12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਅੰਗ ਦਾਨ : ਜ਼ਿੰਦਗੀ ਦਾ ਸਭ ਤੋਂ ਨੇਕ ਕਾਰਜ

ਅੰਗ ਦਾਨ : ਜ਼ਿੰਦਗੀ ਦਾ ਸਭ ਤੋਂ ਨੇਕ ਕਾਰਜ

Ad Position 21
No active advertisement
ਅਜੀਤ ਡੈਸਕ 13-08-2026

ਦੁਨੀਆ ਦੇ ਸਾਰੇ ਦੇਸ਼ਾਂ ਵਿਚ ਹਰ ਸਾਲ 13 ਅਗਸਤ ਨੂੰ  ਵਿਸ਼ਵ ਅੰਗ ਦਾਨ ਦਿਵਸ ਮਨਾਇਆ ਜਾਂਦਾ ਹੈ | ਇਹ ਦਿਨ ਮਨਾਉਣ ਦਾ ਮਕਸਦ ਵੱਧ ਤੋਂ ਵੱਧ ਵਿਅਕਤੀਆਂ ਨੂੰ  ਮੌਤ ਤੋਂ ਬਾਅਦ ਆਪਣੇ ਸਿਹਤਮੰਦ ਅੰਗਾਂ ਨੂੰ  ਲੋੜਵੰਦ ਮਰੀਜ਼ਾਂ ਲਈ ਦਾਨ ਕਰਨ ਲਈ ਪ੍ਰੇਰਿਤ ਕਰਨਾ ਅਤੇ ਅੰਗ ਦਾਨ ਦੇ ਮਹੱਤਵ ਬਾਰੇ ਵੱਡੀ ਗਿਣਤੀ ਵਿਚ ਲੋਕਾਂ 'ਚ ਇਹ ਜਾਗਰੂਕਤਾ ਪੈਦਾ ਕਰਨਾ ਹੈ, ਕਿ ਉਨ੍ਹਾਂ ਵਲੋਂ ਕੀਤੇ ਅੰਗ ਨਾਲ ਕਈ ਮਰੀਜ਼ਾਂ ਦੀ ਜ਼ਿੰਦਗੀ ਨੂੰ  ਬਚਾਇਆ ਜਾ ਸਕਦਾ ਹੈ | ਜੇ ਕੋਈ ਦੁਨੀਆ ਤੋਂ ਰੁਖ਼ਸਤ ਹੁੰਦੇ ਹੋਏ ਕਿਸੇ ਨੂੰ  ਆਪਣੇ ਅੰਗ ਪ੍ਰਦਾਨ ਰਾਹੀਂ ਜੀਵਨ ਦਾਨ ਦੇ ਜਾਂਦਾ ਹੈ ਤਾਂ ਇਸ ਤੋਂ ਵੱਡਾ ਮਨੁੱਖੀ ਭਲਾਈ ਦਾ ਕਾਰਜ ਹੋਰ ਕੋਈ ਨਹੀ ਹੋ ਸਕਦਾ, ਕਿਉਕਿ ਅਜਿਹਾ ਅਮੁੱਲਾ ਅੰਗ ਪ੍ਰਦਾਨ ਜ਼ਿੰਦਗੀ ਖਤਮ ਹੋਣ ਤੋਂ ਬਾਅਦ ਵੀ ਤੁਹਾਨੂੰ ਹਮੇਸ਼ਾ ਲਈ ਜਿਉਂਦਾ ਰੱਖੇਗਾ | ਭਾਰਤ ਵਿਚ ਹਰ ਸਾਲ 2.50 ਲੱਖ ਵਿਅਕਤੀਆਂ ਨੂੰ  ਗੁਰਦਿਆਂ ਦੀ, 80 ਹਜ਼ਾਰ ਨੂੰ  ਜਿਗਰ ਦੀ, 50 ਹਜ਼ਾਰ ਨੂੰ  ਦਿਲ ਦੀ ਅਤੇ ਇਕ ਲੱਖ ਲੋਕਾਂ ਨੂੰ  ਅੱਖਾਂ ਦੇ ਕੋਰਨੀਆ ਦੀ ਲੋੜ ਹੁੰਦੀ ਹੈ | ਦੇਸ਼ ਵਿਚ ਲਗਭਗ 60 ਲੱਖ ਲੋਕਾਂ ਨੂੰ  ਅੱਖਾਂ ਦਾਨ ਕਰਨ ਦੀ ਲੋੜ ਹੈ | ਇਸ ਲਈ ਪਰਿਵਾਰ ਵਿਚ ਆਮ ਮੌਤ ਹੋਣ 'ਤੇ ਸਾਨੂੰ ਲੋੜਵੰਦ ਮਰੀਜ਼ਾਂ ਲਈ ਘੱਟੋ ਘੱਟ ਉਸਦੀਆਂ ਅੱਖਾਂ ਜ਼ਰੂਰ ਦਾਨ ਕਰਨੀਆਂ ਚਾਹੀਦੀਆਂ ਹਨ, ਜੋ ਕਿਸੇ ਸਰਕਾਰੀ ਮਾਨਤਾ ਪ੍ਰਾਪਤ ਹਸਪਤਾਲ ਜਾਂ ਸੰਸਥਾ ਨੂੰ  ਮੌਤ ਦੇ 6ੇ ਘੰਟੇ ਦੇ ਅੰਦਰ-ਅੰਦਰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ | ਇਹ ਬੇਹੱਦ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਦੇਸ਼ ਵਿਚ ਜਿੰਨੀ ਸਾਲਾਨਾ ਮੰਗ ਅੰਗ ਟਰਾਂਸਪਲਾਂਟ ਦੀ ਹੈ, ਉਨੀ ਗਿਣਤੀ ਵਿਚ ਮਰੀਜ਼ਾਂ ਨੂੰ  ਅੰਗ ਨਹੀਂ ਮਿਲਦੇ | ਕੇਂਦਰੀ ਸਿਹਤ ਮੰਤਰਾਲੇ ਵਲੋਂ 'ਨੈਸ਼ਨਲ ਔਰਗਨ ਐਂਡ ਟਿਸ਼ੂ ਟਰਾਂਸਪਲਾਂਟ ਆਰਗੇਨਾਈਜੇਸ਼ਨ' ਰਾਹੀਂ ਲੋਕਾਂ ਵਿਚ ਅੰਗ ਪ੍ਰਦਾਨ ਕਰਨ ਦੀ ਜਾਗਰੂਕਤਾ ਮੁਹਿੰਮ ਚਲਾਉਣ ਦਾ ਦਾਅਵਾ ਤਾਂ ਜ਼ਰੂਰ ਕੀਤਾ ਜਾਂਦਾ ਹੈ ਪਰ ਇਸ ਬਾਰੇ ਕਿਸੇ ਪਿ੍ੰਟ ਅਤੇ ਬਿਜਲਈ ਮੀਡੀਏ ਵਿਚ ਕਦੇ ਕੋਈ ਚਰਚਾ ਵੇਖਣ-ਸੁਣਨ ਨੂੰ  ਨਹੀਂ ਮਿਲਦੀ | ਸਾਡੇ ਦੇਸ਼ ਵਿਚ ਹਰ ਸਾਲ ਸੜਕ ਹਾਦਸਿਆਂ 'ਚ ਡੇਢ ਲੱਖ ਤੋਂ ਵੱਧ ਮੌਤਾਂ ਹੁੰਦੀਆਂ ਹਨ | ਜੇ ਇਨ੍ਹਾਂ 'ਚੋਂ 5 ਫ਼ੀਸਦੀ ਪਰਿਵਾਰਾਂ ਨੂੰ  ਵੀ ਅੰਗ ਦੇਣ ਲਈ ਰਾਜ਼ੀ ਕਰ ਲਿਆ ਜਾਵੇ ਤਾਂ ਅੰਗ ਬਦਲੀ ਲਈ ਉਡੀਕ ਸੂਚੀ ਕੁਝ ਸਾਲਾਂ 'ਚ ਹੀ ਖ਼ਤਮ ਹੋ ਸਕਦੀ ਹੈ | ਬੇਹੱਦ ਦੁੱਖਦਾਈ ਪਹਿਲੂ ਹੈ ਕਿ ਦੇਸ਼ ਵਿਚ ਹਰ ਸਾਲ ਪੰਜ ਲੱਖ ਮੌਤਾਂ ਅੰਗ ਟਰਾਂਸਪਲਾਂਟ ਨਾ ਹੋਣ ਕਾਰਨ ਹੁੰਦੀਆਂ ਹਨ |


ਦੁਨੀਆ ਵਿਚ ਸਭ ਤੋਂ ਪਹਿਲਾ ਅੰਗ ਟਰਾਂਸਪਲਾਂਟ (ਗੁਰਦਾ ਬਦਲੀ) 1954 ਵਿਚ ਪੀਟਰ ਬਿ੍ਗਮ ਹਸਪਤਾਲ ਬੋਸਟਨ (ਅਮਰੀਕਾ) ਵਿਖੇ ਕੀਤਾ ਗਿਆ ਸੀ, ਜਦਕਿ ਭਾਰਤ 'ਚ ਅੰਗ ਟਰਾਂਸਪਲਾਂਟ ਦੀ ਸ਼ੁਰੂਆਤ 1 ਦਸੰਬਰ 1971 ਨੂੰ  ਕ੍ਰਿਸਚਨ ਮੈਡੀਕਲ ਕਾਲਜ ਵੇਲੂਰ (ਤਾਮਿਲਨਾਡੂ) ਵਿਖੇ ਗੁਰਦੇ ਦੀ ਅੰਗ ਬਦਲੀ ਨਾਲ ਹੀ ਹੋਈ | ਭਾਰਤ ਵਿਚ ਅੰਗ ਦਾਨੀਆਂ ਦੀ ਗਿਣਤੀ ਕੁੱਲ ਕੌਮੀ ਵਸੋਂ ਦਾ 0.8 ਫ਼ੀਸਦੀ ਪ੍ਰਤੀ ਦਸ ਲੱਖ, ਸਪੇਨ 'ਚ 49.4, ਕੋਰੇਸ਼ੀਆ 'ਚ 38.6, ਅਮਰੀਕਾ 'ਚ 26 ਅਤੇ ਇਟਲੀ, ਫਰਾਂਸ, ਆਸਟਰੀਆ ਵਿਚ 20 ਫ਼ੀਸਦੀ ਤੋਂ ਵੱਧ ਹੈ | ਭਾਰਤ ਵਿਚ ਅੰਗ ਦਾਨ ਨਾ ਕਰਨ ਪਿੱਛੇ ਵੱਡਾ ਕਾਰਨ ਅੰਧਵਿਸ਼ਵਾਸੀ ਮਾਨਸਿਕਤਾ ਵੀ ਹੈ | ਇਸ ਲਈ ਮੌਜੂਦਾ ਹਕੂਮਤਾਂ ਨੂੰ  ਆਪਣੀ ਸੰਵਿਧਾਨਕ ਜ਼ਿੰਮੇਵਾਰੀ ਸਮਝਦੇ ਹੋਏ ਇਸ ਸੰਬੰਧੀ ਵੱਡੇ ਪੱਧਰ 'ਤੇ ਵਿਗਿਆਨਕ ਚੇਤਨਾ ਮੁਹਿੰਮ ਚਲਾਉਣ ਤੋਂ ਇਲਾਵਾ ਅੰਗ ਦਾਨ ਨੂੰ  ਸਿੱਖਿਆ ਪਾਠਕ੍ਰਮ ਦਾ ਲਾਜ਼ਮੀ ਹਿੱਸਾ ਬਣਾਉਣਾ ਚਾਹੀਦਾ ਹੈ | ਮਾਹਿਰ ਡਾਕਟਰਾਂ ਅਨੁਸਾਰ ਦਿਮਾਗੀ ਮੌਤ ਦੇ ਮਰੀਜ਼ ਦੇ ਇਕੋ ਸਮੇਂ ਅੰਗ ਦਾਨ ਕਰਨ ਨਾਲ 37 ਲੋਕਾਂ ਨੂੰ  ਨਵੀਂ ਜ਼ਿੰਦਗੀ ਦਿੱਤੀ ਜਾ ਸਕਦੀ ਹੈ | ਅੰਗ ਦਾਨ ਦੇ ਇੱਛੁਕ ਵਿਅਕਤੀ ਨੈਸ਼ਨਲ ਔਰਗਨ ਐਂਡ ਟਿਸ਼ੂ ਟਰਾਂਸਪਲਾਂਟ ਔਰਗੇਨਾਈਜੇਸ਼ਨ ਵਲੋਂ ਅੰਗ ਦਾਨ ਲਈ ਸਰਕਾਰੀ ਮਾਨਤਾ ਪ੍ਰਾਪਤ ਹਸਪਤਾਲ ਵਿਚ ਇਸ ਸੰਬੰਧੀ ਫਾਰਮ ਭਰ ਸਕਦੇ ਹਨ | 18 ਸਾਲ ਤੋਂ 70-80 ਸਾਲ ਦਾ ਕੋਈ ਵੀ ਸਿਹਤਮੰਦ ਵਿਅਕਤੀ ਆਪਣੇ ਅੰਗ ਦਾਨ ਕਰ ਸਕਦਾ ਹੈ | ਇਸ ਗੱਲ ਦਾ ਬੇਹੱਦ ਅਫ਼ਸੋਸ ਹੈ ਕਿ ਪੰਜਾਬ ਵਿਚ ਪੀ.ਜੀ.ਆਈ. ਚੰਡੀਗੜ੍ਹ ਤੋਂ ਇਲਾਵਾ ਹੋਰ ਕਿਸੇ ਸ਼ਹਿਰ ਦੇ ਸਰਕਾਰੀ ਹਸਪਤਾਲ ਵਿਚ ਅੰਗ ਟਰਾਂਸਪਲਾਂਟ ਕਰਨ ਦੀ ਸਹੂਲਤ ਮੌਜੂਦ ਨਹੀਂ ਹੈ, ਜਦਕਿ ਇਹ ਸਹੂਲਤ ਹਰ ਜ਼ਿਲ੍ਹੇ ਦੇ ਮੁੱਖ ਸਰਕਾਰੀ ਹਸਪਤਾਲ ਵਿਚ ਹੋਣੀ ਚਾਹੀਦੀ ਹੈ | ਹਕੀਕਤ ਇਹ ਵੀ ਹੈ ਕਿ ਅੰਗ ਲੈਣ-ਦੇਣ ਅਤੇ ਕਾਨੂੰਨੀ ਪ੍ਰਸ਼ਾਸਨਿਕ ਮਨਜ਼ੂਰੀ ਦੀ ਪ੍ਰਕਿਰਿਆ 'ਚ ਇੰਨੀ ਜ਼ਿਆਦਾ ਦੇਰੀ ਹੋ ਜਾਂਦੀ ਹੈ ਕਿ ਕਈ ਵਾਰ ਲੋੜਵੰਦ ਮਰੀਜ਼ ਦੀ ਪਹਿਲਾਂ ਹੀ ਮੌਤ ਹੋ ਜਾਂਦੀ ਹੈ | ਇਸ ਲਈ ਅੰਗ ਲੈਣ-ਦੇਣ ਦੀ ਪ੍ਰਕਿਰਿਆ ਵੱਧ ਸਰਲ, ਪਾਰਦਰਸ਼ੀ, ਮੁਫ਼ਤ ਤੇ ਜਲਦੀ ਹੋਣੀ ਚਾਹੀਦੀ ਹੈ | ਪੰਜਾਬ ਵਿਚ ਤਰਕਸ਼ੀਲ ਲਹਿਰ ਦੇ ਮਰਹੂਮ ਆਗੂ ਕ੍ਰਿਸ਼ਨ ਬਰਗਾੜੀ ਪਿੰਡ ਬਰਗਾੜੀ (ਫਰੀਦਕੋਟ) ਉੱਤਰੀ ਭਾਰਤ ਦੇ ਪਹਿਲੇ ਸਰੀਰ ਦਾਨੀ ਸਨ, ਜਿਨ੍ਹਾਂ ਦਾ ਮਿ੍ਤਕ ਸਰੀਰ ਉਨ੍ਹਾਂ ਦੀ ਵਸੀਅਤ ਅਨੁਸਾਰ 2002 ਵਿਚ ਕ੍ਰਿਸਚਨ ਮੈਡੀਕਲ ਕਾਲਜ ਲੁਧਿਆਣਾ ਨੂੰ  ਡਾਕਟਰੀ ਖੋਜ ਕਾਰਜਾਂ ਲਈ ਦਾਨ ਕੀਤਾ ਗਿਆ ਸੀ | 
ਸਾਨੂੰ ਵਿਸ਼ਵ ਅੰਗ ਦਾਨ ਦਿਵਸ ਮੌਕੇ ਵਿਗਿਆਨਕ ਸੋਚ ਦੇ ਧਾਰਨੀ ਬਣ ਕੇ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਸਰੀਰ ਦਾਨ, ਅੰਗ ਦਾਨ ਅਤੇ ਖ਼ਾਸ ਕਰਕੇ ਅੱਖਾਂ ਦਾਨ ਕਰਨ ਲਈ ਸਰਕਾਰੀ ਮਾਨਤਾ ਪ੍ਰਾਪਤ ਹਸਪਤਾਲ ਵਿਚ ਰਜਿਸਟਰ ਕਰਾਉਣਾ ਚਾਹੀਦਾ ਹੈ ਤੇ ਇਸ ਨੂੰ  ਲੋਕ ਲਹਿਰ ਬਣਾਉਣ ਲਈ ਅੱਗੇ ਆਉਣਾ ਚਾਹੀਦਾ ਹੈ | ਇਸ ਸੰਬੰਧੀ ਹਕੂਮਤਾਂ ਵਲੋਂ ਡਾਕਟਰਾਂ, ਸਿਹਤ ਮੁਲਾਜ਼ਮਾਂ ਅਤੇ ਡਾਕਟਰੀ ਪੜ੍ਹਾਈ ਦੇ ਵਿਦਿਆਰਥੀਆਂ ਦੇ ਇਲਾਵਾ ਸਰਕਾਰੀ ਉੱਚ ਅਧਿਕਾਰੀਆਂ, ਮੁਲਾਜ਼ਮਾਂ, ਵਿਧਾਇਕਾਂ, ਸੰਸਦ ਮੈਂਬਰਾਂ, ਮੰਤਰੀਆਂ ਲਈ ਮਰਨ ਉਪਰੰਤ ਜਾਂ ਦਿਮਾਗੀ ਮੌਤ ਦੌਰਾਨ ਲੋੜਵੰਦ ਲੋਕਾਂ ਨੂੰ  ਅੰਗ ਪ੍ਰਦਾਨ ਅਤੇ ਖ਼ਾਸ ਕਰ ਕੇ ਅੱਖਾਂ ਪ੍ਰਦਾਨ ਕਰਨ ਨੂੰ  ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ | ਕੇਂਦਰ ਅਤੇ ਰਾਜ ਸਰਕਾਰਾਂ ਨੂੰ  ਚਾਹੀਦਾ ਹੈ ਕਿ ਅੰਗ ਬਦਲੀ ਸਰਲ ਕਾਗਜ਼ੀ ਪ੍ਰਕਿਰਿਆ ਰਾਹੀਂ ਬਿਲਕੁਲ ਮੁਫ਼ਤ ਕੀਤਾ ਜਾਵੇ ਅਤੇ ਇਸ ਵਿਚ ਕਿਸੇ ਕਿਸਮ ਦੀ ਅਣਗਹਿਲੀ ਤੇ ਭਿ੍ਸ਼ਟਾਚਾਰ ਕਰਨ ਵਾਲਿਆਂ ਨੂੰ  ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ |

-ਅੰਮਿ੍ਤਸਰ | ਮੋਬਾਈਲ : 76960-30173

Ad Position 22
No active advertisement
ਪਿਛਲੀ ਖ਼ਬਰ ਕੀ ਨਵਾਂ ਕਾਨੂੰਨ ਪੇਪਰ ਲੀਕ ਦੀਆਂ ਘਟਨਾਵਾਂ ਨੂੰ ਰੋਕ ਸਕੇਗਾ? ਅਗਲੀ ਖ਼ਬਰ ਖੇਡਾਂ 'ਚ ਹਰਿਆਣਾ ਨੇ ਦੇਸ਼ ਦੇ ਵੱਡੇ-ਵੱਡੇ ਸੂਬਿਆਂ ਨੂੰ ਛੱਡਿਆ ਪਿੱਛੇ
Ad Position 24