ਪਿੰਡ ਦੀਆਂ ਕੱਚੀਆਂ ਗਲੀਆਂ ਤੋਂ ਨਿਕਲ ਕੇ ਰਾਸ਼ਟਰੀ ਟੀਮ ਤੱਕ ਪਹੁੰਚਣ ਵਾਲਾ ਖਿਡਾਰੀ ਜਦੋਂ ਪਹਿਲੀ ਵਾਰ ਭਾਰਤ ਦੀ ਜਰਸੀ ਪਹਿਨਦਾ ਹੈ ਤਾਂ ਉਹ ਸਿਰਫ਼ ਕੱਪੜਾ ਨਹੀਂ ਪਹਿਨਦਾ, ਸਗੋਂ ਆਪਣੇ ਮਾਪਿਆਂ ਦੀਆਂ ਕੁਰਬਾਨੀਆਂ, ਕੋਚ ਦੀ ਮਿਹਨਤ ਤੇ ਆਪਣੇ ਬਚਪਨ ਦੇ ਸੁਪਨਿਆਂ ਨੂੰ ਮੋਢਿਆਂ ’ਤੇ ਲੈ ਕੇ ਮੈਦਾਨ ਵਿੱਚ ਉਤਰਦਾ ਹੈ। ਕਈ ਖਿਡਾਰੀ ਬਚਪਨ ਤੋਂ ਹੀ ਨੀਲੀ ਜਰਸੀ ਪਾ ਕੇ ਦੇਸ਼ ਲਈ ਖੇਡਣ ਦਾ ਸੁਪਨਾ ਦੇਖਦੇ ਹਨ। ਇਸ ਲਈ ਜਦੋਂ ਉਸ ਜਰਸੀ ਦਾ ਰੰਗ ਬਦਲਦਾ ਹੈ ਤਾਂ ਕੁਝ ਖਿਡਾਰੀਆਂ ਅਤੇ ਸਾਬਕਾ ਓਲੰਪੀਅਨਾਂ ਲਈ ਇਹ ਭਾਵਨਾਤਮਕ ਮਸਲਾ ਬਣ ਜਾਣਾ ਸੁਭਾਵਿਕ ਹੈ।