ਸੁਨਾਮ ਊਧਮ ਸਿੰਘ ਵਾਲਾ, 29 ਜੁਲਾਈ (ਰੁਪਿੰਦਰ ਸਿੰਘ ਸੱਗੂ)-ਸ਼ਹੀਦ ਹਰ ਕੌਮ ਦਾ ਸਰਮਾਇਆ ਹੁੰਦੇ ਹਨ, ਕਿਉਂਕਿ ਆਜ਼ਾਦੀ ਦਾ ਨਿੱਘ ਅਸੀਂ ਇਨ੍ਹਾਂ ਸ਼ਹੀਦਾਂ ਦੀਆਂ ਘਾਲੀਆਂ ਹੋਈਆਂ ਘਾਲਨਾਵਾਂ ਅਤੇ ਅਨੇਕਾਂ ਤਸੀਹੇ ਝੱਲ ਕੇ ਦਿੱਤੀ ਸ਼ਹੀਦੀ ਸਦਕਾ ਹੀ ਮਾਣ ਰਹੇ ਹਾਂ। ਕੌਮੀ ਸ਼ਹੀਦ ਸ. ਊਧਮ ਸਿੰਘ ਸਨਾਮ ਵੀ ਉਨ੍ਹਾਂ ਸ਼ਹੀਦਾਂ ਵਿਚ ਸ਼ਾਮਿਲ ਹਨ, ਜਿਨ੍ਹਾਂ ਨੇ ਆਜ਼ਾਦੀ ਖਾਤਿਰ ਅਤੇ ਆਪਣੇ ਦੇਸ਼ ਦੀ ਅਣਖ ਲਈ ਆਪਣੇ ਹੱਥੀ ਫਾਂਸੀ ਦਾ ਰੱਸਾ ਚੁੰਮ ਕੇ ਗਲ ਵਿੱਚ ਪਾਇਆ। ਅਸੀਂ 31 ਜੁਲਾਈ ਨੂੰ ਉਨ੍ਹਾਂ ਦੀ ਕੁਰਬਾਨੀ ਅੱਗੇ ਨੱਤ ਮਸਤਕ ਹੋ ਰਹੇ ਹਾਂ ਅਤੇ ਸਾਰਾ ਦੇਸ਼ ਅਮਰ ਸ਼ਹੀਦ ਸਰਦਾਰ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਿਹਾ ਹੈ। ਸ਼ਹੀਦ ਊਧਮ ਸਿੰਘ ਨੇ 22 ਸਾਲ ਦੀ ਤਪੱਸਿਆ ਪਿੱਛੋਂ ਜਲ੍ਹਿਆਂ ਵਾਲੇ ਬਾਗ ਦੇ ਨਿਰਦੋਸ਼ ਸ਼ਹੀਦਾਂ ਦਾ ਬਦਲਾ ਲੈ ਕੇ ਭਾਰਤੀਆਂ ਦੀ ਡਿੱਗੀ ਪਈ ਪੱਗ ਨੂੰ ਮੁੜ ਉਨ੍ਹਾਂ ਦੇ ਸਿਰ ’ਤੇ ਰੱਖਿਆ ਅਤੇ ਆਪਣਾ ਨਾਂਅ ‘ਰਾਮ ਮੁਹੰਮਦ ਸਿੰਘ ਆਜ਼ਾਦ’ ਰੱਖ ਕੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਵੀ ਦਿੱਤਾ। 31 ਜੁਲਾਈ ਦੇ ਦਿਨ ਜਿਥੇ ਅਸੀਂ ਊਧਮ ਸਿੰਘ ਦੀ ਸ਼ਹੀਦੀ ਨੂੰ ਯਾਦ ਕਰਦੇ ਹਾਂ, ਉਥੇ ‘ਅਜੀਤ’ ਦੇ ਇਸ ਪੱਤਰਕਾਰ ਵਲੋਂ ਉਨ੍ਹਾਂ ਦੀ ਜ਼ਿੰਦਗੀ ਦੇ ਅਹਿਮ ਪੱਖ ਨੂੰ ਵੀ ਉਜਾਗਰ ਕੀਤਾ ਜਾ ਰਿਹਾ ਹੈ। ਸ਼ਹੀਦ ਦੇ ਪਿਤਾ, ਫਿਰ ਭਰਾ ਦੀ ਮੌਤ ਪਿੱਛੋਂ ਆਪ ਅੰਮ੍ਰਿਤਸਰ ਦੇ ਯਤੀਮਖਾਨੇ ਵਿਖੇ ਰਹੇ, ਜਿਥੇ ਸੁਨਾਮ ਦੇ ਇਕ ਦਰਵੇਸ਼ ਗਿਆਨੀ ਚੰਚਲ ਸਿੰਘ ਆਪ ਨੂੰ ਦਾਖਲ ਕਰਵਾ ਕੇ ਆਏ ਸਨ। ਇਸੇ ਯਤੀਮਖਾਨੇ ਵਿਚ ਸ਼ਹੀਦ ਊਧਮ ਸਿੰਘ ਨੂੰ ਦੇਸ਼ ਭਗਤੀ ਦੇ ਨਾਲ-ਨਾਲ ਲੱਕੜ ਦੇ ਕੰਮ ਦੀ ਵੀ ਮੁਹਾਰਤ ਪ੍ਰਾਪਤ ਕੀਤੀ ਸੀ। ਆਪਣੀ ਮਿਹਨਤ ਸਦਕਾ ਸ. ਊਧਮ ਸਿੰਘ ਲੱਕੜ ਦੇ ਕੰਮ ਦਾ ਉੱਚ ਪਾਏ ਦਾ ਕਾਰੀਗਰ ਬਣਿਆ। ਉਨ੍ਹਾਂ ਨੇ ਅਨੇਕਾਂ ਵਸਤਾਂ ਬਣਾਈਆਂ, ਜਿਨ੍ਹਾਂ ਵਿਚੋਂ ਅਜੇ ਵੀ ਕਈ ਵਸਤਾਂ ਕਈ ਘਰਾਂ ‘ਚ ਸਾਂਭੀਆਂ ਪਈਆਂ ਹਨ। ਇਨਾਂ ਵਸਤਾਂ ਵਿਚ ਇੱਕ ਸੁੰਦਰ ਸ਼ੀਸ਼ੇ ਦਾ ਫਰੇਮ, ਇਕ ਲੱਕੜ ਦਾ ਵੇਲਣਾ ਜਿਸ ’ਤੇ ਪਿੱਤਲ ਦਾ ਵਰਕ ਚੜਿਆ ਹੋਇਆ ਹੈ ਅਤੇ ਪੁਰਾਣੇ ਜਮਾਨੇ ਵਿਚ ਮਸਾਲੇ ਵਗੈਰਾ ਕੁੱਟਣ ਵਾਲੀ ਉੱਖਲੀ ਆਦਿ ਵਿਸ਼ੇਸ਼ ਹਨ। ਕੱਪੜੇ ਦੀਆਂ ਬਣੀਆਂ ਸੁੰਦਰ ਪਲਕਾਂ ਜਿਨ੍ਹਾਂ ’ਤੇ ਵਿਸ਼ੇਸ਼ ਕਢਾਈ ਕੀਤੀ ਗਈ ਹੈ ਅਤੇ ਇਨ੍ਹਾਂ ਪਲਕਾਂ ’ਤੇ ਬਰਤਾਨੀਆ ਦਾ ਝੰਡਾ ਵੀ ਦਿਖਾਈ ਦਿੰਦਾ ਹੈ। ਇਹ ਪਲਕਾਂ ਨੌਜਵਾਨ ਅਕਾਲੀ ਆਗੂ ਅਤੇ ਗੁਰਦੁਆਰਾ ਸਾਹਿਬ ਪਹਿਲੀ ਪਾਤਸ਼ਾਹੀ ਦੇ ਪ੍ਰਧਾਨ ਰਜਿੰਦਰ ਸਿੰਘ ਕੈਫੀ ਆਦਿ ਕੋਲ ਸਾਂਭੀਆਂ ਪਈਆਂ ਹਨ। ਯਾਦ ਰਹੇ, ਇਨ੍ਹਾਂ ਵਿਚੋਂ ਕੁਝ ਵਸਤਾਂ ਦੀਆਂ ਤਸਵੀਰਾਂ ਵੀ ਰੋਜ਼ਾਨਾ ‘ਅਜੀਤ’ ਵਿਚ ਛਪ ਚੁੱਕੀਆਂ ਹਨ। ਹੋ ਸਕਦਾ ਹੈ ਹੋਰ ਕੋਈ ਵਸਤਾਂ ਵੀ ਸ਼ਹਿਰ ਵਿਖੇ ਜਾਂ ਕਿਤੇ ਹੋਰ ਜਿਥੇ ਵੀ ਸ. ਊਧਮ ਸਿੰਘ ਰਹੇ, ਵਿਖੇ ਕੁਝ ਲੋਕਾਂ ਕੋਲ ਹੋਣ। ਇਨ੍ਹਾਂ ਵਸਤਾਂ ਤੋਂ ਸ਼ਹੀਦ ਊਧਮ ਸਿੰਘ ਦੀ ਜ਼ਿੰਦਗੀ ਦਾ ਮਿਹਨਤੀ ਪੱਖ ਵੀ ਸਪਸ਼ਟ ਨਜ਼ਰੀ ਪੈਂਦਾ ਹੈ ਕਿ ਉਨ੍ਹਾਂ ਨੇ ਯਤੀਮ ਹੁੰਦੇ ਹੋਏ ਵੀ ਮਿਹਨਤ ਮੁਸ਼ੱਕਤ ਨਾਲ ਸਿਰ ਚੁੱਕ ਕੇ ਆਪਣੀ ਜ਼ਿੰਦਗੀ ਨੂੰ ਸਾਂਭੀ ਰੱਖਿਆ, ਬਲਕਿ ਹੋਰਨਾਂ ਦੀ ਵੀ ਸਹਾਇਤਾ ਕੀਤੀ। ਆਪ ਨੂੰ ਹਥਿਆਰਾਂ ਦੀ ਮੁਰੰਮਤ ਬਾਰੇ ਵੀ ਵਿਸ਼ੇਸ਼ ਮੁਹਾਰਤ ਹਾਸਿਲ ਸੀ। ਸਰਕਾਰ ਨੂੰ ਚਾਹੀਦਾ ਹੈ ਕਿ ਸ਼ਹੀਦ ਊਧਮ ਸਿੰਘ ਦੇ ਹੱਥ ਨਾਲ ਬਣੀਆਂ ਇਨ੍ਹਾਂ ਵਿਸ਼ੇਸ਼ ਨਿਸ਼ਾਨੀਆਂ ਦੀ ਉੱਚ ਦੇਖਭਾਲ ਯਕੀਨੀ ਬਣਾਵੇ ਤਾਂ ਜੋ ਆਉਣ ਵਾਲੀਆਂ ਨਸਲਾਂ ਨੂੰ ਸ਼ਹੀਦ ਊਧਮ ਸਿੰਘ ਦੇ ਇਕ ਮਿਹਨਤਕਸ਼ ਅਤੇ ਉੱਤਮ ਕਿਰਤੀ ਹੋਣ ਬਾਰੇ ਵੀ ਗਿਆਨ ਹੋ ਸਕੇ।