ਇਕਬਾਲ ਸਿੰਘ ਝੂੰਦਾਂ ਸੀਨੀਅਰ ਆਗੂਆਂ ਸਮੇਤ ਅਕਾਲੀ ਦਲ (ਵਾਰਿਸ ਪੰਜਾਬ ਦੇ) ’ਚ ਹੋਏ ਸ਼ਾਮਿਲ
ਤਰਸੇਮ ਸਿੰਘ ਤੇ ਮਨਪ੍ਰੀਤ ਸਿੰਘ ਇਆਲੀ ਸਮੇਤ ਹੋਰਨਾਂ ਆਗੂਆਂ ਵਲੋਂ ਸਵਾਗਤ
ਜਲੰਧਰ, 13 ਅਗਸਤ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਤੇ ਫਿਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦਾ ਹਿੱਸਾ ਰਹੇ ਸੀਨੀਅਰ ਆਗੂ ਇਕਬਾਲ ਸਿੰਘ ਝੂੰਦਾ ਅੱਜ ਆਪਣੇ ਵੱਡੀ ਗਿਣਤੀ ਸਾਥੀਆਂ ਦੇ ਨਾਲ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਿਚ ਸ਼ਾਮਿਲ ਹੋ ਗਏ। ਉਨ੍ਹਾਂ ਦਾ ਪਾਰਟੀ ’ਚ ਸ਼ਾਮਿਲ ਹੋਣ ’ਤੇ ਅਕਾਲੀ ਦਲ ( ਵਾਰਿਸ ਪੰਜਾਬ ਦੇ) ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ ਤੇ ਮਨਪ੍ਰੀਤ ਸਿੰਘ ਇਆਲੀ ਸਮੇਤ ਹੋਰਨਾਂ ਆਗੂਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ।
ਜਲੰਧਰ, 13 ਅਗਸਤ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਤੇ ਫਿਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦਾ ਹਿੱਸਾ ਰਹੇ ਸੀਨੀਅਰ ਆਗੂ ਇਕਬਾਲ ਸਿੰਘ ਝੂੰਦਾ ਅੱਜ ਆਪਣੇ ਵੱਡੀ ਗਿਣਤੀ ਸਾਥੀਆਂ ਦੇ ਨਾਲ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਿਚ ਸ਼ਾਮਿਲ ਹੋ ਗਏ। ਉਨ੍ਹਾਂ ਦਾ ਪਾਰਟੀ ’ਚ ਸ਼ਾਮਿਲ ਹੋਣ ’ਤੇ ਅਕਾਲੀ ਦਲ ( ਵਾਰਿਸ ਪੰਜਾਬ ਦੇ) ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ ਤੇ ਮਨਪ੍ਰੀਤ ਸਿੰਘ ਇਆਲੀ ਸਮੇਤ ਹੋਰਨਾਂ ਆਗੂਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਤੋਂ ਪਹਿਲਾਂ ਇਕਬਾਲ ਸਿੰਘ ਝੂੰਦਾ ਤੇ ਉਨ੍ਹਾਂ ਦੇ ਸਾਥੀਆਂ ਨੇ ਤਰਸੇਮ ਸਿੰਘ ਤੇ ਹੋਰਨਾਂ ਸੀਨੀਅਰ ਆਗੂਆਂ ਨਾਲ ਇਕ ਮੀਟਿੰਗ ਤੋਂ ਬਾਅਦ ਪੰਥ ਅਤੇ ਪੰਜਾਬ ਦੇ ਵਡੇਰੇ ਹਿੱਤਾਂ ਲਈ ਗੱਠਜੋੜ ਦੀ ਬਜਾਏ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਿਚ ਸ਼ਾਮਿਲ ਹੋਣ ਦਾ ਫ਼ੈਸਲਾ ਲਿਆ। ਇਸ ਮੌਕੇ ਇਕਬਾਲ ਸਿੰਘ ਝੂੰਦਾਂ ਤੋਂ ਇਲਾਵਾ ਪਾਰਟੀ ’ਚ ਸ਼ਾਮਿਲ ਹੋਣ ਵਾਲੇ ਆਗੂਆਂ ’ਚ ਮਾਸਟਰ ਜੌਹਰ ਸਿੰਘ ਸਾਬਕਾ ਵਿਧਾਇਕ, ਸਤਵਿੰਦਰ ਸਿੰਘ ਟੌਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ, ਅਮਰੀਕ ਸਿੰਘ ਸ਼ਾਹਪੁਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ, ਗੁਰਵਿੰਦਰ ਸਿੰਘ ਸ਼ਾਮਪੁਰ ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਸਾਬਕਾ ਚੇਅਰਮੈਨ, ਕਸ਼ਮੀਰ ਸਿੰਘ ਬਰਿਆਰ ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ, ਬਲਦੇਵ ਸਿੰਘ ਮਾਣੂਕੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ, ਤਰਸੇਮ ਸਿੰਘ ਜੱਸੋਵਾਲ ਗੜ੍ਹਸ਼ੰਕਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ, ਸਖਵੰਤ ਸਿੰਘ ਪੰਜਲੈਂਡ ਵਰਕਿੰਗ ਕਮੇਟੀ ਮੈਂਬਰ, ਐਡਵੋਕੇਟ ਰਜਿੰਦਰ ਸਿੰਘ ਦਾਲਮ ਸਾਬਕਾ ਮੈਂਬਰ ਐਸ.ਐਸ. ਬੋਰਡ, ਸਫ਼ੀਕ ਚੌਹਾਨ ਵਰਕਿੰਗ ਕਮੇਟੀ ਮੈਂਬਰ ਅਤੇ ਐਡਵੋਕੇਟ ਜੁਲਫ਼ਕਾਰ ਅਲੀ ਸਾਬਕਾ ਸੀ.ਈ.ਓ. ਵਕਫ਼ ਬੋਰਡ, ਨਿਰਭੈ ਸਿੰਘ ਮਾਲੋਵਾਲ ਅਮਲੋਹ ਤੇ ਪਰਮਦੀਪ ਸਿੰਘ ਵਿੰਜਵਾ ਸ਼ਾਮਿਲ ਹਨ। ਇਸ ਮੌਕੇ ਜਥੇਦਾਰ ਝੂੰਦਾਂ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਸਮੁੱਚੀਆਂ ਪੰਥਕ ਧਿਰਾਂ ਆਪਣੇ ਰਾਜਸੀ ਅਤੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਪੰਥਕ ਰੂਪ ਵਿਚ ਉੱਭਰੇ ਅਕਾਲੀ ਆਗੂ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਕਬੂਲ ਕਰਕੇ ਇਕ ਮੰਚ ’ਤੇ ਇਕੱਠੀਆਂ ਹੋਣ। ਉਨ੍ਹਾਂ ਕਿਹਾ ਕਿ ਪੰਥਕ ਸ਼ਕਤੀ ਵਿੱਚ ਹੋਰ ਵੰਡੀਆਂ ਪਾਉਣ ਦੀ ਬਜਾਏ ਅੱਜ ਸੁਹਿਰਦ ਆਗੂਆਂ ਨੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਿਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਹੈ।ਇਕਬਾਲ ਸਿੰਘ ਝੂੰਦਾਂ ਅਤੇ ਉਨ੍ਹਾਂ ਦੇ ਸਾਥੀਆਂ ਦੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਿਚ ਸ਼ਾਮਿਲ ਹੋਣ ’ਤੇ ਤਰਸੇਮ ਸਿੰਘ ਨੇ ਕਿਹਾ ਕਿ ਪਾਰਟੀ ਸਾਰੇ ਸਤਿਕਾਰਯੋਗ ਆਗੂਆਂ ਦਾ ਦਿਲੋਂ ਸਵਾਗਤ ਕਰਦੀ ਹੈ, ਜਿਨ੍ਹਾਂ ਨੇ ਪੰਥ ਅਤੇ ਪੰਜਾਬ ਦੇ ਵਡੇਰੇ ਹਿੱਤਾਂ ਲਈ ਇਹ ਫ਼ੈਸਲਾ ਲਿਆ ਹੈ । ਉਨ੍ਹਾਂ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਸਾਰੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਪਾਰਟੀ ’ਚ ਸਾਰੇ ਆਗੂਆਂ ਨੂੰ ਪੂਰਨ ਮਾਣ-ਸਨਮਾਨ ਮਿਲੇਗਾ । ਇਸ ਮੌਕੇ ਬਾਬੂ ਸਿੰਘ ਬਰਾੜ ਅਤੇ ਪਰਗਟ ਸਿੰਘ ਦੋਵੇਂ ਮੈਂਬਰ ਪਾਰਲੀਮੈਂਟਰੀ ਬੋਰਡ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ ।