ਲੁਧਿਆਣਾ, 29 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਪਿੰਡ ਮਲਕਪੁਰ ਬੇਟ ਵਿਚ ਪੰਚਾਇਤੀ ਫੰਡਾਂ ਵਿਚ ਕਥਿਤ ਤੌਰ ‘ਤੇ ਹੋਈ ਕਰੋੜਾਂ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿਚ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ (ਬੀ.ਡੀ.ਪੀ.ਓ.) ਸਮੇਤ 13 ਅਧਿਕਾਰੀਆਂ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਸਾਬਕਾ ਇੰਸਪੈਕਟਰ ਨਾਜਰ ਸਿੰਘ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਮਾਮਲੇ ਵਿਚ ਥਾਣਾ ਪੀ.ਏ.ਯੂ. ਦੀ ਪੁਲਿਸ ਨੇ ਉਸ ਸਮੇਂ ਦੇ ਬੀ.ਡੀ.ਪੀ.ਓ. ਰੁਪਿੰਦਰਜੀਤ ਕੌਰ, ਸਹਾਇਕ ਇੰਜੀਨੀਅਰ ਜਸਵਿੰਦਰ ਸਿੰਘ, ਗ੍ਰਾਮ ਸੇਵਕ ਤੇਜਾ ਸਿੰਘ, ਪੰਚਾਇਤ ਸਕੱਤਰ ਬਲਦੇਵ ਸਿੰਘ, ਪੰਚਾਇਤ ਸਕੱਤਰ ਸੁਖਵਿੰਦਰ ਸਿੰਘ, ਸਰਪੰਚ ਮਲਕੀਤ ਕੌਰ, ਦਫ਼ਤਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਗੁਰਮੇਲ ਸਿੰਘ, ਜਗਰੂਪ ਸਿੰਘ ਪੰਚਾਇਤ ਸਕੱਤਰ, ਕਿਰਨਪਾਲ ਸਿੰਘ ਪੰਚਾਇਤ ਸਕੱਤਰ, ਕਮਲ ਭਾਰਤੀ ਬੀ.ਡੀ.ਓ. ਕਮ ਪੰਚਾਇਤ ਸਕੱਤਰ, ਧਨਵੰਤ ਸਿੰਘ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ, ਮਲਕੀਤ ਸਿੰਘ ਭੱਟੀ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ, ਰਜਿੰਦਰ ਕੌਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਅਤੇ ਗੁਰਮੇਲ ਸਿੰਘ ਵਾਸੀ ਮਲਕਪੁਰ ਨੂੰ ਨਾਮਜ਼ਦ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਪਿੰਡ ਮਲਕਪੁਰ ਬੇਟ ਦੀ ਗ੍ਰਾਮ ਪੰਚਾਇਤ ਨੂੰ ਲੁਧਿਆਣਾ ਲਾਡੋਵਾਲ ਬਾਈਪਾਸ ਦੇ ਨਾਲ ਲੱਗਦੀ ਜ਼ਮੀਨ ਨੂੰ ਸਰਕਾਰ ਵਲੋਂ ਐਕਵਾਇਰ ਕਰਨ ਬਦਲੇ 2017-2018 ਵਿਚ 17.74 ਕਰੋੜ ਰੁਪਏ ਦੀ ਰਕਮ ਪੰਚਾਇਤ ਦੇ ਖਾਤੇ ਵਿਚ ਜਮ੍ਹਾ ਕਰਵਾਈ ਸੀ ਅਤੇ ਇਸੇ ਖਾਤੇ ਵਿਚ ਹੀ ਸਰਕਾਰੀ ਗ੍ਰਾਂਟਾਂ ਅਤੇ ਐਫ਼.ਡੀ.ਆਰ. ਦਾ ਪੈਸਾ ਜਮ੍ਹਾ ਹੋਇਆ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਪਿੰਡ ਦੀ ਗ੍ਰਾਮ ਪੰਚਾਇਤਾਂ ਨਾਲ ਰਲਕੇ ਮਹਿਕਮੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਇਸ ਵਿਚ 9 ਕਰੋੜ ਰੁਪਏ ਦੇ ਕਰੀਬ ਰਕਮ ਪਿੰਡ ਦੀਆਂ ਗਲੀਆਂ-ਨਾਲੀਆਂ ਉਪਰ ਖਰਚ ਕੀਤਾ ਦੱਸਿਆ ਗਿਆ ਹੈ। ਪੰਚਾਇਤ ਵਲੋਂ ਇਹ ਰਕਮ ਆਪਣੇ ਪੱਧਰ ‘ਤੇ ਹੀ ਖਰਚ ਕੀਤੀ ਗਈ ਦੱਸੀ ਜਾ ਰਹੀ ਹੈ, ਜਦਕਿ ਮਹਿਕਮੇ ਦੀ ਮਨਜ਼ੂਰੀ ਤੋਂ ਬਗੈਰ ਇਹ ਰਕਮ ਖਰਚ ਨਹੀਂ ਕੀਤੀ ਜਾ ਸਕਦੀ ਸੀ। ਇਸ ਤੋਂ ਇਲਾਵਾ ਕਈ ਹੋਰ ਖਰਚੇ ਵੀ ਬਿਨ੍ਹਾ ਮਨਜ਼ੂਰੀ ਤੋਂ ਕੀਤੇ ਗਏ ਹਨ। ਸਾਲ 2017 ਤੋਂ ਲੈ ਕੇ ਹੁਣ ਤੱਕ ਗ੍ਰਾਮ ਸਭਾ ਦਾ ਕੋਈ ਵੀ ਆਡੀਟ ਨਹੀਂ ਕੀਤਾ ਗਿਆ, ਜਦਕਿ ਪੰਚਾਇਤੀ ਰਿਕਾਰਡ ਨੂੰ ਵੀ ਕਥਿਤ ਤੌਰ ‘ਤੇ ਖੁਰਦ-ਬੁਰਦ ਕਰ ਦਿੱਤਾ ਗਿਆ।