ਸਲਫ਼ਰ, ਮਿਊਰੇਟ ਆਫ਼ ਪੋਟਾਸ਼, ਲੋਹੇ, ਮੈਗਨੀਸ਼ੀਅਮ, ਜ਼ਿੰਕ ਸਲਫ਼ੇਟ ਅਤੇ ਸੁਪਰ ਫਾਸਫੇਟ ਦੇ ਭਾਅ ਵਿਚ ਭਾਰੀ ਵਾਧਾ
ਮਮਦੋਟ (ਫ਼ਿਰੋਜਪੁਰ), 21 ਜੁਲਾਈ (ਰਾਜਿੰਦਰ ਸਿੰਘ ਹਾਂਡਾ)-ਮਿੱਟੀ ਦੀ ਸਿਹਤ ਸੰਭਾਲ ਅਤੇ ਤੰਦਰੁਸਤ ਫਸਲਾਂ ਪੈਦਾ ਕਰਨ ਲਈ ਅਹਿਮ ਮੰਨੇ ਜਾਂਦੇ ਖੁਰਾਕੀ ਤੱਤਾਂ ਜਿਨ੍ਹਾਂ ਦੇ ਭਾਅ ਵਿਚ ਪਿਛਲੇ ਸਾਲ ਵੀ ਵਾਧਾ ਦਰਜ਼ ਕੀਤਾ ਗਿਆ ਸੀ, ਪਰੰਤੂ ਇਸ ਸਾਲ ਤਾਂ ਇਨ੍ਹਾਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ। ਮਿੱਟੀ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ, ਫਸਲਾਂ ਦਾ ਪੂਰਾ ਝਾੜ ਲੈਣ ਅਤੇ ਫਸਲਾਂ (ਖ਼ੁਰਾਕ) ਵਿਚੋਂ ਮਨੁੱਖ ਨੂੰ ਲੋੜੀਂਦੀ ਪੌਸ਼ਟਿਕਤਾ ਪੂਰੀ ਕਰਨ ਲਈ ਹਰੇਕ ਫ਼ਸਲੀ ਚੱਕਰ ਦੌਰਾਨ ਫਸਲ ਦੀ ਬਿਜਾਈ ਮੌਕੇ ਪਾਏ ਜਾਣ ਵਾਲੇ ਖੁਰਾਕੀ ਤੱਤਾਂ, ਜਿਨ੍ਹਾਂ ਵਿਚ ਸੁਪਰ ਫਾਸਫੇਟ, ਸਲਫ਼ਰ, ਲੋਹਾ, ਮਿਊਰੇਟ ਆਫ਼ ਪੋਟਾਸ਼, ਮੈਗਨੀਸ਼ਅਮ ਅਤੇ ਜਿੰਕ ਸਲਫ਼ੇਟ ਦੇ ਭਾਅ ਵਿਚ ਇਸ ਸਾਲ ਭਾਰੀ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਫਸਲ ਦੀ ਬਿਜਾਈ ਮੌਕੇ ਪਾਈ ਜਾਣ ਵਾਲੀ ਖਾਦ ਸੁਪਰ ਫਾਸਫੇਟ ਜੋ ਪ੍ਰਤੀ ਥੈਲਾ 50 ਕਿੱਲੋ ਵਜ਼ਨ ਵਿਚ ਆਉਦੀਂ ਹੈ। ਉਸ ਦੇ ਭਾਅ ਵਿਚ ਪਿਛਲੇ ਸਾਲ 100 ਤੋਂ 150 ਰੁਪਏ ਵਾਧਾ ਹੋਇਆ ਸੀ ਅਤੇ ਇਨ੍ਹਾਂ ਹੀ ਵਾਧਾ ਇਸ ਸਾਲ ਹੋਰ ਹੋ ਗਿਆ ਹੈ। ਇਸ ਤਰ੍ਹਾਂ ਸਲਫ਼ਰ ਦਾਣੇਦਾਰ ਜਿਸ ਦਾ ਪਿਛਲੇ ਸਾਲ ਭਾਅ 45-50 ਰੁਪਏ ਪ੍ਰਤੀ ਕਿੱਲੋਗਰਾਮ ਸੀ, ਇਸ ਸਾਲ ਕਿਸਾਨਾਂ ਨੂੰ 100 ਤੋਂ 110 ਰੁਪਏ ਪ੍ਰਤੀ ਕਿੱਲੋ ਮਿਲ ਰਿਹਾ ਹੈ, ਇਸ ਦੇ ਨਾਲ ਹੀ ਸਲਫ਼ਰ ਪਾਊਡਰ ਜਿਸ ਦਾ ਪਿਛਲੇ ਸਾਲ ਬਾਜ਼ਾਰ ਭਾਅ 100 ਰੁਪਏ ਦੇ ਕਰੀਬ ਸੀ, ਇਸ ਸਾਲ 140 ਤੋਂ 150 ਰੁਪਏ ਤੱਕ ਪਹੁੰਚ ਗਿਆ ਹੈ। ਮਿਊਰੇਟ ਆਫ਼ ਪੋਟਾਸ਼ ਜਿਸ ਦਾ ਪਿਛਲੇ ਸਾਲ ਡੇਢ ਸਾਲ ਅੰਦਰ ਹੀ ਭਾਅ 50 ਕਿੱਲੋਗਰਾਮ ਪ੍ਰਤੀ ਗੱਟਾ 1350 ਰੁਪਏ ਤੋਂ ਵਧ ਕੇ 2200 ਰੁਪਏ ਪ੍ਰਤੀ ਗੱਟਾ ਹੋਣ ਕਾਰਨ ਇਸ ਦੇ ਭਾਅ ਵਿਚ ਭਾਰੀ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਜਿੰਕ ਸਲਫ਼ੇਟ 21 ਫ਼ੀਸਦੀ ਜੋ ਪਿਛਲੇ ਸਾਲ ਕਿਸਾਨਾਂ ਨੂੰ 50-55 ਰੁਪਏ ਕਿੱਲੋ ਮਿਲਦੀ ਸੀ, ਇਸ ਸਾਲ 75 ਤੋਂ 80 ਰੁਪਏ ਪ੍ਰਤੀ ਕਿਲੋਗ੍ਰਾਂਮ ਮਿਲ ਰਹੀ ਹੈ, ਜਦਕਿ ਜਿੰਕ 33 ਫ਼ੀਸਦੀ ਜੋ ਪਿਛਲੇ ਸਾਲ 90 ਤੋਂ 100 ਰੁਪਏ ਕਿੱਲੋ ਬਾਜ਼ਾਰ ਵਿਚ ਉਪਲਬਧ ਸੀ, ਉਸ ਦਾ ਬਾਜ਼ਾਰ ਭਾਅ ਵੀ 140 ਤੋਂ 150 ਰੁਪਏ ਪ੍ਰਤੀ ਕਿੱਲੋ ਹੋ ਗਿਆ ਹੈ। ਇਕ ਹੋਰ ਜ਼ਰੂਰੀ ਤੱਤ ਮੈਗਨੀਸ਼ੀਅਮ ਜੋ ਪਿਛਲੇ ਸਾਲ ਕਿਸਾਨਾਂ ਨੂੰ 30 ਤੋਂ 35 ਰੁਪਏ ਪ੍ਰਤੀ ਕਿੱਲੋ ਮਿਲਦਾ ਸੀ, ਇਸ ਸਾਲ ਉਸ ਦਾ ਭਾਅ 50 ਤੋਂ 55 ਰੁਪਏ ਹੋ ਗਿਆ ਹੈ ਅਤੇ ਫਸਲਾਂ ਲਈ ਵਰਤੇ ਜਾਣ ਵਾਲੇ ਲੋਹੇ ਪਾਊਡਰ ਦੇ ਭਾਅ ਵਿਚ ਵੀ 10 ਤੋਂ 15 ਰੁਪਏ ਦਾ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਡੀਜ਼ਲ, ਖੇਤੀ ਸੰਦਾਂ ਦੇ ਭਾਅ ਵਿਚ ਵਾਧੇ ਦੇ ਨਾਲ-ਨਾਲ ਮਜ਼ਦੂਰਾਂ ਦੀਆਂ ਦਿਹਾੜੀਆਂ, ਝੋਨਾ ਲਵਾਈ, ਘਾਹ-ਫੂਸ ਅਤੇ ਕੀੜੇ, ਸੁੰਡੀਆਂ ਨੂੰ ਕੰਟਰੋਲ ਕਰਨ ਵਾਲੀਆਂ ਦਵਾਈਆਂ ਸਮੇਤ ਫਸਲਾਂ ਨੂੰ ਹਰਾ-ਭਰਾ ਅਤੇ ਵਿਕਾਸ ਲਈ ਵਰਤੀਆਂ ਜਾਣ ਵਾਲੀਆਂ ਵਸਤਾਂ-ਦਵਾਈਆਂ ਮਹਿੰਗੀਆਂ ਹੋਣ ਕਾਰਨ ਖੇਤੀ ਲਾਗਤਾਂ ਅਤੇ ਖ਼ਰਚਿਆਂ ਵਿਚ ਭਾਰੀ ਵਾਧਾ ਹੋ ਗਿਆ ਹੈ, ਜਦਕਿ ਦੂਜੇ ਪਾਸੇ ਕੇਂਦਰ ਸਰਕਾਰ ਵਲੋਂ ਸਾਉਣੀ ਦੀ ਮੁੱਖ ਫਸਲ ਝੋਨੇ ਦੇ ਭਾਅ ਵਿਚ ਸਿਰਫ਼ 69 ਰੁਪਏ ਪ੍ਰਤੀ ਕੁਇੰਟਲ ਭਾਵ 69 ਪੈਸੇ ਪ੍ਰਤੀ ਕਿੱਲੋ ਦਾ ਨਿਗੂਣਾ ਵਾਧਾ ਕੀਤਾ ਗਿਆ ਹੈ, ਜਿਸ ਕਾਰਨ ਫ਼ਸਲੀ ਖ਼ਰਚਿਆਂ ਅਤੇ ਕਿਸਾਨ ਦੀ ਆਮਦਨ ਵਿਚਲਾ ਪਾੜਾ ਹੋਰ ਵਧਣ ਕਾਰਨ ਕਿਸਾਨੀ ਦੀ ਆਮਦਨੀ ਹੋਰ ਘਟੇਗੀ ਅਤੇ ਕਿਸਾਨ ਵਰਗ ਆਰਥਿਕ ਤੌਰ ’ਤੇ ਹੋਰ ਕਮਜ਼ੋਰ ਹੋ ਜਾਵੇਗਾ। ਕਿਸਾਨ ਆਗੂ ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ, ਧਰਮ ਸਿੰਘ ਲਾਲਚੀਆਂ, ਗੁਰਿੰਦਰ ਸਿੰਘ ਖਹਿਰਾ, ਗੁਰਬਚਨ ਸਿੰਘ ਕਿਲੀ, ਗੁਰਪਿਆਰ ਸਿੰਘ ਝੋਕ ਮੋਹੜੇ, ਗੁਰਭੇਜ ਸਿੰਘ ਕਿਲੀ ਵਲੋਂ ਫਸਲਾਂ ਲਈ ਵਰਤੇ ਜਾਣ ਵਾਲੇ ਇਨ੍ਹਾਂ ਖੁਰਾਕੀ ਤੱਤਾਂ ਦੇ ਭਾਅ ਘੱਟ ਕਰਕੇ ਕਾਬੂ ਹੇਠ ਰੱਖਣ ਅਤੇ ਖੇਤੀ ਲਾਗਤਾਂ ਦੇ ਵਾਧੇ ਅਨੁਸਾਰ ਝੋਨੇ ਦੇ ਭਾਅ ਵਿਚ 200 ਰੁਪਏ ਪ੍ਰਤੀ ਕੁਇੰਟਲ ਹੋਰ ਵਾਧਾ ਜਾਂ ਇਨ੍ਹਾਂ ਬੋਨਸ ਦੇਣ ਦੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਤਾਂ ਜੋ ਦਿਨ ਰਾਤ ਮਿੱਟੀ ਵਿਚ ਮਿੱਟੀ ਹੋਣ ਵਾਲੇ ਕਿਸਾਨ ਕਰਜ਼ਾਈ ਹੋ ਖੁਦਕੁਸ਼ੀਆਂ ਦੇ ਰਾਹ ਪੈਣੋਂ ਬਚ ਸਕਣ।
ਮਿੱਟੀ ਦੀ ਸਿਹਤ ਸੰਭਾਲ ਤੇ ਤੰਦਰੁਸਤ ਫਸਲਾਂ ਪੈਦਾ ਕਰਨ ਲਈ ਜ਼ਰੂਰੀ ਖੁਰਾਕੀ ਤੱਤਾਂ ਦੇ ਭਾਅ ਅਸਮਾਨੀ ਚੜ੍ਹੇ
ਅਜੀਤ ਡੈਸਕ
22-07-2026