ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 29 ਜੁਲਾਈ -ਲੋਕ ਸਭਾ ’ਚ ਤਕਰੀਬਨ 9 ਘੰਟੇ ਦੀ ਬਹਿਸ ਤੋਂ ਬਾਅਦ ਬੁੱਧਵਾਰ ਨੂੰ ਪੇਪਰ ਲੀਕ ਨਾਲ ਜੁੜਿਆ ਲੋਕ ਪ੍ਰੀਖਿਆ (ਅਣਉੱਚਿਤ ਸਾਧਨਾਂ ਦੀ ਰੋਕਥਾਮ) ਸੋਧ ਬਿੱਲ 2026 ਜ਼ੁਬਾਨੀ ਵੋਟਾਂ ਰਾਹੀਂ ਪਾਸ ਹੋ ਗਿਆ। ਇਸ ਸੋਧ ਬਿੱਲ ਰਾਹੀਂ 2024 ਦੇ ਕਾਨੂੰਨ ’ਚ ਸਜ਼ਾ ਦੇ ਨੇਮ ਹੇਠ ਸਖ਼ਤ ਕੀਤੇ ਗਏ ਹਨ, ਤਾਂ ਜੋ ਪੇਪਰ ਲੀਕ ਦੀਆਂ ਘਟਨਾਵਾਂ ’ਤੇ ਠੱਲ੍ਹ ਪਾਈ ਜਾ ਸਕੇ। ਬੁੱਧਵਾਰ ਨੂੰ ਬਿੱਲ ’ਤੇ ਬਹਿਸ ’ਚ ਹਿੱਸਾ ਲੈਂਦਿਆਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸਿੱਖਿਆ ਦੇ ਨਿੱਜੀਕਰਨ ’ਤੇ ਤਿੱਖਾ ਹਮਲਾ ਬੋਲਦਿਆਂ ਇਸ ਨੂੰ ਜਬਰਨ ਵਸੂਲੀ ਵਾਲਾ ਦੱਸਦਿਆਂ ਕਿਹਾ ਕਿ ਇਹ ਬਹੁਤ ਬੁਰੀ ਅਤੇ ਬੇਰਹਿਮ ਪ੍ਰਣਾਲੀ ਹੈੇ। ਰਾਹੁਲ ਨੇ ਤਿੱਖੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਸਿੱਖਿਆ ਪ੍ਰਣਾਲੀ ’ਤੇ ਆਰ. ਐਸ. ਐਸ. ਕਾਬਜ਼ ਹੋ ਚੁੱਕਾ ਹੈ। ਨਾਲ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਸਿੱਧੇ ਤੌਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਗ੍ਰਹਿ ਮੰਤਰੀ ਨੇ ਵਿਦਿਆਰਥੀਆਂ ’ਤੇ ਗੋਲੀ ਚਲਾਉਣ ਦੀ ਇਜਾਜ਼ਤ ਦਿੱਤੀ। ਰਾਹੁਲ ਗਾਂਧੀ ਦੇ ਇਲਜ਼ਾਮਾਂ ’ਤੇ ਭਾਜਪਾ ਸੰਸਦ ਮੈਂਬਰਾਂ ਨੇ ਤਿੱਖਾ ਪ੍ਰਤੀਕਰਮ ਕਰਦਿਆਂ ਉਨ੍ਹਾਂ ਤੋਂ ਮੁਆਫ਼ੀ ਦੀ ਮੰਗ ਕੀਤੀ। ਦੂਜੇ ਪਾਸੇ ਕਾਂਗਰਸੀ ਸੰਸਦ ਮੈਂਬਰਾਂ ਨੇ ‘ਰਾਹੁਲ ਗਾਂਧੀ ਨੂੰ ਬੋਲਣ ਦਿਓ’ ਦੇ ਨਾਅਰੇ ਲਗਾਉਂਦੇ ਹੋਏ ਆਪਣੇ ਨੇਤਾ ਨੂੰ ਗੱਲ ਪੂਰੀ ਕੀਤੇ ਜਾਣ ਦੀ ਮੰਗ ਕੀਤੀ। ਸਦਨ ’ਚ ਵਧ ਰਹੇ ਹੰਗਾਮਿਆਂ ਕਾਰਨ ਸਦਨ ਦੀ ਕਾਰਵਾਈ ਦੋ ਵਾਰ ਮੁਲਤਵੀ ਕਰਨੀ ਪਈ। ਦੁਪਹਿਰ ਤਿੰਨ ਵਜੇ ਸਦਨ ਮੁੜ ਜੁੜਨ ’ਤੇ ਵੀ ਰਾਹੁਲ ਗਾਂਧੀ ਨੂੰ ਆਪਣਾ ਭਾਸ਼ਨ ਖ਼ਤਮ ਕਰਨ ਦੀ ਇਜਾਜ਼ਤ ਦੇਣ ਦੀ ਥਾਂ ’ਤੇ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਬਹਿਸ ਦਾ ਜਵਾਬ ਦੇਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਵਿਰੋਧੀ ਧਿਰਾਂ ਦੇ ਰਵੱਈਏ ਨੂੰ ਨਿਰਾਸ਼ਾਜਨਕ ਦੱਸਦਿਆਂ ਰਾਹੁਲ ਗਾਂਧੀ ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਗੋਲੀ ਚਲਾਉਣ ਦਾ ਆਦੇਸ਼ ਮੰਤਰੀ ਨਹੀਂ, ਸਗੋਂ ਮੈਜਿਸਟ੍ਰੇਟ , ਡੀ. ਐਮ. ਜਾਂ ਐਸ. ਡੀ. ਐਮ. ਦਿੰਦਾ ਹੈ। ਨਾਲ ਹੀ ਗੋਲੀ ਚਲਾਉਣ ਦੇ ਇਲਜ਼ਾਮਾਂ ਨੂੰ ਵੀ ਖਾਰਜ ਕਰਦਿਆਂ ਕਿਹਾ ਕਿ ਗੋਲੀ ਨਹੀਂ ਚੱਲੀ ਸੀ ਅੱਥਰੂ ਗੈਸ ਦੀ ਵਰਤੋਂ ਹੋਈ ਸੀ। ਕੇਂਦਰੀ ਮੰਤਰੀ ਜਤਿੰਦਰ ਸਿੰਘ ਵਲੋਂ ਬਹਿਸ ਦਾ ਸੰਖੇਪ ਜਿਹਾ ਜਵਾਬ, ਜਿਸ ’ਚ ਉਨ੍ਹਾਂ ਮੁੱਖ ਤੌਰ ’ਤੇ ਰਾਹੁਲ ਗਾਂਧੀ ਦੇ ਲਾਏ ਇਲਜ਼ਾਮਾਂ ਦਾ ਜਵਾਬ ਹੀ ਦਿੱਤਾ, ਦੇਣ ਤੋਂ ਬਾਅਦ ਸਪੀਕਰ ਨੇ ਜ਼ੁਬਾਨੀ ਵੋਟਿੰਗ ਕਰਵਾਈ ਅਤੇ ਬਿੱਲ ਹੇਠਲੇ ਸਦਨ ’ਚੋਂ ਪਾਸ ਹੋ ਗਿਆ, ਜਿਸ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਵੀਰਵਾਰ ਸਵੇਰੇ 11 ਵਜੇ ਤੱਕ ਲਈ ਉਠਾ ਦਿੱਤੀ ਗਈ।
ਵਿਦਿਆਰਥੀ ਖੁੱਲ੍ਹੇ ਦਿਲ ਅਤੇ ਦਿਮਾਗ਼ ਦੇ ਮਾਲਕ-ਰਾਹੁਲ ਗਾਂਧੀ
ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਆਪਣੇ ਭਾਸ਼ਨ ਦੀ ਸ਼ੁਰੂਆਤ ’ਚ ਹੀ ਨੌਜਵਾਨਾਂ ਵਲੋਂ ਕੀਤੇ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਦਾ ਪ੍ਰਦਰਸ਼ਨ ਵੇਖ ਕੇ ਭਰੋਸਾ ਹੋਇਆ ਕਿ ਇਨ੍ਹਾਂ ਨੂੰ ਗੁੱਸਾ, ਹਿੰਸਾ ਜਾਂ ਨਫ਼ਰਤ ਨਹੀਂ ਸੀ, ਸਗੋਂ ਇਹ ਦੇਸ਼ ਦੇ ਨੌਜਵਾਨਾਂ ਅਤੇ ਆਉਣ ਵਾਲੀ ਪੀੜ੍ਹੀ ਦੀ ਡੂੰਘੀ ਭਾਵਨਾ ਸੀ। ਉਨ੍ਹਾਂ ਸੱਤਾ ਧਿਰ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਭਾਜਪਾ ਦੇ ਸਾਥੀਆਂ ਨੂੰ ਆਪਣੇ ਬੱਚਿਆਂ ਤੋਂ ਪੁੱਛਣਾ ਚਾਹੀਦਾ ਹੈ ਕਿ ਉਹ ਇਸ ਪ੍ਰਦਰਸ਼ਨ ਬਾਰੇ ਕੀ ਸੋਚਦੇ ਹਨ ਤਾਂ ਉਨ੍ਹਾਂ ਦੇ ਬੱਚੇ ਵੀ ਇਸ ਦੇ ਸਮਰਥਕ ਮਿਲਣਗੇ।
ਰਾਹੁਲ ਗਾਂਧੀ ਨੇ ਵਿਦਿਆਰਥੀਆਂ ਨਾਲ ਕੀਤੇ ਪ੍ਰੋਗਰਾਮ ‘ਛਾਤਰੋਂ ਕੀ ਗੂੰਜ’ ’ਚ ਉਨ੍ਹਾਂ ਨਾਲ ਕੀਤੀ ਗੱਲਬਾਤ ਦੇ ਅੰਸ਼ (ਹਿੱਸੇ) ਆਪਣੇ ਭਾਸ਼ਨ ’ਚ ਸ਼ਾਮਿਲ ਕਰਦਿਆਂ ਕਿਹਾ ਕਿ (ਪ੍ਰੋਗਰਾਮ ’ਚ ਸ਼ਾਮਿਲ) ਲੜਕੀਆਂ ਨੇ ਕਿਹਾ ਕਿ ਖੁੱਲ੍ਹੇ ਦਿਮਾਗ ਅਤੇ ਦਿਲ ਦੇ ਮਾਲਕ ਹੀ ਵਿਦਿਆਰਥੀ ਹੁੰਦੇ ਹਨ, ਜੋ ਆਪਣੇ ਸੱਚ ਅਤੇ ਦੂਜਿਆਂ ਦੇ ਸੱਚ ਵਿਚਲੇ ਫਰਕ ਨੂੰ ਪਛਾਣਦੇ ਹਨ ਅਤੇ ਉਸ ਦਾ ਸਨਮਾਨ ਵੀ ਕਰਦੇ ਹਨ। ਰਾਹੁਲ ਗਾਂਧੀ ਨੇ ਇਸ ਦੇ ਨਾਲ ਦੋ ਹੋਰ ਵਰਗਾਂ ਦਾ ਵੀ ਜ਼ਿਕਰ ਕੀਤਾ, ਜਿਸ ’ਚ ਅਜਿਹੇ ਲੋਕ ਹਨ, ਜਿਨ੍ਹਾਂ ਨੂੰ ਸਭ ਕੁਝ ਪਤਾ ਹੋਣ ਦਾ ਮਾਣ ਹੁੰਦਾ ਹੈ ਅਤੇ ਉਹ ਆਪਣੇ ਆਪ ਨੂੰ ਭਗਵਾਨ ਸਮਝਦੇ ਹਨ। ਅਜਿਹੇ ਲੋਕਾਂ ਨੂੰ ‘ਇਡੀਅਟ’ ਭਾਵ ਮੂਰਖ ਦੱਸਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਵਿਦਿਆਰਥੀਆਂ ਨੇ ਕਿਹਾ ਕਿ ਉਹ (ਦੂਜੀ ਕੈਟੇਗਰੀ ਵਾਲੇ) ਲੋਕ ਆਪਣੀ ਵੱਡੀ ਸ਼ਾਖ ਦੇ ਪਿੱਛੇ ਦੌੜਦੇ ਹਨ ਅਤੇ ਤੀਜੀ ਕੈਟੇਗਰੀ ਅੰਧਭਗਤਾਂ ਦੀ ਹੁੰਦੀ ਹੈ, ਜਿਨ੍ਹਾਂ ਨੂੰ ਲੱਗਦਾ ਹੈ ਕਿ ਦੂਜੀ ਕੈਟੇਗਰੀ ਵਾਲੇ ਭਗਵਾਨ ਹਨ ਅਤੇ ਉਹ ਉਨ੍ਹਾਂ ਨੂੰ ਫੋਲੋ ਕਰਦੇ ਹਨ।
ਰਾਹੁਲ ਅਤੇ ਰਿਜਿਜੂ ਦਰਮਿਆਨ ਤਿੱਖੀ ਸ਼ਬਦੀ ਜੰਗ
ਰਾਹੁਲ ਗਾਂਧੀ ਨੇ ਭਾਸ਼ਨ ’ਚ ਆਰ. ਐਸ. ਐਸ. ਨੂੰ ਨਿਸ਼ਾਨੇ ’ਤੇ ਲੈਣ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਵੀ ਸਿੱਧਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਗ੍ਰਹਿ ਮੰਤਰੀ ਨੇ ਵਿਦਿਆਰਥੀਆਂ ’ਤੇ ਗੋਲੀ ਚਲਾਉਣ ਦੀ ਇਜਾਜ਼ਤ ਦਿੱਤੀ। ਵਿਦਿਆਰਥੀਆਂ ’ਤੇ ਪੈਲੇਟ ਗੰਨ ਚਲਾਉਣ ਦਾ ਆਦੇਸ਼ ਦਿੱਤਾ। ਰਿਜਿਜੂ ਨੇ ਰਾਹੁਲ ਦੇ ਬਿਆਨ ’ਤੇ ਤਿੱਖਾ ਪ੍ਰਤੀਕਰਮ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਗੰਭੀਰਤਾ ਨਾਲ ਬੋਲਣਾ ਚਾਹੀਦਾ ਹੈ। ਰਿਜਿਜੂ ਨੇ ਰਾਹੁਲ ਦੇ ਬਿਆਨ ਦਾ ਸਬੂਤ ਮੰਗਦਿਆਂ ਕਿਹਾ ਕਿ ਇਹ ਕੋਈ ਛੋਟੀ ਗੱਲ ਨਹੀਂ ਹੈ ਗੰਭੀਰ ਇਲਜ਼ਾਮ ਹਨ, ਜਾਂ ਤਾਂ ਉਹ ਆਪਣੀ ਕਹੀ ਗੱਲ ਦਾ ਸਬੂਤ ਪੇਸ਼ ਕਰਨ ਜਾਂ ਮੁਆਫ਼ੀ ਮੰਗਣ।
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਰਾਹੁਲ ਗਾਂਧੀ ਦੇ ਸਮਰਥਨ ’ਚ ਜਾਂਦਿਆਂ ਕਿਹਾ ਕਿ ਜੇਕਰ ਵਿਰੋਧੀ ਧਿਰ ਦੇ ਨੇਤਾ ਨੇ ਗੰਭੀਰ ਦੋਸ਼ ਲਾਏ ਹਨ ਤਾਂ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵਿਦਿਆਰਥੀਆਂ ’ਤੇ ਕੀਤੇ ਵਰਤਾਅ ਦੀ ਜਾਂਚ ਕਰੇ। ਸਦਨ ’ਚ ਵਧ ਰਹੇ ਹੰਗਾਮਿਆਂ ’ਤੇ ਸਪੀਕਰ ਨੇ ਸਦਨ ਦੀ ਕਾਰਵਾਈ ਦੁਪਹਿਰ ਢਾਈ ਵਜੇ ਤੱਕ ਉਠਾ ਦਿੱਤੀ। ਲੋਕ ਸਭਾ ਦੀ ਕਾਰਵਾਈ ਢਾਈ ਵਜੇ ਸ਼ੁਰੂ ਹੋਣ ’ਤੇ ਮੁੜ ਸੱਤਾ ਅਤੇ ਵਿਰੋਧੀ ਧਿਰਾਂ ਦਰਮਿਆਨ ਸ਼ਬਦੀ ਜੰਗ ਸ਼ੁਰੂ ਹੋਣ ’ਤੇ ਸਦਨ ਦੀ ਕਾਰਵਾਈ ਦੁਪਹਿਰ 3 ਵਜੇ ਤੱਕ ਉਠਾ ਦਿੱਤੀ ਗਈ।
ਵਿਰੋਧੀ ਧਿਰਾਂ ਦਾ ਵਰਤਾਅ ਨਿਰਾਸ਼ਾਜਨਕ-ਜਤਿੰਦਰ ਸਿੰਘ
ਸਭਾ ਮੁੜ ਜੁੜਨ ’ਤੇ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਹੀ ਬਹਿਸ ਦਾ ਜਵਾਬ ਦੇਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦਾ ਵਰਤਾਅ ਨਿਰਾਸ਼ਾਜਨਕ ਸੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਬਿੱਲ ਦੇ ਨਾਂਅ ’ਤੇ ਸਿਆਸਤ ਕਰ ਰਹੀਆਂ ਹਨ। ਜਤਿੰਦਰ ਸਿੰਘ ਨੇ 19 ਮਿੰਟਾਂ ਦੇ ਭਾਸ਼ਨ ’ਚ ਤਕਰੀਬਨ 15 ਮਿੰਟ ਰਾਹੁਲ ਗਾਂਧੀ ਵਲੋਂ ਲਾਏ ਇਲਜ਼ਾਮ ਦਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਜਨਤਕ ਜੀਵਨ ਅਤੇ ਪ੍ਰਸ਼ਾਸਕੀ ਪ੍ਰਣਾਲੀ ਦੇ ਬੁਨਿਆਦੀ ਤੱਥਾਂ ਦੀ ਜਾਣਕਾਰੀ ਦੀ ਘਾਟ ਹੈ।
ਰਾਹੁਲ ਦੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਅੱਗੇ ਕੀਤੇ ਪ੍ਰਦਰਸ਼ਨ ’ਤੇ ਵੀ ਕੀਤਾ ਤਨਜ਼
ਜਤਿੰਦਰ ਸਿੰਘ ਨੇ ਰਾਹੁਲ ਗਾਂਧੀ ਵਲੋਂ 21 ਜੁਲਾਈ ਨੂੰ ਪ੍ਰਧਾਨ ਮੰਤਰੀ ਦੀ ਰਿਹਾਇਸ਼ ਅੱਗੇ ਕੀਤੇ ਪ੍ਰਦਰਸ਼ਨ ’ਤੇ ਵੀ ਤਨਜ਼ ਕਰਦਿਆਂ ਕਿਹਾ ਕਿ ਜਿਵੇਂ ਉਨ੍ਹਾਂ( ਰਾਹੁਲ ਗਾਂਧੀ) ਦੀ ਡੂੰਘੀ ਇੱਛਾ ਸੀ ਕਿ ਦੇਸ਼ ਉਨ੍ਹਾਂ ਨੂੰ ਚੁਣੇ ਅਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ’ਚ ਬਿਠਾਏ। ਜਦੋਂ ਇਹ ਇੱਛਾ ਪੂਰੀ ਨਹੀਂ ਹੋਈ ਤਾਂ ਉਹ ਨਿਰਾਸ਼ ਹੋ ਕੇ ਗੇਟ ’ਤੇ ਬੈਠ ਗਏ। ਜਤਿੰਦਰ ਸਿੰਘ ਦੇ ਭਾਸ਼ਨ ਤੋਂ ਬਾਅਦ ਸਪੀਕਰ ਓਮ ਬਿਰਲਾ ਵਲੋਂ ਬਿੱਲ ’ਤੇ ਜ਼ੁਬਾਨੀ ਵੋਟਿੰਗ ਕਰਵਾਈ ਗਈ। ਇਸ ਦੌਰਾਨ ਵਿਰੋਧੀ ਧਿਰਾਂ ਦੇ ਮੈਂਬਰਾਂ ਵਲੋਂ ਲਗਾਤਾਰ ‘ਰਾਹੁਲ ਗਾਂਧੀ ਨੂੰ ਬੋਲਣ ਦਿਓ’ ਦੇ ਨਾਅਰੇ ਲਾਉਂਦੇ ਰਹੇ। ਜ਼ੁਬਾਨੀ ਵੋਟਿੰਗ ਤੋਂ ਬਾਅਦ ਬਿੱਲ ਪਾਸ ਹੋਣ ’ਤੇ ਸਪੀਕਰ ਨੇ ਸਭਾ ਦੀ ਕਾਰਵਾਈ ਵੀਰਵਾਰ ਸਵੇਰੇ 11 ਵਜੇ ਤੱਕ ਲਈ ਉਠਾ ਦਿੱਤੀ।
ਪੇਪਰ ਲੀਕ ਸੋਧ ਬਿੱਲ ਲੋਕ ਸਭਾ ’ਚ ਪਾਸ
ਅਜੀਤ ਡੈਸਕ
30-07-2026