ਝੋਨਾ 2.6 ਫ਼ੀਸਦੀ, ਦਾਲਾਂ 7.5 ਫ਼ੀਸਦੀ ਤੇ ਮੋਟੇ ਅਨਾਜਾਂ ਦਾ ਰਕਬਾ 12 ਫ਼ੀਸਦੀ ਘੱਟ
ਮੂਣਕ 28 ਜੁਲਾਈ (ਕੇਵਲ ਸਿੰਗਲਾ)-ਦੇਸ਼ ਵਿਚ ਮੌਨਸੂਨ ਦੀ ਸਥਿਤੀ ਵਿਚ ਸੁਧਾਰ ਹੋਣ ਦੇ ਬਾਵਜੂਦ ਖਰੀਫ਼ ਫ਼ਸਲਾਂ ਦੀ ਬਿਜਾਈ ਅਜੇ ਵੀ ਪਿਛਲੇ ਸਾਲ ਨਾਲੋਂ ਘੱਟ ਹੈ। ਭਾਰਤੀ ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਜੂਨ ਮਹੀਨੇ ਦੌਰਾਨ ਮੀਂਹ ਦੀ ਰਹੀ 37 ਫ਼ੀਸਦੀ ਘਾਟ ਹੁਣ 1 ਜੂਨ ਤੋਂ 27 ਜੁਲਾਈ ਤੱਕ ਘਟ ਕੇ 16 ਫ਼ੀਸਦੀ ਰਹਿ ਗਈ ਹੈ। ਜੁਲਾਈ ਦੌਰਾਨ ਮੀਂਹ ਆਮ ਨਾਲੋਂ ਸਿਰਫ਼ 3 ਫ਼ੀਸਦੀ ਘੱਟ ਰਿਹਾ ਹੈ, ਜਿਸ ਨਾਲ ਬਿਜਾਈ ਵਿਚ ਤੇਜ਼ੀ ਆਈ ਹੈ। ਕੇਂਦਰ ਸਰਕਾਰ ਨੇ ਖਰੀਫ਼ 2026 ਲਈ 176.16 ਮਿਲੀਅਨ ਟਨ ਖੁਰਾਕੀ ਅਨਾਜ ਉਤਪਾਦਨ ਦਾ ਟੀਚਾ ਰੱਖਿਆ ਹੈ। ਇਸ ਵਿਚ 123.15 ਮਿਲੀਅਨ ਟਨ ਚੌਲ, 8.40 ਮਿਲੀਅਨ ਟਨ ਦਾਲਾਂ, 31.04 ਮਿਲੀਅਨ ਟਨ ਮੱਕੀ ਅਤੇ 13.56 ਮਿਲੀਅਨ ਟਨ ਮੋਟੇ ਅਨਾਜ ਸ਼ਾਮਲ ਹਨ। ਦੇਸ਼ ਵਿਚ ਝੋਨੇ ਦੀ ਬਿਜਾਈ 234.43 ਲੱਖ ਹੈਕਟੇਅਰ ਵਿਚ ਹੋਈ ਹੈ, ਜੋ ਪਿਛਲੇ ਸਾਲ ਦੇ 240.62 ਲੱਖ ਹੈਕਟੇਅਰ ਨਾਲੋਂ 2.6 ਫ਼ੀਸਦੀ ਘੱਟ ਹੈ। ਦਾਲਾਂ ਦਾ ਕੁੱਲ ਰਕਬਾ 84.57 ਲੱਖ ਹੈਕਟੇਅਰ ਰਿਹਾ ਹੈ, ਜੋ ਪਿਛਲੇ ਸਾਲ ਦੇ 91.46 ਲੱਖ ਹੈਕਟੇਅਰ ਨਾਲੋਂ ਘੱਟ ਹੈ। ਤਿਲਹਨਾਂ ਦੀ ਬਿਜਾਈ ਵੀ ਪਿਛਲੇ ਸਾਲ ਨਾਲੋਂ ਘੱਟ ਰਹੀ ਹੈ। ਕੁੱਲ ਰਕਬਾ 147.09 ਲੱਖ ਹੈਕਟੇਅਰ ਦਰਜ ਕੀਤਾ ਗਿਆ ਹੈ, ਪਰ ਇਸ ਦੀ ਘਾਟ ਵੀ 21 ਫ਼ੀਸਦੀ ਤੋਂ ਘਟ ਕੇ 2 ਫ਼ੀਸਦੀ ਰਹਿ ਗਈ ਹੈ। ਸੋਇਆਬੀਨ ਅਤੇ ਮੂੰਗਫਲੀ ਦੇ ਰਕਬੇ ਵਿਚ ਮਾਮੂਲੀ ਕਮੀ ਦਰਜ ਕੀਤੀ ਗਈ ਹੈ। ਮੋਟੇ ਅਨਾਜਾਂ ਦੀ ਬਿਜਾਈ ਸਭ ਤੋਂ ਵੱਧ ਪ੍ਰਭਾਵਿਤ ਰਹੀ ਹੈ। ਇਸ ਦਾ ਰਕਬਾ 142.21 ਲੱਖ ਹੈਕਟੇਅਰ ਰਿਹਾ, ਜੋ ਪਿਛਲੇ ਸਾਲ ਨਾਲੋਂ 12 ਫ਼ੀਸਦੀ ਘੱਟ ਹੈ। ਮੱਕੀ, ਬਾਜਰਾ, ਜਵਾਰ ਅਤੇ ਰਾਗੀ ਦੇ ਰਕਬੇ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਧਨੁਕਾ ਐਗਰੀਟੈਕ ਦੇ ਚੇਅਰਮੈਨ ਐੱਮ. ਕੇ. ਧਨੁਕਾ ਅਨੁਸਾਰ ਮੌਨਸੂਨ ਵਿਚ ਸੁਧਾਰ ਨਾਲ ਹਲਾਤ ਬਿਹਤਰ ਹੋ ਰਹੇ ਹਨ ਪਰ ਹੁਣ ਅਸਲ ਚੁਣੌਤੀ ਫ਼ਸਲਾਂ ਦੀ ਸਹੀ ਦੇਖਭਾਲ ਹੈ।
ਮੌਨਸੂਨ ’ਚ ਸੁਧਾਰ, ਫਿਰ ਵੀ ਖਰੀਫ਼ ਫ਼ਸਲਾਂ ਦੀ ਬਿਜਾਈ ਬੀਤੇ ਸਾਲ ਨਾਲੋਂ ਪਿੱਛੇ
ਅਜੀਤ ਡੈਸਕ
29-07-2026