ਐੱਸ. ਏ. ਐੱਸ. ਨਗਰ, 31 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵਲੋਂ ਵੈਟਰਨਰੀ ਇੰਸਪੈਕਟਰ ਕੇਡਰ ਦੀਆਂ ਮੰਗਾਂ ਅਤੇ ਮਸਲੇ ਲਟਕਾਉਣ ਖ਼ਿਲਾਫ਼ ਸਥਾਨਕ ਸੈਕਟਰ-68 ਸਥਿਤ ਪਸ਼ੂ-ਪਾਲਣ ਵਿਭਾਗ ਦੇ ਡਾਇਰੈਕਟਰ ਦੇ ਦਫ਼ਤਰ ਅੱਗੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਗਈ। ਪੰਜਾਬ ਸਰਕਾਰ ਤੇ ਵਿਭਾਗ ਦੇ ਡਾਇਰੈਕਟਰ ਵਲੋਂ ਮੰਗਾਂ ਦੇ ਹੱਲ ਸੰਬੰਧੀ ਕੋਈ ਭਰੋਸਾ ਨਾ ਮਿਲਣ ‘ਤੇ ਵੈਟਰਨਰੀ ਇੰਸਪੈਕਟਰਾਂ ਵਲੋਂ ਰੋਸ ਰੈਲੀ ਉਪਰੰਤ ਬਾਅਦ ਦੁਪਹਿਰ 2.30 ਵਜੇ ਮੁੱਖ ਮੰਤਰੀ ਪੰਜਾਬ ਦੀ ਚੰਡੀਗੜ੍ਹ ਵਿਚਲੀ ਰਿਹਾਇਸ਼ ਦੇ ਘਿਰਾਓ ਲਈ ਚੰਡੀਗੜ੍ਹ ਵੱਲ ਰੋਸ ਮਾਰਚ ਸ਼ੁਰੂ ਕਰ ਦਿੱਤਾ ਗਿਆ। ਉਧਰ ਚੰਡੀਗੜ੍ਹ ਪੁਲਿਸ ਵਲੋਂ ਇਸ ਰੋਸ ਮਾਰਚ ਨੂੰ ਰੋਕਣ ਲਈ ਬੁੜੈਲ ਜੇਲ੍ਹ ਰੋਡ ‘ਤੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕਰਨ ਤੋਂ ਇਲਾਵਾ ਸਖ਼ਤ ਬੈਰੀਕੇਡਿੰਗ ਕੀਤੀ ਗਈ ਸੀ। ਇਸ ਦੌਰਾਨ ਵੈਟਰਨਰੀ ਇੰਸਪੈਕਟਰਾਂ ਵਲੋਂ ਬੈਰੀਕੇਡ ਤੋੜ ਕੇ ਅੱਗੇ ਵਧਣ ਲਈ ਚੰਡੀਗੜ੍ਹ ਪੁਲਿਸ ਨਾਲ ਅੱਧੇ ਘੰਟੇ ਦੇ ਕਰੀਬ ਕਸ਼ਮਕੱਸ਼ ਕੀਤੀ ਗਈ ਅਤੇ ਬਾਅਦ ‘ਚ ਚੰਡੀਗੜ੍ਹ ਪੁਲਿਸ ਵਲੋਂ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਵਾਟਰ ਕੈਨਨ ਨਾਲ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈ। ਇਸ ਤੋਂ ਪਹਿਲਾਂ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਾਸੀ ਅਤੇ ਸੂਬਾ ਜਨਰਲ ਸਕੱਤਰ ਵਿਪਨ ਕੁਮਾਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪਸ਼ੂ-ਪਾਲਣ ਵਿਭਾਗ ਦੀ ਅਫ਼ਸਰਸ਼ਾਹੀ ਵੈਟਰਨਰੀ ਇੰਸਪੈਕਟਰ ਕੇਡਰ ਦੀਆਂ ਮੰਗਾਂ ਤੇ ਮਸਲਿਆਂ ਦੇ ਨਿਪਟਾਰੇ ਲਈ ਲਗਾਤਾਰ ਨਾਂਹ-ਪੱਖੀ ਰੋਲ ਨਿਭਾ ਰਹੀ ਹੈ। ਇਸ ਮੌਕੇ ਗੁਰਦੀਪ ਸਿੰਘ ਛੰਨਾ, ਪਰਮਜੀਤ ਸਿੰਘ ਸੋਹੀ, ਰਾਜੀਵ ਮਲਹੋਤਰਾ, ਦਲਜੀਤ ਸਿੰਘ ਚਾਹਲ, ਗੁਰਮੀਤ ਸਿੰਘ ਮਹਿਤਾ, ਧਰਮਵੀਰ ਸਿੰਘ ਸਰਾਂ, ਹਰਦੀਪ ਸਿੰਘ, ਸਤਨਾਮ ਸਿੰਘ, ਪ੍ਰਵੀਨ ਕੁਮਾਰ, ਹਰਦੀਪ ਸਿੰਘ ਮੋਗਾ, ਰਾਜਨ ਕੰਬੋਜ, ਗੁਰਪ੍ਰੀਤ ਸਿੰਘ ਸੰਗਰੂਰ, ਸੁਖਵਿੰਦਰ ਸਿੰਘ, ਦਮਨਦੀਪ ਸਿੰਘ, ਹਰਬੰਸ ਸਿੰਘ , ਹਰਜੋਤ ਸਿੰਘ, ਗੁਰਜੀਤ ਸਿੰਘ, ਰਜਿੰਦਰ ਕੰਬੋਜ ਤੇ ਗੁਰਪ੍ਰੀਤ ਸਿੰਘ ਸਮੇਤ ਸਮੁੱਚੇ ਪੰਜਾਬ ਦੇ ਵੈਟਰਨਰੀ ਇੰਸਪੈਕਟਰ ਹਾਜ਼ਰ ਸਨ।