ਇੰਝ ਲੱਗਦਾ ਹੈ ਕਿ ਸੰਘ ਪਰਿਵਾਰ ਇਕ ਸੁਪਰਫਾਸਟ ਟ੍ਰੇਨ ਵਾਂਗ ਦੌੜ ਰਿਹਾ ਹੈ ਤੇ ਇਸ ਗੱਲ ਤੋਂ ਬੇਖ਼ਬਰ ਹੈ ਕਿ ਸਾਹਮਣੇ ਆਉਣ ਵਾਲੇ ਪਹਾੜ ਨੂੰ ਦੇਖਦਿਆਂ ਜੇਕਰ ਉਸ ਨੇ ਆਪਣਾ ਟ੍ਰੈਕ (ਪਟੜੀ) ਨਾ ਬਦਲਿਆ ਤਾਂ ਹਾਦਸਾ ਹੋਣਾ ਤੈਅ ਹੈ। ਮੋਹਨ ਭਾਗਵਤ ਇਸ ਗੱਲ ਨੂੰ ਸਮਝਦੇ ਹੋਣ ਕਰਕੇ ਵਾਰ-ਵਾਰ ਸੰਘ ਪਰਿਵਾਰ ਨੂੰ ਪਟੜੀ ਬਦਲਣ ਦੀ ਸਲਾਹ ਦੇ ਰਹੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਸੱਤਾ ਵਿਚ ਆਉਣ ਤੋਂ ਬਾਅਦ ਸੰਘ ਪਰਿਵਾਰ ਨੂੰ ਲੱਗੇ 'ਸ਼ਾਹੀ ਰੋਗ' ਕਰਕੇ ਇਸ ਦਾ ਪਤਨ ਯਕੀਨੀ ਹੈ। 'ਜੈੱਨ-ਜ਼ੀ' ਅੰਦੋਲਨ ਬਾਰੇ ਭਾਗਵਤ ਦਾ ਹਾਲੀਆ ਬਿਆਨ ਸੱਤਾ ਦੇ ਨਸ਼ੇ 'ਚ ਡੁੱਬੇ ਸੰਘ ਪਰਿਵਾਰ ਲਈ ਇਕ ਗੰਭੀਰ ਮਸ਼ਵਰਾ ਹੈ, ਜੋ ਹੁਣ ਤੱਕ ਉਨ੍ਹਾਂ ਦੀ ਸਲਾਹ ਨੂੰ ਨਜ਼ਰਅੰਦਾਜ਼ ਕਰਕੇ ਉਨ੍ਹਾਂ ਦੇ ਦੱਸੇ ਰਸਤੇ 'ਤੇ ਚੱਲਣ ਲਈ ਤਿਆਰ ਨਹੀਂ ਸੀ ਜਾਪਦਾ। ਪਰ ਹੁਣ ਪਾਣੀ ਨੱਕ ਤੱਕ ਪਹੁੰਚ ਗਿਆ ਹੈ। ਭਾਵੇਂ ਭਾਗਵਤ ਨੇ ਕਾਕਰੋਚ ਅੰਦੋਲਨ ਬਾਰੇ ਥੋੜ੍ਹੀ ਦੇਰ ਨਾਲ ਗੱਲ ਕੀਤੀ ਹੈ, ਪਰ ਉਹ ਬਹੁਤ ਸੋਚ-ਸਮਝ ਕੇ ਬੋਲੇ ਹਨ। ਉਨ੍ਹਾਂ 'ਜੈੱਨ-ਜ਼ੀ' ਬਾਰੇ ਗੱਲ ਕਰਦਿਆਂ 3 ਬਹੁਤ ਅਹਿਮ ਗੱਲਾਂ ਕਹਿ ਕੇ ਸੰਘ ਪਰਿਵਾਰ, ਖਾਸ ਕਰਕੇ ਸਰਕਾਰ ਨੂੰ ਸੁਨੇਹਾ ਦੇ ਦਿੱਤਾ ਹੈ ਕਿ ਉਹ ਸਮਾਂ ਆ ਗਿਆ ਹੈ, ਜਦੋਂ ਭਾਜਪਾ ਨੂੰ ਆਪਣਾ ਰਸਤਾ ਬਦਲਣ ਦੀ ਸਖ਼ਤ ਲੋੜ ਹੈ।

ਪਹਿਲਾ, ਭਾਗਵਤ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ 'ਜੈੱਨ-ਜ਼ੀ ਅੰਦੋਲਨ' ਰਾਸ਼ਟਰ ਵਿਰੋਧੀ ਨਹੀਂ ਹੈ, ਇਸ ਮਾਮਲੇ 'ਚ ਉਹ ਸਾਡੇ ਨਾਲੋਂ ਕਿਤੇ ਜ਼ਿਆਦਾ ਇਮਾਨਦਾਰ ਹਨ। ਉਨ੍ਹਾਂ ਦਾ ਇਹ ਬਿਆਨ ਆਰ.ਐਸ.ਐਸ. ਦੇ ਤੀਜੇ ਨੰਬਰ ਦੇ ਨੇਤਾ ਅਤੁਲ ਲਿਮਯੇ ਲਈ ਵੱਡੀ ਫਿਟਕਾਰ ਹੈ, ਜਿਸ ਨੇ ਬੀਤੇ ਦਿਨੀਂ ਜੰਤਰ-ਮੰਤਰ ਅੰਦੋਲਨ ਨੂੰ ਰਾਸ਼ਟਰ ਵਿਰੋਧੀ ਤੇ ਸੰਵਿਧਾਨ ਵਿਰੋਧੀ ਕਿਹਾ ਸੀ। ਅਤੁਲ ਲਿਮਯੇ ਨੇ ਆਪਣੇ ਬਿਆਨ 'ਚ ਭਾਜਪਾ, ਸਰਕਾਰ ਤੇ ਸੰਘ ਦੇ ਹੋਰ ਸੰਗਠਨਾਂ ਦੇ ਬਿਆਨਾਂ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਸੀ, ਜੋ ਲਗਾਤਾਰ ਅੰਦੋਲਨ ਨੂੰ ਰਾਸ਼ਟਰ ਵਿਰੋਧੀ ਤੇ ਵਿਦੇਸ਼ੀ ਸਾਜਿਸ਼ ਦੱਸ ਰਹੇ ਸਨ। ਸੰਘ ਵਿਚ ਲਿਮਯੇ ਦੇ ਕੱਦ ਦਾ ਨੇਤਾ ਬਹੁਤ ਸੋਚ ਸਮਝ ਕੇ ਬਿਆਨ ਦਿੰਦਾ ਹੈ ਅਤੇ ਫਿਰ ਅਜਿਹੇ ਬਿਆਨ ਦਾ ਕੋਈ ਖੰਡਨ ਵੀ ਨਹੀਂ ਕਰਦਾ। ਅਜਿਹੇ 'ਚ ਸੰਘ ਮੁਖੀ ਭਾਗਵਤ ਦੁਆਰਾ ਲਿਮਯੇ ਦੇ ਬਿਆਨ ਦੇ ਬਿਲਕੁਲ ਉਲਟ, ਪੂਰੇ ਅੰਦੋਲਨ ਨੂੰ ਜਾਇਜ਼ ਠਹਿਰਾਉਣਾ ਸੰਘ ਪਰਿਵਾਰ ਦੇ ਲਈ ਇਕ ਵੱਡਾ ਝਟਕਾ ਹੈ। ਜੋ ਇਸ ਗੱਲ ਦਾ ਪ੍ਰਮਾਣ ਹੈ ਕਿ ਅੰਦੋਲਨ ਨੂੰ ਲੈ ਕੇ ਸੰਘ ਅੰਦਰ ਇਕ ਰਾਇ ਨਹੀਂ ਹੈ ਅਤੇ ਸੰਘ ਦੇ ਅੰਦਰ ਇਕ ਵੱਡਾ ਤਬਕਾ ਅਜਿਹਾ ਹੈ ਜੋ ਸੱਚਾਈ ਨੂੰ ਵੇਖਣ ਤੋਂ ਇਨਕਾਰੀ ਹੈ ਜਾਂ ਆਪਣੀ ਵਿਚਾਰਧਾਰਾ 'ਚ ਅੰਨ੍ਹਾ ਹੋ ਚੁੱਕਾ ਹੈ। ਦਰਅਸਲ ਭਾਗਵਤ ਦਾ ਬਿਆਨ ਅਜਿਹੇ ਲੋਕਾਂ ਲਈ ਇਕ ਸਖ਼ਤ ਚਿਤਾਵਨੀ ਹੈ ਕਿ ਅਜੇ ਵੀ ਸਮਾਂ ਹੈ ਜਾਗ ਜਾਓ, ਨਹੀਂ ਤਾਂ ਸੰਘ ਪਰਿਵਾਰ ਨੂੰ ਕੋਈ ਨਹੀਂ ਬਚਾਅ ਸਕੇਗਾ।
ਦੂਜਾ, ਭਾਗਵਤ ਨੇ ਆਪਣੇ ਬਿਆਨ ਰਾਹੀਂ ਲੋਕਤੰਤਰ ਤੇ ਜਨਤਕ ਅੰਦੋਲਨਾਂ ਦੇ ਰਿਸ਼ਤੇ ਨੂੰ ਬਹੁਤ ਹੀ ਬਾਰੀਕੀ ਨਾਲ ਰੇਖਾਂਕਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ 'ਲੋਕਤੰਤਰ 'ਚ ਵਿਰੋਧ ਪ੍ਰਦਰਸ਼ਨ ਵੀ ਇਕ ਗੱਲਬਾਤ ਹੈ, ਜਦੋਂ ਕੋਈ ਨਾ ਸੁਣੇ ਤਾਂ ਚੀਕਣਾ ਪੈਂਦਾ ਹੈ।' ਦਰਅਸਲ ਪਿਛਲੇ 12 ਸਾਲਾਂ ਤੋਂ ਭਾਰਤੀ ਲੋਕਤੰਤਰ 'ਚ ਲਗਾਤਾਰ ਇਕ ਬਿਰਤਾਂਤ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਵਿਰੋਧ ਪ੍ਰਦਰਸ਼ਨ, ਧਰਨੇ ਤੇ ਅੰਦੋਲਨ ਦੇਸ਼ 'ਚ ਅਸਥਿਰਤਾ ਪੈਦਾ ਕਰ ਕੇ ਅਰਾਜਕਤਾ ਫੈਲਾਉਂਦੇ ਹਨ ਤੇ ਆਮ ਜੀਵਨ ਵਿਚ ਵਿਘਨ ਪਾਉਂਦੇ ਹਨ। ਇਸੇ ਲਈ ਹਰ ਅੰਦੋਲਨ ਭਾਵੇਂ ਉਹ ਕਿਸਾਨਾਂ ਦਾ ਜਾਂ ਸ਼ਾਹੀਨ ਬਾਗ ਦਾ ਹੋਵੇ ਉਸ ਦਾ ਵਿਰੋਧ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਵਿਦੇਸ਼ੀ ਸਾਜਿਸ਼ ਦੱਸ ਕੇ ਅੰਦੋਲਨਾਂ ਦੇ ਅਕਸ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਭੁੱਖ ਹੜਤਾਲ ਕਰਨ ਦੇ ਸਿਰਫ਼ ਸ਼ੱਕ ਕਾਰਨ ਪੁਲਿਸ ਲੋਕਾਂ ਦੇ ਘਰਾਂ ਤੱਕ ਪਹੁੰਚ ਜਾਂਦੀ ਹੈ। ਅਜਿਹੇ ਲੋਕਾਂ ਨੂੰ ਗੈਰਕਾਨੂੰਨੀ ਤੌਰ 'ਤੇ ਘੰਟਿਆਂ ਤੱਕ ਥਾਣਿਆਂ ਵਿਚ ਬਿਠਾਇਆ ਜਾਂਦਾ ਹੈ ਜਾਂ ਉਨ੍ਹਾਂ ਦੇ ਘਰਾਂ ਵਿਚ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ। ਵੱਡੇ ਪੱਧਰ 'ਤੇ ਗ੍ਰਿਫ਼ਤਾਰੀਆਂ ਕਰਕੇ ਸਖ਼ਤ ਧਾਰਾਵਾਂ ਤਹਿਤ ਵੱਡੀ ਗਿਣਤੀ ਵਿਚ ਐਫ.ਆਈ.ਆਰ. ਦਰਜ ਕੀਤੀਆਂ ਜਾਂਦੀਆਂ ਹਨ, ਟੀ.ਵੀ. ਚੈਨਲ ਵਿਰੋਧ ਪ੍ਰਦਰਸ਼ਨਾਂ ਦਾ ਸਮਰਥਨ ਕਰਨ ਦੀ ਬਜਾਏ ਸ਼ਰੇਆਮ ਪੁਲਿਸ, ਸਰਕਾਰ ਤੇ ਸੱਤਾਧਾਰੀ ਪਾਰਟੀ ਦਾ ਪੱਖ ਲੈਂਦੇ ਹਨ। ਇਸੇ ਲਈ ਕਿਸਾਨ ਅੰਦੋਲਨ ਨੂੰ ਖੁੱਲ੍ਹੇਆਮ ਖ਼ਾਲਿਸਤਾਨੀ ਕਿਹਾ ਗਿਆ ਤੇ ਸ਼ਾਹੀਨ ਬਾਗ ਦੇ ਅੰਦੋਲਨ ਨੂੰ ਰਾਸ਼ਟਰ ਵਿਰੋਧੀ ਦੱਸਿਆ ਜਾਂਦਾ ਰਿਹਾ।
ਜਦਕਿ ਹਰ ਕੋਈ ਜਾਣਦਾ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਲੋਕ ਗਾਂਧੀਵਾਦੀ ਤਰੀਕੇ ਨਾਲ ਸੜਕਾਂ 'ਤੇ ਬੈਠੇ ਸਨ। ਉਨ੍ਹਾਂ ਦੇ ਮੁੱਦਿਆਂ 'ਤੇ ਚਰਚਾ ਕਰਨ ਦੀ ਬਜਾਏ ਟੀ.ਵੀ. ਚੈਨਲਾਂ 'ਤੇ ਗਿਣੇ ਮਿੱਥੇ ਢੰਗ ਨਾਲ ਚਰਚਾ ਕਰਵਾ ਕੇ ਇਹ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਦੇਸ਼ ਵਿਚ ਅਸਥਿਰਤਾ ਦਾ ਮਾਹੌਲ ਬਣਾਉਣ ਦੇ ਯਤਨ ਹੋ ਰਹੇ ਹਨ। ਗੁਆਂਢੀ ਦੇਸ਼ਾਂ- ਸ੍ਰੀਲੰਕਾ, ਬੰਗਲਾਦੇਸ਼ ਤੇ ਨਿਪਾਲ 'ਚ ਜੈੱਨ-ਜ਼ੀ ਅੰਦੋਲਨਾਂ ਕਾਰਨ ਸੱਤਾ ਤਬਦੀਲੀ ਹੋਣ ਤੋਂ ਬਾਅਦ ਹਰੇਕ ਵਿਰੋਧ ਪ੍ਰਦਰਸ਼ਨ ਨੂੰ ਵੱਡੀ ਸਾਜਿਸ਼ ਦੱਸ ਕੇ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ। ਭਾਜਪਾ ਨੇਤਾਵਾਂ ਨੇ ਜੰਤਰ-ਮੰਤਰ 'ਤੇ ਧਰਮਿੰਦਰ ਪ੍ਰਧਾਨ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਨੂੰ 'ਅੱਤਵਾਦੀਆਂ ਦੀ ਬੀ ਟੀਮ' ਕਿਹਾ ਤਾਂ ਭਾਜਪਾ ਦੇ ਨਵ-ਨਿਯੁਕਤ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਉਨ੍ਹਾਂ ਨੂੰ 'ਵਾਇਰਸ ਤੇ ਦੇਸ਼ ਦੇ ਟੁਕੜੇ ਕਰਨ ਵਾਲੇ' ਕਰਾਰ ਦਿੱਤਾ। ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਜੈੱਨ-ਜ਼ੀ ਨੂੰ 'ਜੈੱਨ-ਗਟਰ' ਕਿਹਾ ਹੈ। ਆਰ.ਐਸ.ਐਸ. ਦੇ ਵਿਚਾਰਧਾਰਕ ਮੋਹਨਦਾਸ ਨੇ ਤਾਂ ਸਾਰੀਆਂ ਹੱਦਾਂ ਪਾਰ ਕਰਦਿਆਂ ਕਿਹਾ, 'ਮੈਂ ਹੁੰਦਾ ਤਾਂ ਉਸ ਇਲਾਕੇ 'ਚ ਕਰਫਿਊ ਲਾ ਕੇ 3 ਵਾਰ ਵਾਰਨਿੰਗ ਦੇ ਕੇ ਗੋਲੀ ਚਲਵਾ ਦਿੰਦਾ, ਕੁਝ ਲੋਕ ਮਰਦੇ ਤਾਂ ਉਨ੍ਹਾਂ ਨੂੰ ਉਠਵਾ ਕੇ ਹਸਪਤਾਲ ਭੇਜ ਦਿੰਦਾ।' ਪਰ ਭਾਗਵਤ ਨੇ ਵਿਰੋਧ ਪ੍ਰਦਰਸ਼ਨ ਨੂੰ ਜਾਇਜ਼ ਠਹਿਰਾ ਕੇ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕਰਕੇ ਇਨ੍ਹਾਂ ਸਾਰਿਆਂ ਦੀ ਬੋਲਤੀ ਬੰਦ ਕਰ ਦਿੱਤੀ ਹੈ।
ਤੀਜਾ, ਮੋਹਨ ਭਾਗਵਤ ਚੰਗੀ ਤਰ੍ਹਾਂ ਜਾਣਦੇ ਹਨ ਕਿ ਸਰਕਾਰ ਦੇ ਸਿਖ਼ਰ 'ਤੇ ਬੈਠੇ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਪ੍ਰਦਰਸ਼ਨਕਾਰੀਆਂ ਵਿਰੁੱਧ ਜ਼ੁਬਾਨੀ ਹਮਲੇ ਤੇ ਬੇਰਹਿਮੀ ਨਾਲ ਕੀਤੀ ਮਾਰਕੁੱਟ ਸੰਭਵ ਨਹੀਂ ਸੀ। ਇਸ ਲਈ ਭਾਗਵਤ ਨੇ ਉਨ੍ਹਾਂ ਨੂੰ ਵੀ ਨਸੀਹਤ ਦਿੰਦਿਆਂ ਕਿਹਾ ਹੈ ਕਿ ਲੀਡਰਸ਼ਿਪ ਸਿਰਫ਼ ਭਾਸ਼ਨ ਦੇਣ, ਪ੍ਰਚਾਰ ਕਰਨ, ਸਾਹਮਣੇ ਖੜ੍ਹੇ ਹੋਣ ਤੇ ਚੋਣਾਂ ਜਿੱਤਣ ਦਾ ਨਾਂਅ ਨਹੀਂ ਹੈ। ਇਕ ਅਸਲੀ ਨੇਤਾ ਉਹ ਹੁੰਦਾ ਹੈ, ਜੋ ਪਰਦੇ ਪਿੱਛੇ ਰਹਿ ਕੇ ਅੰਦਰੋਂ ਕੰਮ ਕਰਦਾ ਹੈ। ਉਨ੍ਹਾਂ ਦੀ ਇਹ ਟਿੱਪਣੀ ਸਿੱਧੇ ਤੌਰ 'ਤੇ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਅਤੇ ਸ਼ਾਹ 'ਤੇ ਨਿਸ਼ਾਨਾ ਹੈ, ਜੋ ਹਰ ਚੀਜ਼ ਦਾ ਸਿਹਰਾ ਲੈਣ ਦੀ ਕੋਸ਼ਿਸ਼ ਕਰਦਿਆਂ ਹਮੇਸ਼ਾ ਦੂਜਿਆਂ ਨੂੰ ਭਾਸ਼ਨ ਦੇਣ ਤੇ ਪ੍ਰਚਾਰ ਕਰਕੇ ਚੋਣਾਂ ਜਿੱਤਣ ਨੂੰ ਹੀ ਲੋਕਤੰਤਰ ਮੰਨਦੇ ਹਨ। ਮੋਹਨ ਭਾਗਵਤ ਨੇ 2024 ਦੀਆਂ ਚੋਣਾਂ ਤੋਂ ਬਾਅਦ ਵੀ ਕਿਹਾ ਸੀ ਕਿ ਵਿਰੋਧੀ ਦੁਸ਼ਮਣ ਨਹੀਂ ਹੁੰਦੇ, ਉਹ ਵਿਰੋਧੀ ਧਿਰ ਹੁੰਦੀ ਹੈ ਅਤੇ 'ਇਕ ਸਵੈ-ਸੇਵਕ 'ਚ ਕੋਈ ਹੰਕਾਰ ਨਹੀਂ ਹੁੰਦਾ।' ਅਜੋਕਾ ਬਿਆਨ ਉਸੇ ਬਿਆਨ ਦਾ ਵਿਸਥਾਰ ਹੈ ਅਤੇ ਉਹ ਹੰਕਾਰ ਨਾਲ ਭਰੀ ਭਾਜਪਾ ਲੀਡਰਸ਼ਿਪ ਦੀ ਆਲੋਚਨਾ ਕਰ ਰਹੇ ਹਨ। ਉਹ ਕਿਤੇ ਨਾ ਕਿਤੇ ਮੌਜੂਦਾ ਸੰਕਟ ਲਈ ਮੋਦੀ ਤੇ ਸ਼ਾਹ ਨੂੰ ਦੋਸ਼ੀ ਠਹਿਰਾ ਰਹੇ ਹਨ।
ਭਾਗਵਤ ਇਸ ਗੱਲ ਨੂੰ ਸਮਝ ਗਏ ਹਨ ਕਿ 'ਖੌਫ-ਅਧਾਰਿਤ ਸਿਸਟਮ' ਨੂੰ ਕਾਕਰੋਚਾਂ ਨੇ ਪੂਰੀ ਤਰ੍ਹਾਂ ਤੋੜ ਦਿੱਤਾ ਹੈ। ਦਰਅਸਲ ਡਰ ਤੇ ਖੌਫ ਹੀ ਉਹ ਹਥਿਆਰ ਸੀ, ਜਿਸ ਦੀ ਵਰਤੋਂ ਕਰਦਿਆਂ ਮੋਦੀ ਸਰਕਾਰ ਨੇ ਵਿਰੋਧੀ ਧਿਰ ਨੂੰ ਡਰਾ ਕੇ ਪੂਰੇ ਸਿਸਟਮ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ ਸੀ। ਡਰ ਤੇ ਵਿਚਾਰਧਾਰਾ ਦੇ ਇਸ ਮਿਸ਼ਰਨ ਨੇ ਸਾਰੀਆਂ ਸੰਵਿਧਾਨਕ ਸੰਸਥਾਵਾਂ ਦੀ ਕਮਰ ਤੋੜ ਦਿੱਤੀ ਸੀ, ਭਾਵੇਂ ਨਿਆਂਪਾਲਿਕਾ ਹੋਵੇ ਜਾਂ ਮੀਡੀਆ ਸਾਰੇ ਸਰਕਾਰ ਅੱਗੇ ਝੁਕ ਗਏ ਸਨ। ਅੰਦੋਲਨ ਨੇ ਡਰ ਦੇ ਰਾਜ ਨੂੰ ਤੋੜ ਦਿੱਤਾ ਹੈ, ਛੋਟੇ ਬੱਚੇ ਵੀ ਸਰਕਾਰ ਦੇ ਸਾਹਮਣੇ ਖੜ੍ਹੇ ਹੋ ਕੇ ਆਪਣੇ ਹੱਕਾਂ ਦੀ ਮੰਗ ਕਰਨ ਲੱਗੇ ਹਨ। ਜੇਕਰ ਸਰਕਾਰ ਤੇ ਸੱਤਾਧਾਰੀ ਪਾਰਟੀ ਆਪਣੀਆਂ ਗਲਤੀਆਂ ਨਹੀਂ ਸੁਧਾਰਦੀ ਤਾਂ ਜੈੱਨ- ਜ਼ੀ ਦਾ ਵਿਰੋਧ ਹੋਰ ਵੀ ਵੱਡਾ ਹੋ ਸਕਦਾ ਹੈ। ਜੋ ਸਿਰਫ਼ ਸਰਕਾਰ ਲਈ ਹੀ ਖ਼ਤਰਾ ਨਹੀਂ ਪੈਦਾ ਕਰੇਗਾ, ਸਗੋਂ ਸੰਘ ਦੀ ਭਰੋਸੇਯੋਗਤਾ ਤੇ ਵਿਚਾਰਧਾਰਾ ਦੋਹਾਂ ਨੂੰ ਵੀ ਢਾਹ ਲਾ ਸਕਦਾ ਹੈ। ਭਾਗਵਤ ਇਸ ਇਤਿਹਾਸਕ ਦੁਖਾਂਤ ਨੂੰ ਰੋਕਣ ਲਈ ਇਕ ਵੱਡੀ ਕੋਸ਼ਿਸ਼ ਕਰ ਰਹੇ ਹਨ। ਕੀ ਉਹ ਸਫਲ ਹੋਣਗੇ?
ਈਮੇਲ : ashutosh83b@gmail.com