ਪੱਛਮੀ ਏਸ਼ੀਆ ਦੇ ਖਿੱਤੇ ਵਿਚ ਛਿੜੀ ਜੰਗ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਹੀ, ਸਗੋਂ ਇਥੇ ਸਥਿਤੀ ਹੋਰ ਵੀ ਗੁੰਝਲਦਾਰ ਹੁੰਦੀ ਜਾ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਜਿਸ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨਾਲ ਰਲ ਕੇ ਇਸੇ ਸਾਲ 28 ਫਰਵਰੀ ਨੂੰ ਈਰਾਨ ਉੱਤੇ ਹਵਾਈ ਹਮਲੇ ਕਰਕੇ ਉਸ ਦੇ ਸੁਪਰੀਮ ਆਗੂ ਆਇਤੁੱਲਾ ਅਲੀ ਖ਼ਾਮੇਨੇਈ ਤੇ ਹੋਰ ਬਹੁਤ ਸਾਰੇ ਜਰਨੈਲਾਂ ਨੂੰ ਮਾਰ ਦਿੱਤਾ ਸੀ, ਵਲੋਂ ਹਾਲੇ ਵੀ ਤਬਾਹੀ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਈਰਾਨ ਵਲੋਂ ਇਸ ਹਮਲੇ ਦੇ ਪ੍ਰਤੀਕਰਮ ਵਜੋਂ ਅਮਰੀਕਾ ਪੱਖੀ ਖਾੜੀ ਦੇਸ਼ਾਂ ਵਿਚ ਸਥਾਪਿਤ ਕੀਤੇ ਗਏ ਅਮਰੀਕਾ ਦੇ ਫ਼ੌਜੀ ਅੱਡਿਆਂ 'ਤੇ ਹਮਲੇ ਕਰਕੇ ਜਿਥੇ ਉਨ੍ਹਾਂ ਦਾ ਨੁਕਸਾਨ ਕੀਤਾ ਗਿਆ, ਉਥੇ ਇਨ੍ਹਾਂ ਦੇਸ਼ਾਂ ਦਾ ਵੀ ਵੱਡਾ ਨੁਕਸਾਨ ਹੋਇਆ ਤੇ ਇਨ੍ਹਾਂ ਦੇਸ਼ਾਂ ਦਾ ਕੱਚੇ ਤੇਲ ਦਾ ਵਪਾਰ ਪ੍ਰਭਾਵਿਤ ਵੀ ਹੋਇਆ।
ਬਹੁਤ ਸਾਰੇ ਤੇਲ ਖੂਹਾਂ ਦਾ ਨੁਕਸਾਨ ਹੋ ਜਾਣ ਕਰਕੇ ਖਾੜੀ ਦੇਸ਼ਾਂ ਨੇ ਤੇਲ ਦਾ ਉਤਪਾਦਨ ਬੇਹੱਦ ਘਟਾ ਦਿੱਤਾ, ਜਿਸ ਦਾ ਅਸਰ ਭਾਰਤ ਸਮੇਤ ਸਮੁੱਚੀ ਦੁਨੀਆ ਦੇ ਬਹੁਤੇ ਦੇਸ਼ਾਂ 'ਤੇ ਪਿਆ। ਤੇਲ ਦੀਆਂ ਕੀਮਤਾਂ ਲਗਾਤਾਰ ਵਧਣ ਨਾਲ ਬਹੁਤ ਸਾਰੇ ਦੇਸ਼ਾਂ ਦੀ ਆਰਥਿਕਤਾ ਵੀ ਡੋਲ ਗਈ। ਇਸੇ ਹੀ ਸਮੇਂ ਈਰਾਨ ਵਲੋਂ ਹੋਰਮੁਜ਼ ਦਾ ਸਮੁੰਦਰੀ ਰਾਹ ਬੰਦ ਕੀਤੇ ਜਾਣ ਨੇ ਵੱਡੀ ਹਲਚਲ ਪੈਦਾ ਕੀਤੀ ਹੈ। ਇਹ ਰਾਹ ਈਰਾਨ ਦੇ ਨਾਲ-ਨਾਲ ਓਮਾਨ ਨੂੰ ਵੀ ਲਗਦਾ ਹੈ। ਦੋਹਾਂ ਦੇਸ਼ਾਂ ਵਿਚ ਚਾਹੇ ਹੋਰਮੁਜ਼ ਸਮੁੰਦਰੀ ਰਸਤੇ ਦੇ ਪ੍ਰਬੰਧ ਸੰਬੰਧੀ ਆਪਸੀ ਸਮਝੌਤਾ ਤਾਂ ਹੋ ਗਿਆ ਹੈ, ਪਰ ਈਰਾਨ ਵਲੋਂ ਇਹ ਰਾਹ ਇਸ ਲਈ ਨਹੀਂ ਖੋਲ੍ਹਿਆ ਜਾ ਰਿਹਾ, ਕਿਉਂਕਿ ਅਮਰੀਕਾ ਨਾਲ ਹੋ ਰਹੀ ਉਸ ਦੀ ਗੱਲਬਾਤ ਮੁਕੰਮਲ ਤੌਰ 'ਤੇ ਅਜੇ ਸਿਰੇ ਨਹੀਂ ਚੜ੍ਹੀ। ਚਾਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਰ-ਵਾਰ ਇਹ ਬਿਆਨ ਦਿੱਤੇ ਹਨ ਕਿ ਇਹ ਸਮਝੌਤਾ ਨੇਪਰੇ ਚੜ੍ਹਨ ਦੇ ਕਾਫੀ ਨੇੜੇ ਪਹੁੰਚ ਗਿਆ ਹੈ ਤੇ ਹੋਰਮੁਜ਼ ਦਾ ਸਮੁੰਦਰੀ ਰਸਤਾ ਵੀ ਛੇਤੀ ਖੁੱਲ੍ਹ ਜਾਏਗਾ। ਇਸ ਸੰਬੰਧੀ ਅਮਰੀਕਾ ਨੇ ਪਹਿਲਾਂ ਅਪ੍ਰੈਲ ਮਹੀਨੇ ਵਿਚ ਵੀ ਜੰਗਬੰਦੀ ਦਾ ਐਲਾਨ ਕੀਤਾ ਸੀ ਤੇ ਉਸ ਤੋਂ ਬਾਅਦ ਜੂਨ ਮਹੀਨੇ ਵਿਚ ਦੋਹਾਂ ਦੇਸ਼ਾਂ ਨੇ ਇਕ ਮੈਮੋਰੰਡਮ 'ਤੇ ਵੀ ਦਸਤਖ਼ਤ ਕੀਤੇ ਸਨ, ਪਰ ਈਰਾਨ ਵਲੋਂ ਸਮਝੌਤੇ ਲਈ ਆਪਣੀਆਂ ਸ਼ਰਤਾਂ ਨੂੰ ਹੋਰ ਵੀ ਸਖ਼ਤ ਕਰ ਦਿੱਤਾ ਗਿਆ। ਉਸ ਨੇ ਅਮਰੀਕਾ ਵਲੋਂ ਈਰਾਨ ਨੂੰ ਦਿੱਤੀਆਂ ਜਾਂਦੀਆਂ ਧਮਕੀਆਂ ਨੂੰ ਰੋਕਣ ਨਾਲ ਹੀ ਲਿਬਨਾਨ, ਯਮਨ, ਫ਼ਿਲਸਤੀਨ ਤੇ ਇਰਾਕ ਵਿਚਲੇ ਆਪਣੇ ਮਦਦਗਾਰਾਂ ਅਤੇ ਭਾਈਵਾਲਾਂ ਉੱਤੇ ਹਮਲੇ ਰੋਕਣ ਦੀਆਂ ਸ਼ਰਤਾਂ ਵੀ ਲਾਈਆਂ ਤੇ ਇਹ ਵੀ ਮੰਗ ਕੀਤੀ ਗਈ ਕਿ ਅਮਰੀਕਾ ਵਲੋਂ ਸਮੁੰਦਰ ਵਿਚ ਈਰਾਨ ਦੀ ਕੀਤੀ ਗਈ ਘੇਰਾਬੰਦੀ ਵੀ ਖ਼ਤਮ ਕੀਤੀ ਜਾਏ ਤੇ ਦੂਸਰੇ ਦੇਸ਼ਾਂ ਵਿਚ ਉਸ ਦੀਆਂ ਜ਼ਬਤ ਕੀਤੀਆਂ ਗਈਆਂ ਸੰਪਤੀਆਂ ਨੂੰ ਵੀ ਵਾਪਸ ਕੀਤਾ ਜਾਏ। ਅਮਰੀਕੀ ਰਾਸ਼ਟਰਪਤੀ ਟਰੰਪ ਲਈ ਇਹ ਸਾਰੀਆਂ ਸ਼ਰਤਾਂ ਮੰਨਣ ਤੋਂ ਹਿਚਕਿਚਾਹਟ ਦਿਖਾਈ ਜਾ ਰਹੀ ਹੈ, ਕਿਉਂਕਿ ਇਸ ਨਾਲ ਉਸ ਦੀ ਵੱਡੀ ਹੇਠੀ ਹੁੰਦੀ ਹੈ। ਈਰਾਨ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਅਮਰੀਕਾ ਉਸ 'ਤੇ ਕੀਤੇ ਗਏ ਹਮਲਿਆਂ ਨਾਲ ਹੋਏ ਨੁਕਸਾਨ ਦੀ ਭਰਪਾਈ ਵੀ ਕਰੇ।
ਅੱਜ ਡੋਨਾਲਡ ਟਰੰਪ ਦੀ, ਉਸ ਵਲੋਂ ਈਰਾਨ ਪ੍ਰਤੀ ਅਪਣਾਈਆਂ ਹਮਲਾਵਰ ਨੀਤੀਆਂ ਕਾਰਨ ਦੁਨੀਆ ਭਰ ਵਿਚ ਸਖ਼ਤ ਆਲੋਚਨਾ ਹੋ ਰਹੀ ਹੈ। ਅਮਰੀਕਾ 'ਚ ਬਹੁਤੇ ਲੋਕ ਉਸ ਦੇ ਖ਼ਿਲਾਫ਼ ਹੋ ਚੁੱਕੇ ਹਨ ਤੇ ਉਥੇ ਥਾਂ-ਥਾਂ 'ਤੇ ਉਸ ਦੀਆਂ ਇਨ੍ਹਾਂ ਨੀਤੀਆਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਬਿਨਾਂ ਸ਼ੱਕ ਇਸ 6 ਮਹੀਨੇ ਦੀ ਲੜਾਈ ਵਿਚ ਈਰਾਨ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਦੇਸ਼ 'ਚ ਇਸ ਦਾ ਮੁਢਲਾ ਢਾਂਚਾ ਇਕ ਤਰ੍ਹਾਂ ਨਾਲ ਤਬਾਹ ਹੀ ਹੋ ਚੁੱਕਾ ਹੈ। ਇਸ ਦੀ ਆਰਥਿਕਤਾ ਪੂਰੀ ਤਰ੍ਹਾਂ ਡੋਲ ਗਈ ਹੈ, ਪਰ ਤਬਾਹੀ ਦੇ ਬਾਵਜੂਦ ਵੀ ਈਰਾਨ ਵਲੋਂ ਅਮਰੀਕਾ ਅੱਗੇ ਝੁਕਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਹ ਜ਼ਰੂਰ ਲਗਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਹ ਲੜਾਈ ਹਾਰ ਚੁੱਕਾ ਹੈ, ਕਿਉਂਕਿ ਇਜ਼ਰਾਈਲ ਜੋ ਉਸ ਦਾ ਭਾਈਵਾਲ ਬਣਿਆ ਰਿਹਾ ਹੈ, ਉਹ ਵੀ ਡੋਨਾਲਡ ਟਰੰਪ ਦੀਆਂ ਸਾਰੀਆਂ ਨੀਤੀਆਂ ਨੀਤੀਆਂ ਮੰਨਣ ਲਈ ਤਿਆਰ ਨਹੀਂ ਹੋ ਰਿਹਾ। ਖ਼ਾਸ ਤੌਰ 'ਤੇ ਨੇਤਨਯਾਹੂ ਨੇ ਟਰੰਪ ਦੀ ਗਾਜ਼ਾ ਯੋਜਨਾ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਕਿਹਾ ਹੈ ਕਿ ਹਮਾਸ ਵਲੋਂ ਪੂਰੀ ਤਰ੍ਹਾਂ ਹਥਿਆਰ ਸੁੱਟਣ ਤੋਂ ਬਗ਼ੈਰ ਉਹ ਉਸ ਨਾਲ ਸਮਝੌਤਾ ਨਹੀਂ ਕਰੇਗਾ ਤੇ ਉਸ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਉਹ ਫ਼ਿਲਸਤੀਨ ਦੀ ਵੱਖਰੇ ਆਜ਼ਾਦ ਦੇਸ਼ ਵਜੋਂ ਹੋਂਦ ਨੂੰ ਵੀ ਸਵੀਕਾਰ ਨਹੀਂ ਕਰੇਗਾ। ਅਜਿਹੀ ਸਥਿਤੀ ਵਿਚ ਇਸ ਜੰਗ ਦੇ ਹੋਰ ਵੀ ਉਲਝ ਜਾਣ ਅਤੇ ਗੰਭੀਰ ਹੋਣ ਦੇ ਹਾਲਾਤ ਬਣਦੇ ਨਜ਼ਰ ਆ ਰਹੇ ਹਨ, ਜੋ ਦੁਨੀਆ ਲਈ ਤਾਂ ਇਕ ਮਾੜੀ ਖ਼ਬਰ ਹੈ ਹੀ ਪਰ ਭਾਰਤ ਲਈ ਵੀ ਇਹ ਵੱਡੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ, ਕਿਉਂਕਿ ਇਸ ਜੰਗ ਦੇ ਜਾਰੀ ਰਹਿਣ ਨਾਲ ਉਸ ਨੂੰ ਆਰਥਿਕ ਤੌਰ 'ਤੇ ਹੋਰ ਵੀ ਵੱਡਾ ਨੁਕਸਾਨ ਝੱਲਣ ਲਈ ਮਜਬੂਰ ਹੋਣਾ ਪੈ ਸਕਦਾ ਹੈ।
-ਬਰਜਿੰਦਰ ਸਿੰਘ ਹਮਦਰਦ