13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਜੈੱਨ-ਜ਼ੀ ਦੇ ਅੰਦੋਲਨ ਨੇ ਭਾਰਤੀ ਲੋਕਤੰਤਰ ਨੂੰ ਦਿੱਤੀ ਮਜ਼ਬੂਤੀ

ਜੈੱਨ-ਜ਼ੀ ਦੇ ਅੰਦੋਲਨ ਨੇ ਭਾਰਤੀ ਲੋਕਤੰਤਰ ਨੂੰ ਦਿੱਤੀ ਮਜ਼ਬੂਤੀ

Ad Position 21
No active advertisement
ਅਜੀਤ ਡੈਸਕ 14-08-2026

ਪਿਛਲੇ ਦਿਨਾਂ ਵਿਚ ਨੌਜਵਾਨਾਂ ਦੁਆਰਾ ਕੀਤੇ ਗਏ ਅੰਦੋਲਨ ਨੇ ਇਹ ਗੱਲ ਸਿੱਧ ਕਰ ਦਿੱਤੀ ਹੈ ਕਿ ਸਮੇਂ ਦੀ ਕੁੱਖ ਵਿਚੋਂ ਭਵਿੱਖ ਵਿਚ ਵਾਪਰਨ ਵਾਲੀਆਂ ਘਟਨਾਵਾਂ ਦਾ ਸਟੀਕ ਅੰਦਾਜ਼ਾ ਕੋਈ ਵੀ ਨਹੀਂ ਲਗਾ ਸਕਦਾ। ਅੱਜ ਤੋਂ ਕੁਝ ਮਹੀਨੇ ਪਹਿਲਾਂ ਕਿਸੇ ਨੇ ਵੀ ਨਹੀਂ ਸੋਚਿਆ ਹੋਵੇਗਾ ਕਿ ਮਾਨਯੋਗ ਸੁਪਰੀਮ ਕੋਰਟ ਦੇ ਮੁੱਖ ਜੱਜ ਵਲੋਂ ਨੌਜਵਾਨਾਂ ਲਈ ਵਰਤਿਆ ਗਿਆ 'ਕਾਕਰੋਚ' ਸ਼ਬਦ ਨੌਜਵਾਨਾਂ ਦੇ ਦਿਲਾਂ ਵਿਚ ਰੋਸ ਭਰ ਦੇਵੇਗਾ ਅਤੇ ਉਨ੍ਹਾਂ ਦਾ ਰੋਸ ਭਰਪੂਰ ਜੋਸ਼ ਸਰਕਾਰ ਦੀਆਂ ਚੂਲਾਂ ਹਿਲਾ ਦੇਵੇਗਾ। ਸਮੇਂ-ਸਮੇਂ 'ਤੇ ਸਰਕਾਰਾਂ ਦੇ ਲੋਕ ਵਿਰੋਧੀ ਫ਼ੈਸਲਿਆਂ ਅਤੇ ਉਨ੍ਹਾਂ ਦੀ ਲੋਕ ਮਾਰੂ ਕਾਰਜਸ਼ੈਲੀ ਦੇ ਵਿਰੋਧ ਵਿਚ ਅੰਦੋਲਨ ਹੁੰਦੇ ਆਏ ਹਨ, ਜੋ ਜੇਕਰ ਸਫ਼ਲ ਹੋ ਜਾਣ ਤਾਂ ਉਹ ਨਵੇਂ ਸਿਧਾਂਤ ਅਤੇ ਨਵੀਂ ਕਾਰਜਸ਼ੈਲੀ ਨੂੰ ਜਨਮ ਦਿੰਦੇ ਹਨ।ਨੌਜਵਾਨਾਂ ਦੇ ਇਸ ਅੰਦੋਲਨ ਤੋਂ ਵੀ ਇਹ ਆਸ ਕੀਤੀ ਜਾਂਦੀ ਹੈ ਕਿ ਭਾਰਤੀ ਰਾਜਨੀਤੀ ਵਿਚ ਫੈਲ ਚੁੱਕੀ ਗੰਦਗੀ ਨੂੰ ਸਾਫ਼  ਕਰ ਕੇ ਇਹ ਨੌਜਵਾਨ ਪੀੜ੍ਹੀ ਇਕ ਨਵਾਂ-ਨਿਰੋਆ ਰਾਜਨੀਤਕ ਢਾਂਚਾ ਸਿਰਜੇਗੀ ਜੋ ਭਾਰਤੀ ਸੰਵਿਧਾਨ ਦੀਆਂ ਮਾਨਵੀ ਕਦਰਾਂ-ਕੀਮਤਾਂ ਦਾ ਝੰਡਾ ਬੁਲੰਦ ਰੱਖਦੀ ਹੋਈ ਬਰਾਬਰੀ ਵਾਲਾ ਸਮਾਜ (ਜਾਤ-ਪਾਤ, ਧਾਰਮਿਕ, ਆਰਥਿਕ, ਰੰਗ-ਨਸਲ ਤੇ ਖੇਤਰੀ ਭੇਦਭਾਵ ਤੋਂ ਮੁਕਤ) ਸਿਰਜ ਕੇ ਸਭ ਨੂੰ ਇਕੋਂ ਜਿਹਾ ਨਿਆਂ, ਸਿਹਤ ਅਤੇ ਸਿੱਖਿਆ ਮੁਹੱਈਆ ਕਰਵਾਏਗਾ। ਨਵਾਂ ਸਿਰਜਿਆ ਰਾਜਨੀਤਕ ਢਾਂਚਾ ਇਹ ਵੀ ਯਕੀਨੀ ਬਣਾਏਗਾ ਕਿ ਨਾਗਰਿਕਾਂ ਨੂੰ ਬੋਲਣ ਦੇ ਅਧਿਕਾਰ ਦੀ ਆਜ਼ਾਦੀ ਅਤੇ ਪ੍ਰੈੱਸ ਦੀ ਆਜ਼ਾਦੀ ਹੋਵੇਗੀ। ਪਰ ਇਹ ਆਜ਼ਾਦੀ ਕਿਸੇ ਨਾਲ ਵੀ ਉਸ ਦੇ ਧਾਰਮਿਕ ਵਿਸ਼ਵਾਸਾਂ, ਸਮਾਜਿਕ ਰੁਤਬੇ ਜਾਂ ਰਾਜਨੀਤਕ ਵਿਚਾਰਾਂ ਦੇ ਆਧਾਰ 'ਤੇ ਵਿਤਕਰਾ ਨਹੀਂ ਹੋਣ ਦੇਵੇਗੀ। ਇਨ੍ਹਾਂ ਨੌਜਵਾਨਾਂ ਨੇ ਆਪਣੇ ਸਿਰੜ ਅਤੇ ਦਲੇਰੀ ਨਾਲ ਕੀਤੇ ਅੰਦੋਲਨ ਰਾਹੀਂ ਆਪਣਾ ਮੁੱਖ ਨਿਸ਼ਾਨਾ ਤਾਂ ਹਾਸਿਲ ਕਰ ਲਿਆ ਹੈ ਪਰ ਹੁਣ ਇਸ ਜਿੱਤੀ ਹੋਈ ਲੜਾਈ ਨੇ, ਲੋਕਾਂ ਵਿਚ ਨੌਜਵਾਨਾਂ ਤੋਂ ਹੋਰ ਉੱਚੇ ਟੀਚੇ ਹਾਸਿਲ ਕਰਨ ਲਈ ਆਸ ਦੀ ਕਿਰਨ ਜਗਾ ਦਿੱਤੀ ਹੈ।

ਇਸ ਸੰਘਰਸ਼ ਤੋਂ ਪਹਿਲਾਂ ਨਵੀਂ ਪੀੜ੍ਹੀ ਦਾ ਰਾਜਨੀਤਕ ਵਿਸ਼ਲੇਸ਼ਣ ਅਤੇ ਸਰਕਾਰਾਂ ਦੇ ਕੰਮ-ਕਾਜ ਪ੍ਰਤੀ ਉਸ ਦਾ ਗਿਆਨ ਕੋਈ ਵਧੀਆ ਨਹੀਂ ਸੀ ਸਮਝਿਆ ਜਾ ਰਿਹਾ। ਪਰ ਜਿਸ ਤਰ੍ਹਾਂ ਦੀ ਸਿਆਣਪ ਅਤੇ ਸੂਝ-ਬੂਝ ਨੌਜਵਾਨਾਂ ਵਿਚ ਵੇਖਣ ਨੂੰ ਮਿਲੀ ਹੈ, ਉਨ੍ਹਾਂ ਇਹ ਧਾਰਨਾ ਪੱਕੀ ਕਰ ਦਿੱਤੀ ਹੈ ਕਿ ਇਸ ਦੇਸ਼ ਦੇ ਨੌਜਵਾਨ ਕਿੰਨੇ ਜ਼ਿਆਦਾ ਸਰਕਾਰ ਦੀਆਂ ਮਨਮਰਜ਼ੀ ਵਾਲੀਆਂ ਅਤੇ ਲੋਕ ਮਾਰੂ ਨੀਤੀਆਂ ਤੋਂ ਜਾਣੂ ਹਨ। ਉਨ੍ਹਾਂ ਨੇ ਅੰਦੋਲਨ ਰਾਹੀਂ ਉਨ੍ਹਾਂ 'ਤੇ ਲੱਗ ਰਿਹਾ ਅਵੇਸਲੇਪਨ ਦੇ ਸ਼ਿਕਾਰ ਦਾ ਧੱਬਾ ਧੋ ਦਿੱਤਾ ਹੈ। ਭਾਰਤ ਦੇ ਨਾਗਰਿਕ ਨੌਜਵਾਨਾਂ ਦੀ ਅਗਵਾਈ ਵਿਚ ਇਹ ਆਸ ਕਰਦੇ ਹਨ ਕਿ ਉਹ ਹੁਣ ਮੌਜੂਦਾ ਰਾਜਨੀਤਕ ਢਾਂਚੇ ਅਤੇ ਦੂਸਰੀਆਂ ਸੰਵਿਧਾਨਕ ਸੰਸਥਾਵਾਂ ਵਿਚ ਆਏ ਹੋਏ ਨਿਘਾਰ ਨੂੰ ਦੂਰ ਕਰਨਗੇ। ਇਨ੍ਹਾਂ ਨੌਜਵਾਨਾਂ ਦੇ ਇਸ ਸਫ਼ਲਤਾਪੂਰਵਕ ਅੰਦੋਲਨ ਤੋਂ ਬਾਅਦ ਨੌਜਵਾਨ ਸ਼ਕਤੀ ਹੇਠ ਲਿਖੇ ਨਿਸ਼ਾਨੇ ਪ੍ਰਾਪਤ ਕਰਨ ਲਈ ਕਾਰਜਸ਼ੀਲ ਰਹਿਣੀ ਚਾਹੀਦੀ ਹੈ :
ਹਰੇਕ ਚੋਣ ਲੜਨ ਵਾਲੇ ਉਮੀਦਵਾਰ ਦੀ ਉਮਰ ਸੀਮਾ ਅਤੇ ਘੱਟੋ-ਘੱਟ ਵਿੱਦਿਅਕ ਯੋਗਤਾ ਜ਼ਰੂਰ ਨਿਰਧਾਰਤ ਕੀਤੀ ਜਾਵੇ ਅਤੇ ਜੇਕਰ ਕਿਸੇ ਵੀ ਉਮੀਦਵਾਰ 'ਤੇ ਅਪਰਾਧਿਕ ਕੇਸ ਦਰਜ ਹੈ ਤਾਂ ਉਸ ਨੂੰ ਹਰੇਕ ਚੋਣ ਲੜਨ ਤੋਂ ਅਯੋਗ ਕਰਾਰ ਦਿੱਤਾ ਜਾਵੇ। ਇਸ ਤੋਂ ਇਲਾਵਾ ਕੋਈ ਵੀ ਉਮੀਦਵਾਰ ਆਪਣੀ ਪਾਰਟੀ ਦੇ ਸੰਵਿਧਾਨਕ ਅਹੁਦੇ ਤੋਂ ਅਸਤੀਫ਼ਾ ਦਿੱਤੇ ਬਗੈਰ ਦੂਸਰੀ ਪਾਰਟੀ ਜੁਆਇਨ ਨਹੀਂ ਕਰ ਸਕੇਗਾ। ਔਰਤਾਂ ਲਈ ਹਰ ਰਾਜਨੀਤਕ ਪਾਰਟੀ ਯਕੀਨੀ ਬਣਾਵੇ ਕਿ ਉਹ ਆਪਣੀਆਂ 50 ਫ਼ੀਸਦੀ ਸੀਟਾਂ 'ਤੇ ਔਰਤ ਉਮੀਦਵਾਰਾਂ ਨੂੰ ਖੜ੍ਹੇ ਕਰੇਗੀ।
ਹੇਠਲੇ ਅਹੁਦੇ ਤੋਂ ਉੱਪਰਲੇ ਅਹੁਦਿਆਂ ਦੀ ਤਰੱਕੀ ਲਈ ਸਾਰੇ ਮਹਿਕਮਿਆਂ ਵਿਚ (ਸਮੇਤ ਨਿਆਂ ਵਿਭਾਗ) ਤਰੱਕੀ ਲਈ ਵਿਭਾਗੀ ਇਮਤਿਹਾਨ ਚਲਦੇ ਰਹਿਣੇ ਚਾਹੀਦੇ ਹਨ ਤਾਂ ਜੋ ਉਪਰਲੇ ਅਹੁਦਿਆਂ 'ਤੇ ਯੋਗ ਉਮੀਦਵਾਰ ਹੀ ਪਹੁੰਚ ਸਕਣ।

ਵਿੱਦਿਆ ਅਮੀਰ-ਗ਼ਰੀਬ ਸਭ ਨਾਗਿਰਕਾਂ ਲਈ ਹਰੇਕ ਪੱਧਰ ਤੱਕ ਬਿਲਕੁਲ ਮੁਫ਼ਤ ਤੇ ਇਕਸਾਰ ਹੋਵੇ। ਇਸੇ ਤਰ੍ਹਾਂ ਪ੍ਰਾਈਵੇਟ ਮੈਡੀਕਲ, ਇੰਜੀਨੀਅਰਿੰਗ ਅਤੇ ਹੋਰ ਪ੍ਰੋਫੈਸ਼ਨਲ ਕਾਲਜਾਂ ਵਿਚ ਮੈਨੇਜਮੈਂਟ ਕੋਟੇ ਅਧੀਨ ਦਾਖਲਿਆਂ 'ਤੇ ਪਾਬੰਦੀ ਹੋਣੀ ਚਾਹੀਦੀ ਹੈ, ਜਿਨਾਂ ਨਾਲ ਪੈਸੇ ਦੇ ਜ਼ੋਰ 'ਤੇ ਅਮੀਰ ਘਰਾਂ ਦੇ ਕਾਕੇ-ਕਾਕੀਆਂ ਡਾਕਟਰ ਬਣ ਕੇ ਬਾਹਰ ਨਿਕਲਦੇ ਹਨ। ਉਨ੍ਹਾਂ 'ਤੇ ਬਿਨਾਂ ਮੈਰਿਟ ਦੇ ਆਧਾਰ 'ਤੇ ਦਾਖ਼ਲੇ ਦੇਣ 'ਤੇ ਰੋਕ ਲੱਗਣੀ ਚਾਹੀਦੀ ਹੈ। ਸਰਕਾਰੀ ਸਿਹਤ ਸੇਵਾਵਾਂ ਪ੍ਰਾਈਵੇਟ ਸਿਹਤ ਸੇਵਾਵਾਂ ਨਾਲੋਂ ਕਿਸੇ ਵੀ ਪੈਮਾਨੇ 'ਤੇ ਘੱਟ ਨਹੀਂ ਹੋਣੀਆਂ ਚਾਹੀਦੀਆਂ ਸਗੋਂ ਬਿਹਤਰ ਹੋਣੀਆਂ ਚਾਹੀਦੀਆਂ ਹਨ।
ਕਿਸੇ ਵੀ ਲਾਭ ਵਾਲੇ ਸਰਕਾਰੀ ਅਦਾਰੇ ਦਾ ਨਿੱਜੀਕਰਨ ਨਹੀਂ ਕੀਤਾ ਜਾਣਾ ਚਾਹੀਦਾ। ਬਿਜਲੀ, ਰਾਸ਼ਨ ਅਤੇ ਹੋਰ ਹਰ ਤਰ੍ਹਾਂ ਦੀ ਸਬਸਿਡੀ ਪਰਿਵਾਰ ਦੇ ਆਰਥਿਕ ਪੱਧਰ ਦੀ ਸਥਿਤੀ ਅਨੁਸਾਰ ਦਿੱਤੀ ਜਾਣੀ ਚਾਹੀਦੀ ਹੈ।  ਪਬਲਿਕ ਟਰਾਂਸਪੋਰਟ ਢਾਂਚੇ ਨੂੰ ਪਿੰਡ ਪੱਧਰ ਤੱਕ ਮਜ਼ਬੂਤ ਕੀਤਾ ਜਾਵੇ ਅਤੇ ਪ੍ਰਾਈਵੇਟ ਢਾਂਚੇ ਨੂੰ ਨਿਰਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਸੜਕਾਂ ਅਤੇ ਹੋਰ ਸਰਕਾਰੀ ਪ੍ਰਾਜੈਕਟਾਂ 'ਤੇ ਠੇਕੇਦਾਰੀ ਸਿਸਟਮ ਖ਼ਤਮ ਕਰ ਕੇ, ਸਰਕਾਰੀ ਅਦਾਰਿਆਂ ਵਲੋਂ ਖ਼ੁਦ ਇਨ੍ਹਾਂ ਪ੍ਰਾਜੈਕਟਾਂ ਨੂੰ ਨੇਪਰੇ ਚਾੜ੍ਹਿਆ ਜਾਣਾ ਚਾਹੀਦਾ ਹੈ।
ਜਿੱਤੀ ਹੋਈ ਪਾਰਟੀ ਵਲੋਂ ਚੋਣ ਮੈਨੀਫੈਸਟੋ ਪੂਰਾ ਨਾ ਕਰਨ ਦੀ ਸੂਰਤ ਵਿਚ ਅਪਰਾਧਿਕ ਕੇਸ ਦਰਜ ਕੀਤਾ ਜਾਵੇ ਅਤੇ ਇਹ ਵੀ ਮਨਾਹੀ ਹੋਵੇ ਕਿ ਕੋਈ ਵੀ ਵਿਅਕਤੀ ਜਾਂ ਪਾਰਟੀ, ਧਰਮ, ਨਸਲ, ਵਰਗ ਦੇ ਆਧਾਰ 'ਤੇ ਵੋਟ ਦੀ ਮੰਗ ਨਹੀਂ ਕਰੇਗਾ, ਸਗੋਂ ਚੋਣ ਲਈ ਖੜ੍ਹੇ ਕੀਤੇ ਉਮੀਦਾਵਰ ਵਲੋਂ ਵੋਟ ਸਿਰਫ ਆਪਣੇ ਚੋਣ ਮਨੋਰਥ ਜਾਂ ਕੀਤੇ ਹੋਏ ਕੰਮਾਂ ਦੇ ਆਧਾਰ 'ਤੇ ਮੰਗੀ ਜਾਵੇ।
ਹੁਣ ਲੋੜ ਹੈ ਕਿ ਦੇਸ਼ ਦੇ ਸਮੂਹ ਨੌਜਵਾਨ ਵੱਖ-ਵੱਖ ਰਾਜਾਂ ਦੇ ਨੌਜਵਾਨਾਂ ਨੂੰ ਮੈਂਬਰ ਲੈ ਕੇ ਇਕ ਰਾਸ਼ਟਰ ਪੱਧਰੀ ਸੰਗਠਨ ਬਣਾਉਣ ਜੋ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਸੰਗਠਨਾਂ ਦੇ ਮੈਂਬਰ ਹੋਣ ਪਰੰਤੂ ਕਿਸੇ ਵੀ ਰਾਜਨੀਤਕ ਪਾਰਟੀ ਦੇ ਮੈਂਬਰ ਨਹੀਂ ਹੋਣੇ ਚਾਹੀਦੇ। ਇਹ ਸੰਗਠਨ ਰਾਜ ਸਰਕਾਰ ਦੇ ਮੰਤਰੀਆਂ ਤੋਂ ਲੈ ਕੇ ਮੁੱਖ ਮੰਤਰੀ ਤੱਕ ਅਤੇ ਕੇਂਦਰ ਸਰਕਾਰ ਦੇ ਕੇਂਦਰੀ ਮੰਤਰੀਆਂ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਹਰੇਕ ਦੀ ਕਾਰਵਾਈ 'ਤੇ ਨਿਗਰਾਨੀ ਰੱਖਣ ਅਤੇ ਜਦੋਂ ਵੀ ਕੋਈ ਮੰਤਰੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਕੋਈ ਲੋਕਤੰਤਰ ਵਿਰੋਧੀ ਫ਼ੈਸਲੇ ਲੈਣ ਤਾਂ ਇਕ ਕਾਲ 'ਤੇ ਸਮੂਹ ਦੇਸ਼ ਦੇ ਨੌਜਵਾਨ ਸੜਕਾਂ 'ਤੇ ਆ ਕੇ ਉਨ੍ਹਾਂ ਦਾ ਡੱਟ ਕੇ ਵਿਰੋਧ ਕਰਨ। ਇਸ ਤਰ੍ਹਾਂ ਉਸਾਰਿਆ ਗਿਆ ਰਾਸ਼ਟਰੀ ਸੰਗਠਨ ਸਰਕਾਰਾਂ ਦੇ ਸਿਰ 'ਤੇ ਕੁੰਡੇ ਦਾ ਕੰਮ ਕਰੇਗਾ।
ਇਨ੍ਹਾਂ ਨੌਜਵਾਨਾਂ ਨੇ ਜੋ ਆਸ ਦਾ ਦੀਵਾ ਜਗਾਇਆ ਹੈ, ਉਹ ਜਗਦਾ ਰਹਿਣਾ ਚਾਹੀਦਾ ਹੈ। ਕਿਉਂਕਿ ਰਾਜਨੀਤਕ ਜਮਾਤਾਂ ਬਹੁਤ ਤੇਜ਼-ਤਰਾਰ ਹੁੰਦੀਆਂ ਹਨ, ਜੋ ਨੌਜਵਾਨ ਸ਼ਕਤੀ ਦੇ ਇਸ ਦੀਵੇ ਨੂੰ ਬੁਝਾਉਣ ਵਿਚ ਸਫ਼ਲ ਹੋ ਸਕਦੀਆਂ ਹਨ। ਉਨ੍ਹਾਂ ਦੀਆਂ ਲੂੰਬੜ ਚਾਲਾਂ ਤੋਂ ਸੁਚੇਤ ਰਹਿੰਦੇ ਹੋਏ, ਭਾਰਤੀ ਲੋਕਤੰਤਰ ਨੂੰ ਦੁਨੀਆ ਦੇ ਅਕਾਸ਼ 'ਤੇ ਚਮਕਦਾ ਸਿਤਾਰਾ ਬਣਾਉਣ ਲਈ ਇਸ ਨੌਜਵਾਨ ਜੈੱਨ-ਜ਼ੀ ਪੀੜ੍ਹੀ ਨੂੰ ਚੇਤਨ ਤੇ ਗਤੀਸ਼ੀਲ ਰਹਿਣਾ ਪਵੇਗਾ। ਹਰੇਕ ਸੁਹਿਰਦ ਭਾਰਤੀ ਨੌਜਵਾਨਾਂ ਨੂੰ ਸਫਲ ਹੋਏ ਸੰਘਰਸ਼ ਲਈ ਦਿਲੋਂ ਸ਼ਾਬਾਸ਼ ਦੇ ਰਿਹਾ ਹੈ, ਕਿਉਂਕਿ  ਜੈੱਨ-ਜ਼ੀ  ਨੇ ਮਰਨ ਕਿਨਾਰੇ ਪਹੁੰਚੇ ਭਾਰਤੀ ਲੋਕਤੰਤਰ ਨੂੰ ਬਚਾ ਲਿਆ ਹੈ।

-ਪ੍ਰੋਫੈਸਰ, ਐਜੂਕੇਸ਼ਨ ਵਿਭਾਗ, ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ, ਬਠਿੰਡਾ।

ਮੋਬਾਈਲ : 98554-79522

Ad Position 22
No active advertisement
ਪਿਛਲੀ ਖ਼ਬਰ ਇਕਬਾਲ ਸਿੰਘ ਝੂੰਦਾਂ ਸੀਨੀਅਰ ਆਗੂਆਂ ਸਮੇਤ ਅਕਾਲੀ ਦਲ (ਵਾਰਿਸ ਪੰਜਾਬ ਦੇ) ’ਚ ਹੋਏ ਸ਼ਾਮਿਲ ਤਰਸੇਮ ਸਿੰਘ ਤੇ ਮਨਪ੍ਰੀਤ ਸਿ... ਅਗਲੀ ਖ਼ਬਰ ਅਧਿਕਾਰ ਮਿਲਣਾ ਚੰਗੀ ਗੱਲ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਅਧਿਕਾਰਾਂ ਦੀ ਦੁਰਵਰਤੋਂ ਨਾ ਕੀਤੀ ਜਾਵੇ। -ਅਗਿਆਤ
Ad Position 24