09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਹੜ੍ਹਾਂ ਨੇ ਲਹਿੰਦੇ ਪੰਜਾਬ, ਖ਼ੈਬਰ ਪਖਤੂਨਖਵਾ ਤੇ ਪੀ. ਓ. ਕੇ. ’ਚ ਮਚਾਈ ਤਬਾਹੀ

Ad Position 21
No active advertisement
ਅਜੀਤ ਡੈਸਕ 22-07-2026

ਅੰਮ੍ਰਿਤਸਰ, 21 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਭਰ ‘ਚ ਮੋਹਲ਼ੇਧਾਰ ਮੌਨਸੂਨ ਦੇ ਮੀਂਹ ਨਾਲ ਆਏ ਭਿਆਨਕ ਹੜ੍ਹਾਂ ਨੇ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.), ਲਹਿੰਦੇ ਪੰਜਾਬ ਅਤੇ ਖ਼ੈਬਰ ਪਖਤੂਨਖਵਾ ‘ਚ ਵਿਆਪਕ ਤਬਾਹੀ ਮਚਾਈ ਹੈ। ਹੜ੍ਹਾਂ ਨਾਲ ਭਰੀਆਂ ਨਦੀਆਂ ਅਤੇ ਨਾਲਿਆਂ ਸਮੇਤ ਜ਼ਮੀਨ ਖਿਸਕਣ ਦੀਆਂ ਘਟਨਾਵਾਂ ‘ਚ ਕਈ ਲੋਕਾਂ ਦੀ ਮੌਤ ਹੋ ਗਈ ਹੈ।ਰਿਪੋਰਟਾਂ ਅਨੁਸਾਰ ਮੌਨਸੂਨ ਸੀਜ਼ਨ ਦੇ ਦੂਜੇ ਤੀਬਰ ਦੌਰ ਨੇ ਕਈ ਖੇਤਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਨਾਲ ਸੜਕਾਂ, ਪੁਲਾਂ ਅਤੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਨਦੀਆਂ ਅਤੇ ਨਾਲਿਆਂ ‘ਚ ਪਾਣੀ ਦਾ ਪੱਧਰ ਖ਼ਤਰਨਾਕ ਪੱਧਰ ਤੱਕ ਵਧ ਗਿਆ ਹੈ। ਜਾਣਕਾਰੀ ਅਨੁਸਾਰ ਖ਼ੈਬਰ ਪਖਤੂਨਖਵਾ ਸੂਬੇ ਦੇ ਖ਼ੈਬਰ ਅਤੇ ਨੌਸ਼ਹਿਰਾ ਜ਼ਿਲ੍ਹੇ ‘ਚ ਭਾਰੀ ਮੀਂਹ ਤੋਂ ਬਾਅਦ ਅਚਾਨਕ ਆਏ ਹੜ੍ਹ ਕਈ ਵਾਹਨਾਂ ਨੂੰ ਵਹਾ ਕੇ ਲੈ ਗਏ। ਪਾਕਿਸਤਾਨ-ਅਫ਼ਗਾਨਿਸਤਾਨ ਹਾਈਵੇਅ ਦੇ ਡੁੱਬ ਜਾਣ ਨਾਲ ਖੇਤਰ ‘ਚ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਪੀ. ਓ. ਕੇ. ਦੀ ਨੀਲਮ ਘਾਟੀ ‘ਚ ਭਾਰੀ ਹੜ੍ਹ ਕਾਰਨ ਕਥਾਪੀਰਨ ਨਦੀ ਓਵਰਫ਼ਲੋ ਹੋ ਗਈ। ਤੇਜ਼ ਵਹਾਅ ਵੱਡੇ ਪੱਥਰਾਂ ਨੂੰ ਵੀ ਵਹਾ ਕੇ ਲੈ ਗਿਆ, ਜਿਸ ਨਾਲ ਨੇੜਲੇ ਖੇਤਰਾਂ ‘ਚ ਰਹਿਣ ਵਾਲੇ ਵਸਨੀਕਾਂ ਵਿਚ ਦਹਿਸ਼ਤ ਪੈਦਾ ਹੋ ਗਈ। ਲਹਿੰਦੇ ਪੰਜਾਬ ‘ਚ ਵੀ ਚੱਲ ਰਹੀ ਮੌਨਸੂਨ ਬਾਰਿਸ਼ ਕਾਰਨ ਨਦੀਆਂ ਦੇ ਵਹਾਅ ‘ਚ ਕਾਫ਼ੀ ਵਾਧਾ ਹੋਇਆ ਹੈ। ਵਜ਼ੀਰਾਬਾਦ ‘ਚ ਅਧਿਕਾਰੀਆਂ ਨੇ ਚਨਾਬ ਨਦੀ ਦੇ ਨੇੜੇ ਰਹਿਣ ਵਾਲੇ ਵਸਨੀਕਾਂ ਲਈ ਨਿਕਾਸੀ ਦੇ ਆਦੇਸ਼ ਜਾਰੀ ਕੀਤੇ ਹਨ ਕਿਉਂਕਿ ਹੜ੍ਹ ਦਾ ਪਾਣੀ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਨੂੰ ਤੁਰੰਤ ਆਪਣੇ ਘਰ ਖਾਲੀ ਕਰਨ ਦੀ ਹਦਾਇਤ ਦਿੱਤੀ ਗਈ ਹੈ। ਚਿਨਿਓਟ ‘ਚ ਵੀ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਦੌਰਾਨ ਅਧਿਕਾਰੀਆਂ ਨੇ ਲਾਹੌਰ, ਰਾਵਲਪਿੰਡੀ, ਇਸਲਾਮਾਬਾਦ ਅਤੇ ਪੰਜਾਬ ਭਰ ਦੇ ਨੀਵੇਂ ਇਲਾਕਿਆਂ ‘ਚ ਰਹਿਣ ਵਾਲੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਕਈ ਥਾਈਂ ਭਾਰੀ ਮੀਂਹ ਅਗਲੀ ਖ਼ਬਰ ਭਾਜਪਾ ਹਰ ਵੇਲੇ ਅੰਨਦਾਤਾ ਨਾਲ ਖੜ੍ਹੀ-ਕੇਵਲ ਸਿੰਘ ਢਿੱਲੋਂ
Ad Position 24