ਚੰਡੀਗੜ੍ਹ, 29 ਜੁਲਾਈ (ਸੰਦੀਪ ਕੁਮਾਰ ਮਾਹਨਾ)-ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਵਿਚ ਵਧ ਰਹੇ ਨਸ਼ਿਆਂ ਦੇ ਕਾਰੋਬਾਰ ਦੀ ਗੰਭੀਰਤਾ ’ਤੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਸੂਬੇ, ਖ਼ਾਸ ਕਰਕੇ ਸਰਹੱਦੀ ਖੇਤਰਾਂ ਵਿਚ ਫ਼ੈਲ ਰਿਹਾ ਨਸ਼ਿਆਂ ਦਾ ਸੰਕਟ ਬੇਹੱਦ ਚਿੰਤਾਜਨਕ ਹੈ। ਅਦਾਲਤ ਨੇ ਕਿਹਾ ਕਿ ਅੰਤਰਰਾਸ਼ਟਰੀ ਸਰਹੱਦ ਪਾਰੋਂ ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥਾਂ ਦੀ ਲਗਾਤਾਰ ਹੋ ਰਹੀ ਤਸਕਰੀ ਨਾ ਸਿਰਫ਼ ਜਨਤਕ ਸਿਹਤ ਲਈ, ਸਗੋਂ ਦੇਸ਼ ਦੀ ਸੁਰੱਖਿਆ ਅਤੇ ਸਮਾਜ ਦੇ ਸਮਾਜਿਕ-ਆਰਥਿਕ ਢਾਂਚੇ ਲਈ ਵੀ ‘ਹੋਂਦ ਲਈ ਖ਼ਤਰਾ’ ਬਣ ਚੁੱਕੀ ਹੈ।ਜਸਟਿਸ ਆਲੋਕ ਜੈਨ ਨੇ ਇਹ ਟਿੱਪਣੀਆਂ ਅੰਮ੍ਰਿਤਸਰ ਸਥਿਤ ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਵਲੋਂ ਦਰਜ ਦੋ ਮਾਮਲਿਆਂ ਵਿਚ ਇਕ ਦੋਸ਼ੀ ਦੀਆਂ ਅਗਾਊਂ ਜ਼ਮਾਨਤ ਦੀਆਂ ਪਟੀਸ਼ਨਾਂ ਰੱਦ ਕਰਦਿਆਂ ਕੀਤੀਆਂ। ਅਦਾਲਤ ਨੇ ਕਿਹਾ ਕਿ ਸਰਹੱਦੀ ਖੇਤਰਾਂ ਵਿਚ ਸਰਗਰਮ ਗੁਪਤ ਨਾਰਕੋ ਸਿੰਡੀਕੇਟ ਭੂਗੋਲਿਕ ਨਜ਼ਦੀਕੀ ਦਾ ਫਾਇਦਾ ਚੁੱਕ ਕੇ ਡੂੰਘੇ ਪੱਧਰ ਤੱਕ ਫੈਲੀ ਸਪਲਾਈ ਲੜੀ ਚਲਾ ਰਹੇ ਹਨ ਅਤੇ ਗੈਰ-ਕਾਨੂੰਨੀ ਕਮਾਈ ਨੂੰ ਵੀ ਖਪਾਉਣ ਦਾ ਕੰਮ ਕਰ ਰਹੇ ਹਨ। ਹਾਈ ਕੋਰਟ ਨੇ ਸਪੱਸ਼ਟ ਕੀਤਾ ਕਿ ਸਰਹੱਦੀ ਖੇਤਰਾਂ ਨਾਲ ਜੁੜੇ ਡਰੱਗ ਕਾਰਟੈਲਾਂ, ਖ਼ਾਸ ਕਰਕੇ ਵਪਾਰਕ ਮਾਤਰਾ ਵਿਚ ਮਾਦਕ ਪਦਾਰਥਾਂ ਅਤੇ ਸੰਗਠਿਤ ਨੈਟਵਰਕ ਵਾਲੇ ਮਾਮਲਿਆਂ ’ਚ ਅਦਾਲਤਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਬੇਹੱਦ ਸਾਵਧਾਨੀ ਅਤੇ ਸਖ਼ਤ ਜਾਂਚ-ਪੜਤਾਲ ਨਾਲ ਅਜਿਹੇ ਮਾਮਲਿਆਂ ’ਤੇ ਵਿਚਾਰ ਕਰਨ।