ਲਹਿਰਾ ਮੁਹੱਬਤ, 28 ਜੁਲਾਈ (ਸੁਖਪਾਲ ਸਿੰਘ ਸੁੱਖੀ)-ਪਾਵਰਕਾਮ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਨਾਲ ਪੰਜਾਬ ਵਿਚ ਮੁੜ ਬਿਜਲੀ ਸੰਕਟ ਹੋਣ ਦੇ ਆਸਾਰ ਹਨ। ਜਦੋਂ ਅੱਤ ਦੀ ਗਰਮੀ ਤੇ ਹੁੰਮਸ ਦੀ ਮਾਰ ਕਾਰਨ ਸੂਬੇ ਦੇ ਲੋਕ ਬਿਜਲੀ ਕਿੱਲਤ ਨਾਲ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਅਤੇ ਅਗਲੇ ਦਿਨਾਂ ਵਿਚ ਹੜਤਾਲ ਕਾਰਨ ਹੋਰ ਵੱਡੀ ਪ੍ਰੇਸ਼ਾਨੀ ਪੈਦਾ ਹੋ ਸਕਦੀ ਹੈ। ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਏਟਕ ਜਥੇਬੰਦੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਠ ਕੋ ਕਨਵੀਨਰ ਸਾਂਝੀ ਥਰਮਲ ਕੰਟਰੈਕਟਰ ਵਰਕਰਜ਼ ਸੰਘਰਸ਼ ਕਮੇਟੀ ਪੰਜਾਬ ਏਟਕ ਦੇ ਸੱਦੇ ਤਹਿਤ 3 ਸਰਕਾਰੀ ਥਰਮਲਾਂ ਦੇ ਠੇਕਾ ਮੁਲਾਜ਼ਮਾਂ ਵਲੋਂ 29 ਜੁਲਾਈ ਦੀ ਰਾਤ ਦੀ ਸ਼ਿਫ਼ਟ ਤੋਂ ਮੁਕੰਮਲ ਹੜਤਾਲ ਦੇ ਐਲਾਨ ਕੀਤਾ ਹੈ ਕਿ ਪਾਵਰਕਾਮ ਦੇ ਆਊਟ ਸੋਰਸਡ ਠੇਕਾ ਪ੍ਰਣਾਲੀ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਵਿਭਾਗ ਵਿਚ ਮਰਜ਼ ਕਰਕੇ ਸਿੱਧੇ ਸਰਕਾਰੀ ਕੰਟਰੈਕਟ ਵਿਚ ਲੈਣ ਦੇ ਨੋਟੀਫ਼ਿਕੇਸ਼ਨ ਮਗਰੋਂ ਸੀ.ਐਮ.ਡੀ ਪਾਵਰਕਾਮ ਵਲੋਂ 28 ਜੁਲਾਈ ਤੱਕ ਨਿਯੁਕਤੀ ਪੱਤਰ ਦੇਣ ਦੇ ਵਾਅਦੇ ਤੋਂ ਭੱਜਣ ਤੇ ਵਾਰ-ਵਾਰ ਬੇਸਿੱਟਾ ਮੀਟਿੰਗ ਕਰਕੇ ਮੰਗ ਨੂੰ ਅਮਲੀ ਰੂਪ ਵਿਚ ਲਾਗੂ ਨਾ ਕਰਨ ਖ਼ਿਲਾਫ਼ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਮੁਕੰਮਲ ਹੜਤਾਲ ਬਾਰੇ ਪੰਜਾਬ ਸਰਕਾਰ ਦੇ ਧਿਆਨ ਵਿਚ ਲਿਆਉਣ ਲਈ ਸੀ.ਐਮ.ਡੀ. ਪਾਵਰਕਾਮ ਨੂੰ ਲਿਖਤੀ ਪੱਤਰ ਸੌਂਪ ਦਿੱਤਾ ਹੈ। ਵਿਭਾਗ ਵਾਰ-ਵਾਰ ਮੀਟਿੰਗ ਕਰਾਉਣ ਦੀ ਥਾਂ ਜਾਰੀ ਨੋਟੀਫ਼ਿਕੇਸ਼ਨ ਤਹਿਤ ਮੁਲਾਜ਼ਮਾਂ ਨੂੰ ਨਿਯੁਕਤ ਕਰੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਵਿਭਾਗ ਵਿਚ ਨਿਯੁਕਤ ਨਹੀਂ ਕੀਤਾ ਜਾਂਦਾ ਤਦ ਤੱਕ ਅਸੀਂ ਆਪਣਾ ਸੰਘਰਸ਼ ਵਾਪਸ ਨਹੀਂ ਲਵਾਂਗੇ।
ਸਰਕਾਰੀ ਥਰਮਲਾਂ ਦੇ ਠੇਕਾ ਮੁਲਾਜ਼ਮਾਂ ਵਲੋਂ ਅੱਜ ਤੋਂ ਮੁਕੰਮਲ ਹੜਤਾਲ ਦਾ ਐਲਾਨ
ਅਜੀਤ ਡੈਸਕ
29-07-2026