ ਬਣਾਇਆ। ਇਸ ਤਰ੍ਹਾਂ ਭਾਜਪਾ ਦੀ ਅਨੀਤਾ ਜੈਰਥ ਨੂੰ 12 ਵੋਟ ਹਾਸਿਲ ਹੋਏ ਤੇ ਉਹ ਪ੍ਰਧਾਨਗੀ ਦੀ ਚੋਣ ਜਿੱਤ ਗਈ। ਭਾਜਪਾ ਨੇ ਸੀਨੀਅਰ ਉਪ ਪ੍ਰਧਾਨ ਲਈ ਆਮ ਆਦਮੀ ਪਾਰਟੀ ਛੱਡ ਕੇ ਆਏ ਕੌਂਸਲਰ ਭਗਵਾਨ ਚੰਦ ਨੂੰ ਆਪਣਾ ਉਮੀਦਵਾਰ ਐਲਾਨਿਆ, ਜਦਕਿ ਕਾਂਗਰਸ ਵਲੋਂ ਰਾਜ ਰਾਣੀ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ। ਇਸ ਚੋਣ ਵਿਚ ਭਗਵਾਨ ਚੰਦ 12 ਵੋਟਾਂ ਨਾਲ ਜੇਤੂ ਕਰਾਰ ਦਿੱਤੇ ਗਏ। ਚੋਣ ਵਾਲੀ ਜਗ੍ਹਾ ’ਤੇ ਉਮੀਦਵਾਰਾਂ ਅਤੇ ਚੋਣ ਕਰਵਾਉਣ ਵਾਲੇ ਅਮਲੇ ਤੋਂ ਬਿਨਾਂ ਕਿਸੇ ਨੂੰ ਵੀ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਜੋ ਫ਼ਤਵਾ ਸ਼ਹਿਰ ਵਾਸੀਆਂ ਨੇ ਦਿੱਤਾ ਸੀ ਅਤੇ ਹੁਣ ਭਾਜਪਾ ਕੌਂਸਲਰਾਂ ਨੇ ਇੱਕਮੁੱਠ ਹੋ ਕੇ ਪ੍ਰਧਾਨ ਚੁਣਿਆ ਹੈ, ਇਸ ਨਾਲ ਹੁਣ ਸ਼ਹਿਰ ਦਾ ਵਿਕਾਸ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਭਾਜਪਾ ਨੇ ਸ਼ਹਿਰ ਦਾ ਜੋ ਵਿਕਾਸ ਕਰਵਾਇਆ, ਉਹ ਸਭ ਦੇ ਸਾਹਮਣੇ ਹੈ। ਭਾਜਪਾ ਵਰਕਰਾਂ ਨੇ ਪ੍ਰਧਾਨ ਚੁਣੀ ਗਈ ਅਨੀਤਾ ਜੈਰਥ ਅਤੇ ਉਨ੍ਹਾਂ ਦੇ ਪਤੀ ਅਸ਼ੋਕ ਜੈਰਥ ਨੂੰ ਹਾਰਾਂ ਨਾਲ ਲੱਦ ਦਿੱਤਾ ਅਤੇ ਢੋਲ ਢਮੱਕਿਆਂ ਨਾਲ ਵਰਕਰ ਉਨ੍ਹਾਂ ਨੂੰ ਘਰ ਲੈ ਕੇ ਗਏ। ਅਨੀਤਾ ਜੈਰਥ ਨੇ ਕਿਹਾ ਕਿ ਜੋ ਮਾਣ ਸਤਿਕਾਰ ਅੱਜ ਮਿਲਿਆ ਹੈ, ਇਸ ਦੀ ਬਦੌਲਤ ਸ਼ਹਿਰ ਦਾ ਵਿਕਾਸ ਕਰਵਾਵਾਂਗੇ। ਇਸ ਮੌਕੇ ਸੁਬੋਧ ਵਰਮਾ, ਸੁਖਵਿੰਦਰ ਸਿੰਘ ਕਾਕਾ ਕੰਬੋਜ ਜ਼ਿਲ੍ਹਾ ਪ੍ਰਧਾਨ, ਹੋਰ ਵਰਕਰ ਅਤੇ ਆਗੂ ਹਾਜ਼ਰ ਸਨ।
ਕੌਂਸਲ ਚੋਣ ਨੇ ਸਾਬਤ ਕਰ ਦਿੱਤਾ ਕਿ ‘ਆਪ’ ਭਾਜਪਾ ਦੀ ਬੀ.ਟੀਮ ਹੈ-ਘੁਬਾਇਆ
ਨਗਰ ਕੌਂਸਲ ਦੇ ਅਹੁਦੇਦਾਰਾਂ ਦੀ ਚੋਣ ਵਿਚ ਆਮ ਆਦਮੀ ਪਾਰਟੀ ਦੇ 4 ਕੌਂਸਲਰਾਂ ਦੇ ਨਾ ਪੁੱਜਣ ’ਤੇ ਫ਼ਾਜ਼ਿਲਕਾ ਦੇ ਸਾਬਕਾ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਕਿਹਾ ਕਿ ਇਸ ਚੋਣ ਨੇ ਸਪਸ਼ਟ ਕਰ ਦਿੱਤਾ ਹੈ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਦਾ ਅੰਦਰੂਨੀ ਤੌਰ ’ਤੇ ਗੱਠਜੋੜ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਜਿਨ੍ਹਾਂ ਕੌਂਸਲਰਾਂ ਨੂੰ ਵੋਟਾਂ ਪਾਈਆਂ, ਚੋਣ ਪ੍ਰਕਿਰਿਆ ਵਿਚ ਸ਼ਾਮਿਲ ਨਾ ਹੋ ਕੇ ਉਨ੍ਹਾਂ ਨੇ ਵੋਟਰਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸੇ ਕਰਕੇ ਹੀ ਭਾਜਪਾ ਅਤੇ ਆਮ ਆਦਮੀ ਪਾਰਟੀ ਨੂੰ ‘ਏ’ ਅਤੇ ‘ਬੀ’ ਟੀਮ ਦਾ ਦਰਜਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ 9 ਕਾਂਗਰਸ ਦੇ ਕੌਂਸਲਰਾਂ ਨੂੰ ਜਿਤਾ ਕੇ ਵੱਡਾ ਮਾਣ ਦਿੱਤਾ ਹੈ ਅਤੇ 2027 ਵਿਚ ਵੀ ਵੋਟਰ ਕਾਂਗਰਸ ਪਾਰਟੀ ਦੀ ਜਿੱਤ ਕਰਵਾਉਣਗੇ।

Ad Position 22
No active advertisement
ਪਿਛਲੀ ਖ਼ਬਰ ਇਕ ਮਹੀਨੇ ’ਚ ਖਾਣ ਵਾਲੇ ਤੇਲ 23 ਰੁਪਏ ਕਿੱਲੋ ਮਹਿੰਗੇ, ਪੱਛਮੀ ਏਸ਼ੀਆ ਦੇ ਖ਼ਰਾਬ ਹਲਾਤਾਂ ਦਾ ਦਿੱਖਣ ਲੱਗਾ ਅਸਰ ਅਗਲੀ ਖ਼ਬਰ ਅਬੋਹਰ ਨਗਰ ਨਿਗਮ ’ਤੇ ਭਾਜਪਾ ਦਾ ਕਬਜ਼ਾ
Ad Position 24