ਅੰਮ੍ਰਿਤਸਰ, 29 ਜੁਲਾਈ (ਜਸਵੰਤ ਸਿੰਘ ਜੱਸ)-ਜਲ੍ਹਿਆਂ ਵਾਲਾ ਬਾਗ ‘ਚ ਸੰਨ੍ਹ 1919 ਵਿਚ ਵਾਪਰੇ ਭਿਆਨਕ ਖ਼ੂਨੀ ਸਾਕੇ ਦੇ 21 ਵਰ੍ਹਿਆਂ ਬਾਅਦ ਪੰਜਾਬ ਦੇ ਸਾਬਕਾ ਲੈਫਟੀਨੈਂਟ ਗਵਰਨਰ ਮਾਈਕਲ ਉਡਵਾਇਰ ਨੂੰ ਕੈਕਸਟਨ ਹਾਲ ਲੰਡਨ ਵਿਖੇ ਆਪਣੀ ਗੋਲੀ ਦਾ ਨਿਸ਼ਾਨਾ ਬਣਾ ਕੇ ਬਦਲਾ ਲੈਣ ਵਾਲੇ ਕੌਮੀ ਸ਼ਹੀਦ ਊਧਮ ਸਿੰਘ, ਜਿਨ੍ਹਾਂ ਦਾ ਪਹਿਲਾ ਅਤੇ ਅਸਲ ਨਾਟ ਸ਼ੇਰ ਸਿੰਘ ਸੀ, ਨੇ ਆਪਣੀ ਚੜ੍ਹਦੀ ਜਵਾਨੀ ਦੇ 12 ਵਰ੍ਹੇ ਪੁਰਾਤਨ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ ਸੰਨ੍ਹ 1904 ਵਿਚ ਯਤੀਮ ਬੱਚਿਆਂ ਦੀ ਦੇਖਭਾਲ ਲਈ ਸਥਾਪਿਤ ਕੀਤੇ ਸੈਂਟਰਲ ਖ਼ਾਲਸਾ ਯਤੀਮਾਨਾ ਪੁਤਲੀਘਰ ਵਿਖੇ ਬਿਤਾਏ ਸਨ। ਉਨ੍ਹਾਂ ਦੀ ਯਾਦ ਵਿਚ ਯਤੀਮਖਾਨਾ ਸੰਸਥਾ ਵਲੋਂ ‘ਸ਼ਹੀਦ ਊਧਮ ਸਿੰਘ ਅਜਾਇਬ ਘਰ’ ਸਥਾਪਿਤ ਕਰਕੇ ਉਨ੍ਹਾਂ ਨਾਲ ਸੰਬੰਧਿਤ ਦਾਖਲਾ ਰਜਿਸਟਰ ਸਮੇਤ ਹੋਰ ਦਸਤਾਵੇਜ਼ ਤੇ ਵਸਤੂਆਂ ਰੱਖੀਆਂ ਗਈਆਂ ਹਨ। ਇਥੇ ‘ਅਜੀਤ’ ਦੀ ਟੀਮ ਨਾਲ ਗੱਲਬਾਤ ਕਰਦਿਆਂ ਸੈਂਟਰਲ ਖ਼ਾਲਸਾ ਯਤੀਮਖਾਨਾ ਦੇ ਮੈਂਬਰ ਇੰਚਾਰਜ ਡਾ਼ ਆਤਮਜੀਤ ਸਿੰਘ ਬਸਰਾ, ਮੋਹਨਜੀਤ ਸਿੰਘ ਭੱਲਾ ਅਤੇ ਲਖਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸੁਨਾਮ ਵਿਖੇ ਜਨਮ ਲੈਣ ਵਾਲੇ ਸਾਧੂ ਸਿੰਘ ਤੇ ਸ਼ੇਰ ਸਿੰਘ ਨਾਂਟ ਦੇ ਦੋ ਸਕੇ ਭਰਾ ਆਪਣੇ ਪਿਤਾ ਦੀ ਮੌਤ ਤੋਂ ਬਾਅਦ 24 ਅਕਤੂਬਰ 1907 ਨੂੰ ਸੈਂਟਰਲ ਖ਼ਾਲਸਾ ਯਤੀਮਖਾਨਾ ਵਿਖੇ ਸਿੱਖਿਆ ਪ੍ਰਾਪਤ ਕਰਨ ਅਤੇ ਰਹਿਣ ਲਈ ਉਨ੍ਹਾਂ ਦੇ ਰਿਸ਼ਤੇਦਾਰਾਂ ਵਲੋਂ ਦਾਖਲ ਕਰਵਾਏ ਗਏ ਸਨ, ਜਿਨ੍ਹਾਂ ਵਿਚੋਂ ਵੱਡੇ ਭਰਾ ਸਾਧੂ ਸਿੰਘ ਦੀ ਉਸ ਵੇਲੇ ਉਮਰ 10 ਅਤੇ ਛੋਟੇ ਭਰਾ ਸ਼ੇਰ ਸਿੰਘ (ਊਧਮ ਸਿੰਘ) ਦੀ ਉਸ ਵੇਲੇ ਉਮਰ ਕੇਵਲ 5 ਸਾਲ ਸੀ। ਬਾਅਦ ਵਿਚ ਸ਼ੇਰ ਸਿੰਘ ਊਧਮ ਸਿੰਘ ਦੇ ਨਾਂਅ ਨਾਲ ਪ੍ਰਸਿੱਧ ਹੋਇਆ। ਉਨ੍ਹਾਂ ਦੱਸਿਆ ਕਿ ਵੱਡੇ ਭਰਾ ਦੀ ਜਲਦੀ ਹੀ ਮੌਤ ਹੋ ਜਾਣ ਬਾਅਦ ਸ਼ੇਰ ਸਿੰਘ ਨੇ ਯਤੀਮਖਾਨਾ ਵਿਖੇ ਰਹਿੰਦਿਆਂ ਹੀ ਸਿੱਖਿਆ ਹਾਸਿਲ ਕੀਤੀ ਅਤੇ ਜਦੋਂ 13 ਅਪ੍ਰੈਲ 1919 ਨੂੰ ਜਲ੍ਹਿਆਂ ਵਾਲਾ ਬਾਗ ਵਿਖੇ ਖੂਨੀ ਸਾਕਾ ਵਾਪਰਿਆ ਤਾਂ ਉਹ ਉਸ ਵੇਲੇ ਉਥੇ ਛਬੀਲ ‘ਤੇ ਲੋਕਾਂ ਨੂੰ ਪਾਣੀ ਪਿਲਾਉਣ ਦੀ ਸੇਵਾ ਨਿਭਾਅ ਰਿਹਾ ਸੀ। ਬਾਅਦ ਵਿਚ ਇਸ ਖ਼ੂਨੀ ਸਾਕੇ ਦਾ ਬਦਲਾ ਉਸ ਨੇ ਲੰਡਨ ਜਾ ਕੇ ਗੋਰੇ ਹਾਕਮ ਮਾਈਕਲ ਉਡਵਾਇਰ ਨੂੰ 21 ਵਰ੍ਹਿਆਂ ਬਾਅਦ ਗੋਲੀ ਦਾ ਨਿਸ਼ਾਨਾ ਬਣਾ ਕੇ ਲਿਆ ਤੇ ਇਸ ਉਪਰੰਤ ਫਾਂਸੀ ਦਾ ਰੱਸਾ ਚੁੰਮ ਕੇ ਸ਼ਹਾਦਤ ਦਿੱਤੀ। ਡਾ. ਬਸਰਾ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਦੇ ਸੰਸਥਾ ’ਚ ਜੀਵਨ ਕਾਲ ਨਾਲ ਸੰਬੰਧਿਤ ਨਿਸ਼ਾਨੀਆਂ ਮੰਜਾ, ਬਰਤਨ ਆਦਿ ਅੱਜ ਵੀ ਮੌਜੂਦ ਹਨ, ਜੋ ਉਨ੍ਹਾਂ ਦੀ ਯਾਦ ਵਿਚ ਸਥਾਪਿਤ ਅਜਾਇਬ ਘਰ ਵਿਖੇ ਰੱਖੇ ਗਏ ਹਨ। ਇਸ ਤੋਂ ਇਲਾਵਾ ਸ਼ਹੀਦ ਦੇ ਨਾਂਅ ‘ਤੇ ਸ਼ਹੀਦ ਊਧਮ ਸਿੰਘ ਲਾਇਬਰੇਰੀ ਵੀ ਸਥਾਪਿਤ ਕੀਤੀ ਹੋਈ ਹੈ, ਜਿਸ ਵਿਚ ਮੌਜੂਦ 13 ਹਜ਼ਾਰ ਦੇ ਕਰੀਬ ਪੁਸਤਕਾਂ ਤੋਂ ਯਤੀਮਖਾਨਾ ਦੇ ਬੱਚੇ ਗਿਆਨ ਹਾਸਿਲ ਕਰਦੇ ਹਨ। ਦੀਵਾਨ ਦੇ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜਰ ਦੀ ਰਹਿਨੁਮਾਈ ਵਿਚ ਹਰ ਸਾਲ 31 ਜੁਲਾਈ ਨੂੰ ਯਤੀਮਖਾਨਾਂ ਸਥਿਤ ਗੁਰਦੁਆਰਾ ਸਾਹਿਬ ਵਿਖੇ ਉਨ੍ਹਾਂ ਦਾ ਸ਼ਹੀਦੀ ਦਿਨ ਦੀਵਾਨ, ਸੰਸਥਾ ਦੇ ਪ੍ਰਬੰਧਕਾਂ ਤੇ ਬੱਚਿਆਂ ਵਲੋਂ ਗੁਰਮਤਿ ਸਮਾਗਮ ਦੇ ਰੂਪ ਵਿਚ ਮਨਾਇਆ ਜਾਂਦਾ ਹੈ।