12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਖੇਡਾਂ 'ਚ ਹਰਿਆਣਾ ਨੇ ਦੇਸ਼ ਦੇ ਵੱਡੇ-ਵੱਡੇ ਸੂਬਿਆਂ ਨੂੰ ਛੱਡਿਆ ਪਿੱਛੇ

ਖੇਡਾਂ 'ਚ ਹਰਿਆਣਾ ਨੇ ਦੇਸ਼ ਦੇ ਵੱਡੇ-ਵੱਡੇ ਸੂਬਿਆਂ ਨੂੰ ਛੱਡਿਆ ਪਿੱਛੇ

Ad Position 21
No active advertisement
ਅਜੀਤ ਡੈਸਕ 13-08-2026

ਇਕ ਵਾਰ ਫਿਰ ਖੇਡਾਂ ਦੇ ਮਾਮਲੇ 'ਚ ਹਰਿਆਣਾ ਨੇ ਦੇਸ਼ ਦੇ ਵੱਡੇ-ਵੱਡੇ ਸੂਬਿਆਂ ਨੂੰ  ਪਿੱਛੇ ਛੱਡ ਦਿੱਤਾ ਹੈ | ਏਸ਼ੀਅਨ ਖੇਡਾਂ ਤੇ ਉਲੰਪਿਕ ਦੇ ਬਾਅਦ ਹੁਣ ਰਾਸ਼ਟਰ ਮੰਡਲ ਖੇਡਾਂ 'ਚ ਵੀ ਸੂਬੇ ਦੇ ਖਿਡਾਰੀਆਂ ਨੇ ਪੂਰੇ ਦੇਸ਼ ਨੂੰ  ਹੈਰਾਨ ਕਰ ਦਿੱਤਾ ਹੈ | ਹਰਿਆਣਾ ਦੀ ਆਬਾਦੀ ਦੇਸ਼ ਦੀ ਕੁੱਲ ਆਬਾਦੀ ਦਾ ਸਿਰਫ਼ 2 ਫ਼ੀਸਦੀ ਹੈ, ਪਰ ਰਾਸ਼ਟਰ ਮੰਡਲ ਖੇਡਾਂ 'ਚ ਭਾਰਤ ਵਲੋਂ ਜਿੱਤੇ ਗਏ ਸੋਨੇ ਦੇ 13 ਤਗ਼ਮਿਆਂ 'ਚੋਂ 7 ਤਗ਼ਮੇ 50 ਫ਼ੀਸਦੀ ਤੋਂ ਵੀ ਵੱਧ ਹਨ, ਹਰਿਆਣੇ ਦੇ ਖਿਡਾਰੀਆਂ ਨੇ ਹਾਸਿਲ ਕੀਤੇ ਹਨ | ਇਸ ਦੇ ਨਾਲ ਹੀ ਹਰਿਆਣਾ ਦੇ ਖਿਡਾਰੀਆਂ ਨੇ 2 ਚਾਂਦੀ ਦੇ ਅਤੇ ਇਕ ਤਾਂਬੇ ਦਾ ਤਗ਼ਮਾ ਵੀ ਜਿੱਤਿਆ ਹੈ | ਇਸ ਤੋਂ ਸਪੱਸ਼ਟ ਹੈ ਕਿ ਦੇਸ਼ ਦੀ ਕੁੱਲ 98 ਫ਼ੀਸਦੀ ਆਬਾਦੀ ਵਾਲੇ ਹੋਰ ਸੂਬੇ ਓਨੇ ਸੋਨੇ ਦੇ ਤਗ਼ਮੇ ਨਹੀਂ ਜਿੱਤ ਸਕੇ, ਜਿੰਨੇ 2 ਫ਼ੀਸਦੀ ਆਬਾਦੀ ਵਾਲੇ ਹਰਿਆਣਾ ਦੇ ਖਿਡਾਰੀਆਂ ਨੇ ਜਿੱਤੇ ਹਨ | ਹਰਿਆਣਾ ਦੇ ਖਿਡਾਰੀ ਕੁਸ਼ਤੀ, ਗੋਲਾ ਸੁੱਟਣ, ਭਾਲਾ ਸੁੱਟਣ, ਪੈਰਾ-ਅਥਲੀਟ ਮਹਿਲਾ ਸ਼ਾਟਪੁੱਟ ਤੇ ਮੁੱਕੇਬਾਜ਼ੀ 'ਚ ਬਿਹਤਰੀਨ ਪ੍ਰਦਰਸ਼ਨ ਕਰਕੇ ਦੁਨੀਆ 'ਚ ਭਾਰਤ ਤੇ ਆਪਣੇ ਸੂਬੇ ਦਾ ਨਾਂਅ ਰੌਸ਼ਨ ਕਰ ਰਹੇ ਹਨ | ਇਸ ਤੋਂ ਇਲਾਵਾ ਪਿਛਲੇ ਕਈ ਸਾਲਾਂ ਤੋਂ ਭਾਰਤੀ ਮਹਿਲਾ ਹਾਕੀ ਟੀਮ 'ਚ ਹਰਿਆਣਾ ਦੀਆਂ ਲੜਕੀਆਂ ਖਾਸ ਕਰਕੇ ਸ਼ਾਹਬਾਦ ਤੋਂ ਸਿਖਲਾਈ ਲੈਣ ਵਾਲੀਆਂ ਮਹਿਲਾ ਹਾਕੀ ਖਿਡਾਰਨਾਂ ਨੇ ਦੇਸ਼ ਤੇ ਦੁਨੀਆ ਭਰ 'ਚ ਆਪਣਾ ਲੋਹਾ ਮਨਵਾਇਆ ਹੈ | 

ਖੇਡ ਨੀਤੀ ਨੂੰ  ਸਿਹਰਾ  
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਖੇਡ ਮੰਤਰੀ ਗੌਰਵ ਗੌਤਮ ਨੇ ਖਿਡਾਰੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦਾ ਸਿਹਰਾ ਹਰਿਆਣਾ ਦੀ ਖੇਡ ਨੀਤੀ ਤੇ ਖਿਡਾਰੀਆਂ ਨੂੰ  ਸੂਬਾ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਖੇਡ ਤੇ ਸਿਖਲਾਈ ਸਹੂਲਤਾਂ ਨੂੰ  ਦਿੰਦਿਆਂ ਕਿਹਾ ਹੈ ਕਿ ਅਗਲੀਆਂ ਉਲੰਪਿਕ ਖੇਡਾਂ ਲਈ ਹੁਣ ਤੋਂ ਹੀ ਖਿਡਾਰੀਆਂ ਨੂੰ  ਤਿਆਰ ਕੀਤਾ ਜਾ ਰਿਹਾ ਹੈ, ਤਾਂ ਜੋ ਦੇਸ਼ ਦਾ ਨਾਂਅ ਉੱਚਾ ਕੀਤਾ ਜਾ ਸਕੇ, ਜਦਕਿ ਕਾਂਗਰਸੀ ਨੇਤਾਵਾਂ ਦਾ ਕਹਿਣਾ ਹੈ ਕਿ ਹੁੱਡਾ ਸਰਕਾਰ ਦੇ ਸਮੇਂ ਬਣਾਈ ਗਈ 'ਤਗ਼ਮਾ ਲਿਆਓ ਨੌਕਾਰੀ ਪਾਓ' ਵਾਲੀ ਖੇਡ ਨੀਤੀ ਦੀ ਬਦੌਲਤ ਹੀ ਹਰਿਆਣਾ 'ਚ ਖੇਡਾਂ ਦੇ ਪੱਧਰ 'ਚ ਇੰਨਾ ਵੱਡਾ ਸੁਧਾਰ ਹੋਇਆ | ਦੂਜੇ ਪਾਸੇ ਇਨੈਲੋ ਦੇ ਨੇਤਾ ਹਰਿਆਣਾ ਦੇ ਖਿਡਾਰੀਆਂ ਦੀ ਬਿਹਤਰ ਕਾਰਗੁਜ਼ਾਰੀ ਦਾ ਸਿਹਰਾ ਇਨੈਲੋ ਸਰਕਾਰ ਸਮੇਂ ਬਣੀ ਖੇਡ ਨੀਤੀ ਨੂੰ  ਦਿੰਦਿਆਂ ਕਹਿ ਰਹੇ ਹਨ ਕਿ ਸਾਡੀ ਪਾਰਟੀ ਦੀ ਸਰਕਾਰ ਨੇ 'ਕੌਣ ਬਣੇਗਾ ਕਰੋੜਪਤੀ' ਦੀ ਤਰਜ਼ 'ਤੇ ਪਹਿਲੀ ਵਾਰ ਖਿਡਾਰੀਆਂ ਨੂੰ  ਉਲੰਪਿਕ ਖੇਡਾਂ 'ਚ ਸੋਨਾ, ਚਾਂਦੀ ਤੇ ਤਾਂਬੇ ਦਾ ਮੈਡਲ ਜਿੱਤਣ 'ਤੇ ਕ੍ਰਮਵਾਰ 1 ਕਰੋੜ, 50 ਲੱਖ ਤੇ 25 ਲੱਖ ਰੁਪਏ ਦੇ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਸੀ ਅਤੇ ਯਮੁਨਾਨਗਰ ਦੀ ਨੂੰ ਹ ਕਰਣਮ ਮਲੇਸ਼ਵਰੀ ਵਲੋਂ ਉਲੰਪਿਕ ਖੇਡਾਂ 'ਚ ਵੇਟਲਿੰਫਟਿੰਗ 'ਚ ਤਾਂਬੇ ਦਾ ਤਗ਼ਮਾ ਜਿੱਤਣ 'ਤੇ 25 ਲੱਖ ਰੁਪਏ ਤੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਦਾ ਪਲਾਟ ਦੇ ਕੇ ਸਨਮਾਨਿਤ ਕੀਤਾ ਸੀ | ਮਤਲਬ ਸਪੱਸ਼ਟ ਹੈ ਕਿ ਪਿਛਲੇ ਕਈ ਸਾਲਾਂ ਤੋਂ ਹਰਿਆਣਾ ਦੀਆਂ ਸਰਕਾਰਾਂ ਸੂਬੇ 'ਚ ਖੇਡਾਂ ਨੂੰ  ਉਤਸ਼ਾਹਿਤ ਕਰਨ ਲਈ ਲਗਾਤਾਰ ਯਤਨ ਕਰ ਰਹੀਆਂ ਹਨ |  


ਹਵਾਈ ਅੱਡੇ 'ਤੇ ਕੀਤਾ ਸਵਾਗਤ
ਪਿਛਲੇ 12 ਸਾਲਾਂ ਦੌਰਾਨ ਭਾਜਪਾ ਸਰਕਾਰ ਖਿਡਾਰੀਆਂ ਨੂੰ  ਉਤਸ਼ਾਹਿਤ ਕਰਨ 'ਚ ਮੋਹਰੀ ਰਹੀ ਹੈ |  ਰਾਸ਼ਟਰ ਮੰਡਲ ਖੇਡਾਂ 'ਚ ਤਗ਼ਮੇ ਜਿੱਤਣ ਵਾਲੇ ਹਰਿਆਣਾ ਦੇ ਖਿਡਾਰੀ ਜਦੋਂ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ ਤਾਂ ਹਰਿਆਣਾ ਦੇ ਖੇਡ ਰਾਜ ਮੰਤਰੀ ਗੌਰਵ ਗੌਤਮ ਉਨ੍ਹਾਂ ਦਾ ਸਵਾਗਤ ਕਰਨ ਲਈ ਖ਼ੁਦ ਹਵਾਈ ਅੱਡੇ 'ਤੇ ਪਹੁੰਚੇ | ਹਰਿਆਣਾ ਦੇ ਖਿਡਾਰੀਆਂ ਨੇ ਰਾਸ਼ਟਰ ਮੰਡਲ ਖੇਡਾਂ 'ਚ 7 ਸੋਨ, 2 ਚਾਂਦੀ ਤੇ 1 ਤਾਂਬੇ ਦਾ ਤਗ਼ਮਾ ਜਿੱਤਿਆ ਹੈ, ਜਦਕਿ ਇਨ੍ਹਾਂ ਖੇਡਾਂ 'ਚ ਮਹਿਲਾ ਖਿਡਾਰੀਆਂ ਤੇ ਪੈਰਾ-ਖਿਡਾਰੀਆਂ ਦਾ ਪ੍ਰਦਰਸ਼ਨ ਵੀ ਬਹੁਤ ਸ਼ਾਨਦਾਰ ਰਿਹਾ ਹੈ | ਸੂਬੇ ਦੀ ਪੈਰਾ-ਅਥਲੀਟ ਸ਼ਰਮੀਲਾ ਧਨਖੜ ਨੇ ਮਹਿਲਾ ਸ਼ਾਟਪੁੱਟ (ਗੋਲਾ ਸੁੱਟਣ) ਮੁਕਾਬਲੇ 'ਚ ਸੋਨੇ ਦਾ ਤਗ਼ਮਾ ਜਿੱਤਿਆ ਹੈ, ਜਦਕਿ ਮੁੱਕੇਬਾਜ਼ੀ 'ਚ ਭਿਵਾਨੀ ਦੀ ਪ੍ਰੀਤੀ ਪੰਵਾਰ ਨੇ 54 ਕਿਲੋਗ੍ਰਾਮ ਮਹਿਲਾ ਵਰਗ ਤੇ ਜੈਸਲੀਨ ਲਾਂਬੋਰੀਆ ਨੇ ਮਹਿਲਾ 57 ਕਿਲੋਗ੍ਰਾਮ ਭਾਰ ਵਰਗ 'ਚ ਸੋਨੇ ਦੇ ਤਗ਼ਮੇ ਜਿੱਤ ਕੇ ਇਤਿਹਾਸ ਰਚਿਆ ਹੈ | ਇਨ੍ਹਾਂ ਤੋਂ ਇਲਾਵਾ ਸਾਕਸ਼ੀ ਚੌਧਰੀ, ਪਿ੍ਆ ਘਨਘਤ, ਸਚਿਨ ਸਿਵਾਚ ਤੇ ਹਿਸਾਰ ਦੇ ਬਾਕਸਰ ਅੰਕੁਸ਼ ਨੇ ਵੀ ਸੋਨ ਤਗ਼ਮੇ ਜਿੱਤੇ ਹਨ | ਪਾਣੀਪਤ ਦੇ ਨੀਰਜ ਚੋਪੜਾ ਨੇ ਭਾਲਾ ਸੁੱਟਣ (ਜੈਵਲਿਨ ਥਰੋਅ) 'ਚ ਤੇ ਹਾਂਸੀ ਦੇ ਬਕਸਰ ਬੇਰਵਾਲ ਨੇ ਚਾਂਦੀ ਦੇ ਤਗ਼ਮੇ ਜਿੱਤੇ ਹਨ, ਜਦਕਿ ਸੀਮਾ ਸਾਂਗਵਾਨ ਨੇ ਡਿਸਕਸ ਥਰੋਅ 'ਚ ਤਾਂਬੇ ਦਾ ਤਗ਼ਮਾ ਜਿੱਤਿਆ ਹੈ | ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਭ ਤਗ਼ਮਾ ਜੇਤੂ ਖਿਡਾਰੀਆਂ ਨੂੰ  ਵਧਾਈ ਦਿੰਦਿਆਂ ਕਿਹਾ ਹੈ ਕਿ ਇਨ੍ਹਾਂ ਖਿਡਾਰੀਆਂ ਵਲੋਂ ਖੇਡਾਂ 'ਚ ਹਾਸਿਲ ਕੀਤੀ ਗਈ ਸਫਲਤਾ ਦੇਸ਼ ਤੇ ਸੂਬੇ ਦੇ ਲੱਖਾਂ ਹੋਰ ਖਿਡਾਰੀਆਂ ਲਈ ਪ੍ਰੇਰਨਾ ਬਣੇਗੀ | 
ਜਲਦੀ ਹੋਣਗੇ ਸਨਮਾਨਿਤ
ਹਰਿਆਣਾ ਸਰਕਾਰ ਜਲਦੀ ਹੀ ਇਕ ਸੂਬਾ ਪੱਧਰੀ ਸਮਾਗਮ ਕਰਵਾ ਕੇ ਰਾਸ਼ਟਰ ਮੰਡਲ ਖੇਡਾਂ ਦੇ ਤਗ਼ਮਾ ਜੇਤੂ ਖਿਡਾਰੀਆਂ ਨੂੰ  ਨਕਦ ਇਨਾਮਾਂ ਨਾਲ ਸਨਮਾਨਿਤ ਕਰੇਗੀ, ਜਿਸ ਦੇ ਲਈ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਦੱਸਣਯੋਗ ਹੈ ਕਿ ਹਰਿਆਣੇ ਵਿਚ ਤਗ਼ਮਾ ਜੇਤੂ ਖਿਡਾਰੀਆਂ ਨੂੰ  ਨਕਦ ਇਨਾਮ ਦੇਣ ਦੇ ਨਾਲ-ਨਾਲ ਸਰਕਾਰੀ ਨੌਕਰੀਆਂ ਦੇਣ ਦੀ ਵੀ ਵਿਵਸਥਾ ਹੈ |   ਇਸ ਦਰਮਿਆਨ 2030 'ਚ ਭਾਰਤ ਵਿਚ ਹੋਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ ਹਰਿਆਣਾ 'ਚ ਕਰਵਾਉਣ ਦੀ ਮੰਗ ਵੀ ਲਗਾਤਾਰ ਉੱਠ ਰਹੀ ਹੈ | ਕਾਂਗਰਸ ਦੇ ਲੋਕ ਸਭਾ ਮੈਂਬਰ ਦਪੇਂਦਰ ਹੁੱਡਾ ਦੇ ਨਾਲ ਹੀ ਹਿਸਾਰ ਤੋਂ ਸੰਸਦ ਮੈਂਬਰ  ਜੈ ਪ੍ਰਕਾਸ਼, ਸੋਨੀਪਤ ਤੋਂ ਸਾਂਸਦ ਸਤਪਾਲ ਬ੍ਰਹਮਚਾਰੀ, ਅੰਬਾਲਾ ਤੋਂ ਸੰਸਦ ਮੈਂਬਰ ਵਰੁਣ ਚੌਧਰੀ ਤਾਂ 2030 ਦੀਆਂ ਰਾਸ਼ਟਰ ਮੰਡਲ ਖੇਡਾਂ ਹਰਿਆਣਾ 'ਚ ਕਰਵਾਉਣ ਦੀ ਮੰਗ ਨੂੰ  ਲੈ ਕੇ ਸੰਸਦ ਭਵਨ ਬਾਹਰ ਪ੍ਰਦਰਸ਼ਨ ਵੀ ਕਰ ਚੁੱਕੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਹਰਿਆਣਾ ਦੇ ਖਿਡਾਰੀ ਪੂਰੇ ਦੇਸ਼ ਦੇ ਮੁਕਾਬਲੇ ਖੇਡਾਂ 'ਚ ਬਿਹਤਰੀਨ ਪ੍ਰਦਰਸ਼ਨ ਕਰ ਰਹੇ ਹਨ ਤਾਂ ਸੂਬੇ ਦੇ ਐਨ.ਸੀ.ਆਰ. 'ਚ ਸਥਿਤ ਜ਼ਿਲਿ੍ਹਆਂ 'ਚ ਰਾਸ਼ਟਰ ਮੰਡਲ ਖੇਡਾਂ ਕਰਵਾਉਣੀਆਂ ਚਾਹੀਦੀਆਂ ਹਨ, ਕਿਉਂਕਿ ਇਸ ਨਾਲ ਹਰਿਆਣਾ ਜਿਹੇ ਖੇਡ ਪ੍ਰਧਾਨ ਸੂਬੇ 'ਚ ਖੇਡਾਂ ਦੇ ਲਈ ਵਿਸ਼ਵ ਪੱਧਰੀ ਖੇਡ ਢਾਂਚਾ ਤਿਆਰ ਹੋਣ ਨਾਲ ਦੇਸ਼ ਦੀ ਝੋਲੀ 'ਚ ਸਭ ਤੋਂ ਜ਼ਿਆਦਾ ਮੈਡਲ ਵੀ ਆ ਸਕਦੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਗੁਜਰਾਤ ਨੂੰ  2030 ਦੀਆਂ ਰਾਸ਼ਟਰ ਮੰਡਲ ਖੇਡਾਂ ਕਰਵਾਉਣ ਦੀ ਜ਼ਿੰਮੇਵਾਰੀ ਮਿਲੀ ਹੈ, ਉਸ ਨੇ ਹੁਣੇ ਖ਼ਤਮ ਹੋਈਆਂ ਰਾਸ਼ਟਰ ਮੰਡਲ ਖੇਡਾਂ 'ਚ ਇਕ ਵੀ ਤਗ਼ਮਾ ਨਹੀਂ ਜਿੱਤਿਆ, ਜਦਕਿ ਹਰਿਆਣਾ ਦੇ ਖਿਡਾਰੀ ਉਲੰਪਿਕ, ਏਸ਼ੀਅਨ ਤੇ ਰਾਸ਼ਟਰ ਮੰਡਲ ਖੇਡਾਂ 'ਚ ਦੇਸ਼ ਦੇ ਵੱਡੇ-ਵੱਡੇ ਸੂਬਿਆਂ ਨੂੰ  ਪਿੱਛੇ ਛੱਡ ਕੇ ਸਭ ਤੋਂ ਵੱਧ ਤਗ਼ਮੇ ਜਿੱਤ ਰਹੇ ਹਨ | ਖਿਡਾਰੀਆਂ ਦੇ ਪ੍ਰਦਰਸ਼ਨ ਨੂੰ  ਦੇਖਦਿਆਂ ਹਰਿਆਣਾ ਨੂੰ  ਘੱਟੋ-ਘੱਟ ਗੁਜਰਾਤ ਦੇ ਨਾਲ ਸਹਿ-ਆਯੋਜਕ ਜ਼ਰੂਰ ਬਣਾਇਆ ਜਾਣਾ ਚਾਹੀਦਾ ਹੈ, ਜਿਸ ਦਾ ਖਿਡਾਰੀਆਂ ਦੇ ਨਾਲ-ਨਾਲ ਸੂਬੇ ਤੇ ਦੇਸ਼ ਨੂੰ  ਵੱਡਾ ਫਾਇਦਾ ਹੋਵੇਗਾ | ਇਨ੍ਹਾਂ ਕਾਂਗਰਸੀ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਪਿਛਲੀਆਂ 4 ਉਲੰਪਿਕ ਖੇਡਾਂ ਦੌਰਾਨ ਦੇਸ਼ ਨੂੰ  ਮਿਲੇ ਕੁੱਲ ਤਗ਼ਮਿਆਂ 'ਚੋਂ ਅੱਧੇ ਤੋਂ ਵੱਧ ਹਰਿਆਣਾ ਦੇ ਖਿਡਾਰੀਆਂ ਨੇ ਜਿੱਤੇ, ਜਦਕਿ 'ਖੇਡੋ ਇੰਡੀਆ' ਲਈ ਰੱਖੇ ਗਏ 3,500 ਕਰੋੜ ਰੁਪਏ ਦੇ ਬਜਟ 'ਚੋਂ 600 ਕਰੋੜ ਰੁਪਏ ਗੁਜਰਾਤ ਨੂੰ  ਦਿੱਤੇ ਗਏ ਹਨ ਤੇ ਸਭ ਤੋਂ ਵੱਧ ਮੈਡਲ ਲਿਆਉਣ ਵਾਲੇ ਹਰਿਆਣਾ ਨੂੰ  ਸਿਰਫ਼  80 ਕਰੋੜ ਰੁਪਏ ਹੀ ਦਿੱਤੇ ਗਏ ਹਨ | ਉਨ੍ਹਾਂ ਦਾ ਕਹਿਣਾ ਹੈ ਕਿ 2030 ਦੀਆਂ ਰਾਸ਼ਟਰ ਮੰਡਲ ਖੇਡਾਂ ਦੀ ਸਹਿ-ਮੇਜ਼ਬਾਨੀ ਲਈ ਹਰਿਆਣਾ ਪ੍ਰਮੁੱਖ ਦਾਅਵੇਦਾਰ ਹੈ, ਜੇਕਰ 2036 'ਚ ਉਲੰਪਿਕ ਖੇਡਾਂ ਭਾਰਤ 'ਚ ਹੁੰਦੀਆਂ ਹਨ ਤਾਂ ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਐਨ.ਸੀ.ਆਰ ਜ਼ਿਲਿ੍ਹਆਂ ਨੂੰ  ਸਹਿ-ਮੇਜ਼ਬਾਨੀ ਦਿੱਤੀ ਜਾਣੀ ਚਾਹੀਦੀ ਹੈ | ਕੇਂਦਰ ਸਰਕਾਰ ਨੂੰ  ਖੇਡਾਂ 'ਚ ਹਰਿਆਣਾ ਦੇ ਪ੍ਰਦਰਸ਼ਨ ਨੂੰ  ਦੇਖਦਿਆਂ ਸੂਬੇ ਨੂੰ  ਮੇਜ਼ਬਾਨ ਬਣਾਉਣ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਅਤੇ ਹਰਿਆਣਾ ਸਰਕਾਰ ਨੂੰ  ਵੀ ਮਜ਼ਬੂਤੀ ਨਾਲ ਆਪਣਾ ਦਾਅਵਾ ਪੇਸ਼ ਕਰਨਾ ਚਾਹੀਦਾ ਹੈ | 

ਵਿਸ਼ੇਸ਼ ਪ੍ਰਤੀਨਿਧ  
ਮੋਬਾਈਲ : 9855465946¤ 
ਈ-ਮੇਲ :
ramsinghbrar@gmail.com

Ad Position 22
No active advertisement
ਪਿਛਲੀ ਖ਼ਬਰ ਅੰਗ ਦਾਨ : ਜ਼ਿੰਦਗੀ ਦਾ ਸਭ ਤੋਂ ਨੇਕ ਕਾਰਜ ਅਗਲੀ ਖ਼ਬਰ 27 ਦੀਆਂ ਚੋਣਾਂ ਚ ਕੀ ਬਣੂ Congress ਦਾ? Labh Singh Ahluwalia ਨੇ ਕਰ'ਤਾ ਵੱਡਾ ਖ਼ੁਲਾਸਾ
Ad Position 24