650ਵੀਂ ਜੈਅੰਤੀ 'ਤੇ ਵਿਸ਼ੇਸ਼
ਅਸੀਂ ਸਮੂਹ ਭਾਰਤ ਵਾਸੀ ਆਉਣ ਵਾਲੀ 20 ਫਰਵਰੀ ਨੂੰ ਸਮੁੱਚੇ ਸੰਤ-ਸਮਾਜ ਦੇ ਕੇਂਦਰ ਬਿੰਦੂ, ਮਨੁੱਖਤਾ ਦੇ ਰਹਿਬਰ ਅਤੇ ਆਪਸੀ ਭਾਈਚਾਰਕ ਸਾਂਝ ਤੇ ਸਮਾਨਤਾ ਦੇ ਪ੍ਰਤੀਕ, ਸ਼੍ਰੋਮਣੀ ਸੰਤ ਗੁਰੂ ਰਵਿਦਾਸ ਜੀ ਦੀ 650ਵੀਂ ਜਨਮ ਜੈਅੰਤੀ ਦੇ ਗਵਾਹ ਬਣਨ ਜਾ ਰਹੇ ਹਾਂ। ਗੁਰੂ ਰਵਿਦਾਸ ਜੀ 13ਵੀਂ-14ਵੀਂ ਸਦੀ ਦੌਰਾਨ ਭਾਰਤ ਵਰਸ਼ 'ਚ ਚੱਲੀ ਭਗਤੀ ਲਹਿਰ ਦੇ ਉਨ੍ਹਾਂ ਮਹਾਨ ਸੰਤ-ਮਹਾਂਪੁਰਖਾਂ 'ਚੋਂ ਇਕ ਹੋਏ, ਜਿਨ੍ਹਾਂ ਨੇ ਆਪਣੀ ਪਾਵਨ ਬਾਣੀ ਤੇ ਸਰਬ-ਸਾਂਝੀਵਾਲਤਾ ਦੇ ਫ਼ਲਸਫ਼ੇ ਰਾਹੀਂ ਸਮੁੱਚੀ ਮਨੁੱਖਤਾ ਨੂੰ ਅਧਿਆਤਮਕ ਰੌਸ਼ਨੀ, ਬਰਾਬਰੀ ਤੇ ਸਮਾਜਿਕ ਨਿਆਂ ਦਾ ਸੱਚਾ ਮਾਰਗਦਰਸ਼ਨ ਦਿੱਤਾ। ਉਹ 1377 ਈ. 'ਚ ਬਨਾਰਸ ਦੇ ਨੇੜੇ ਸੀਰ ਗੋਵਰਧਨਪੁਰ ਵਿਖੇ ਪ੍ਰਗਟ ਹੋਏ। ਇਸ ਸਥਾਨ ਨੂੰ ਅੱਜ 'ਗੁਰੂ ਰਵਿਦਾਸ ਜਨਮ ਅਸਥਾਨ' ਕਹਿ ਕੇ ਸਤਿਕਾਰਿਆ ਜਾਂਦਾ ਹੈ। ਉਨ੍ਹਾਂ ਵਲੋਂ ਰਚਿਤ ਪਾਵਨ ਬਾਣੀ ਦੇ 40 ਸ਼ਬਦ (ਪਦ) ਅਤੇ ਇਕ ਸਲੋਕ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਬੇਸ਼ੱਕ ਯੂਰਪ ਦੇ ਇਤਿਹਾਸ ਵਿਚ ਮੱਧਕਾਲ ਨੂੰ 'ਅੰਧਕਾਰ ਦਾ ਯੁੱਗ' ਮੰਨਿਆ ਗਿਆ, ਪਰ ਭਾਰਤ ਵਿਚ ਇਸ ਸਮੇਂ ਦੌਰਾਨ ਦੁਨੀਆ ਦੀ ਸਭ ਤੋਂ ਲੰਬੀ ਤੇ ਪ੍ਰਭਾਵਸ਼ਾਲੀ ਭਗਤੀ ਲਹਿਰ ਚੱਲੀ। ਇਸ ਲਹਿਰ ਨੇ ਭਾਰਤੀ ਚਿੰਤਨ, ਸੱਭਿਅਤਾ ਅਤੇ ਜੀਵਨ-ਜਾਚ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ। ਇਸੇ ਕ੍ਰਾਂਤੀ 'ਚੋਂ ਗੁਰੂ ਰਵਿਦਾਸ ਜੀ ਦੇ 'ਬੇਗ਼ਮਪੁਰਾ' ਦੇ ਅਲੌਕਿਕ ਸੰਕਲਪ ਨੇ ਜਨਮ ਲਿਆ, ਜਿਸ ਨੂੰ ਚਿਤਵਦਿਆਂ ਉਨ੍ਹਾਂ ਫ਼ਰਮਾਇਆ:-
ਬੇਗਮ ਪੁਰਾ ਸਹਰ ਕੋ ਨਾਉ॥
ਦੂਖੁ ਅੰਦੋਹੁ ਨਹੀ ਤਿਹਿ ਠਾਉ॥ (ਅੰਗ:345)
ਭਾਵ ਇਕ ਅਜਿਹਾ ਆਦਰਸ਼ ਸਮਾਜ, ਅਜਿਹਾ ਸ਼ਹਿਰ ਜਿੱਥੇ ਕਿਸੇ ਨੂੰ ਵੀ ਕਿਸੇ ਕਿਸਮ ਦਾ ਮਾਨਸਿਕ ਜਾਂ ਸਰੀਰਕ ਕਸ਼ਟ ਨਾ ਹੋਵੇ। ਬੇਗਮਪੁਰਾ ਦਾ ਇਹ ਮਹਾਨ ਸੰਕਲਪ ਅੱਜ ਵੀ ਉਸ ਆਦਰਸ਼ਕ, ਅਨੰਦਮਈ ਅਤੇ ਸ਼ੋਸ਼ਣ-ਮੁਕਤ ਸਮਾਜ ਦੀ ਸਭ ਤੋਂ ਉੱਤਮ ਤਸਵੀਰ ਪੇਸ਼ ਕਰਦਾ ਹੈ, ਜਿੱਥੇ ਹਰ ਪ੍ਰਾਣੀ ਨੂੰ ਬਰਾਬਰੀ, ਆਜ਼ਾਦੀ ਅਤੇ ਸਕੂਨ ਪ੍ਰਾਪਤ ਹੈ। ਗੁਰੂ ਰਵਿਦਾਸ ਜੀ ਦੀ ਸਮੁੱਚੀ ਜੀਵਨ-ਜਾਚ ਅਤੇ ਫ਼ਲਸਫ਼ਾ ਇਸ ਸੱਚ ਦਾ ਗਵਾਹ ਰਿਹਾ ਹੈ ਕਿ ਪ੍ਰਮਾਤਮਾ ਦੀ ਦਰਗਾਹ ਵਿਚ ਜਨਮ-ਜਾਤ ਦੇ ਆਧਾਰ 'ਤੇ ਕੋਈ ਭੇਦਭਾਵ ਨਹੀਂ ਹੈ, ਸਗੋਂ ਮਨੁੱਖ ਆਪਣੇ ਕਰਮਾਂ ਦੇ ਆਧਾਰ 'ਤੇ ਹੀ ਮਹਾਨ ਜਾਂ ਤੁੱਛ ਬਣਦਾ ਹੈ। ਉਹ ਲਿਖਦੇ ਹਨ:-
ਰਵਿਦਾਸ ਜਨਮ ਕੇ ਕਾਰਨੇ ਹੋਤ ਨ ਕੋਊ ਨੀਚ॥
ਨਰ ਕਉ ਨੀਚ ਕਰਿ ਡਾਰਿ ਹੈ ਓਛੇ ਕਰਮ ਕੀ ਕੀਚ॥
ਗੁਰੂ ਰਵਿਦਾਸ ਜੀ ਅਨੁਸਾਰ ਕੋਈ ਵੀ ਮਨੁੱਖ ਜਨਮ-ਜਾਤ ਦੇ ਆਧਾਰ 'ਤੇ ਛੋਟਾ ਜਾਂ ਵੱਡਾ ਨਹੀਂ ਹੁੰਦਾ, ਸਗੋਂ ਉਸ ਦੀ ਪਛਾਣ ਆਪਣੇ ਚੰਗੇ-ਮਾੜੇ ਕਰਮਾਂ ਕਰਕੇ ਹੀ ਹੁੰਦੀ ਹੈ। ਉਨ੍ਹਾਂ ਦੇ ਬੇਗਮਪੁਰਾ ਵਿਚ ਕੇਵਲ ਉੱਚ ਆਚਰਨ ਤੇ ਗੁਣਾਂ ਨੂੰ ਹੀ ਮਾਨਤਾ ਹੈ।

ਅੱਜ ਵਿਸ਼ਵ ਭਰ ਵਿਚ ਗੁਰੂ ਰਵਿਦਾਸ ਜੀ ਦੇ ਕਰੋੜਾਂ ਸ਼ਰਧਾਲੂ ਮੌਜੂਦ ਹਨ। ਪੰਜਾਬ ਦੇ ਜਲੰਧਰ ਜ਼ਿਲ੍ਹੇ 'ਚ ਸਥਿਤ ਡੇਰਾ ਸੱਚਖੰਡ ਬੱਲਾਂ ਸਮੁੱਚੇ ਰਵਿਦਾਸੀਆ ਭਾਈਚਾਰੇ ਦਾ ਪ੍ਰਮੁੱਖ ਅਧਿਆਤਮਕ, ਧਾਰਮਿਕ ਤੇ ਸਮਾਜਿਕ ਕੇਂਦਰ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਵਿਸ਼ਵ ਅਤੇ ਦੇਸ਼ ਭਰ ਵਿਚ ਸਮੁੱਚੇ ਰਵਿਦਾਸੀਆ ਭਾਈਚਾਰੇ ਦੀ ਵੱਡੀ ਗਿਣਤੀ ਦੇਸ਼ ਦੇ ਧਾਰਮਿਕ ਤੇ ਸਿਆਸੀ ਮਾਹੌਲ ਨੂੰ ਵੀ ਪ੍ਰਭਾਵਿਤ ਕਰਦੀ ਹੈ, ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਗੁਰੂ ਰਵਿਦਾਸ ਜੈਅੰਤੀ ਨੂੰ ਮੁੱਖ ਰਖਦਿਆਂ ਚੋਣਾਂ ਦੀ ਤਰੀਕ ਨੂੰ ਬਦਲਣਾ ਇਸ ਦਾ ਜਿਊਂਦਾ-ਜਾਗਦਾ ਸਬੂਤ ਹੈ। ਜਗਤ ਗੁਰੂ ਰਵਿਦਾਸ ਜੀ ਦੇ ਪਾਵਨ ਉਪਦੇਸ਼ਾਂ, ਉਨ੍ਹਾਂ ਦੀ ਉੱਚੀ-ਸੁੱਚੀ ਜੀਵਨ-ਜਾਚ ਅਤੇ ਸਰਬ-ਸਾਂਝੇ ਫ਼ਲਸਫ਼ੇ ਦੇ ਮੱਦੇਨਜ਼ਰ ਸਾਰੇ ਹੀ ਸਿਆਸੀ ਦਲਾਂ ਲਈ ਸਮੁੱਚਾ ਰਵਿਦਾਸੀਆ ਭਾਈਚਾਰਾ ਅਥਾਹ ਸਤਿਕਾਰ ਦਾ ਕੇਂਦਰ ਰਿਹਾ ਹੈ। ਇਸੇ ਆਸ਼ੇ 'ਤੇ ਚਲਦਿਆਂ ਸਮੁੱਚੀ ਭਾਜਪਾ ਵਲੋਂ ਵੀ ਹਰ ਸਾਲ ਦੀ ਤਰ੍ਹਾਂ ਗੁਰੂ ਰਵਿਦਾਸ ਜੀ ਨੂੰ ਆਪਣੇ ਢੰਗ ਨਾਲ ਸ਼ਰਧਾ-ਸੁਮਨ ਭੇਟ ਕਰਨ ਦਾ ਸਨਿਮਰ ਉਪਰਾਲਾ ਕੀਤਾ ਗਿਆ ਹੈ, ਜਿਸ ਤਹਿਤ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਲੋਂ ਹੁਣ ਤੱਕ ਕਈ ਇਤਿਹਾਸਕ ਕਦਮ ਚੁੱਕੇ ਗਏ ਹਨ ਤੇ ਨਿਰੰਤਰ ਜਾਰੀ ਹਨ।
ਗੁਰੂ ਸਾਹਿਬ ਦੇ ਅਜ਼ੀਮ ਵਿਚਾਰਾਂ ਦੇ ਪ੍ਰਚਾਰ-ਪ੍ਰਸਾਰ ਲਈ ਕੇਂਦਰ ਸਰਕਾਰ ਦੇ ਡਾਕ ਵਿਭਾਗ ਵਲੋਂ 1971 ਤੇ 2001 'ਚ ਵਿਸ਼ੇਸ਼ ਡਾਕ ਟਿਕਟਾਂ ਜਾਰੀ ਕਰ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਸਨ। ਪ੍ਰਧਾਨ ਮੰਤਰੀ ਮੋਦੀ ਵਲੋਂ 2024 'ਚ ਉਨ੍ਹਾਂ ਦੇ ਪਾਵਨ ਜਨਮ ਅਸਥਾਨ ਸੀਰ ਗੋਵਰਧਨਪੁਰ ਵਿਖੇ ਗੁਰੂ ਜੀ ਦੇ ਬਹੁਤ ਹੀ ਸੁੰਦਰ ਸਵਰੂਪ ਦੀ ਸਥਾਪਨਾ ਕਰਨਾ, ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ 'ਚ 100 ਕਰੋੜ ਰੁਪਏ ਦੀ ਲਾਗਤ ਨਾਲ 11 ਏਕੜ ਵਿਚ ਫੈਲੇ ਸੰਤ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਜੀ ਮੰਦਰ, ਸਮਾਰਕ ਅਤੇ ਲਾਇਬ੍ਰੇਰੀ ਦਾ ਨਿਰਮਾਣ ਕਰਨਾ, ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਨੂੰ 'ਪਦਮਸ੍ਰੀ' ਪੁਰਸਕਾਰ ਨਾਲ ਨਿਵਾਜਣਾ ਅਤੇ ਆਦਮਪੁਰ ਹਵਾਈ ਅੱਡੇ ਦਾ ਨਾਂਅ ਸ੍ਰੀ ਗੁਰੂ ਰਵਿਦਾਸ ਏਅਰਪੋਰਟ ਰੱਖਣਾ ਵੀ ਸਮੁੱਚੇ ਰਵਿਦਾਸੀਆ ਭਾਈਚਾਰੇ ਲਈ ਭਾਜਪਾ ਦੇ ਅਥਾਹ ਸਤਿਕਾਰ ਦੀ ਗਵਾਹੀ ਭਰਦਾ ਹੈ।
ਪ੍ਰਧਾਨ ਮੰਤਰੀ ਨੇ ਹਾਲ ਹੀ 'ਚ ਆਪਣੇ ਪੰਜਾਬ ਦੌਰੇ ਦੌਰਾਨ ਅੰਮ੍ਰਿਤਸਰ ਦੇ ਛੇਹਰਟਾ ਤੋਂ ਵਾਰਾਨਸੀ ਤੱਕ ਬੇਗਮਪੁਰਾ ਐਕਸਪ੍ਰੈੱਸ ਨਾਮੀ ਰੇਲ ਸੇਵਾ ਨੂੰ ਹਰੀ ਝੰਡੀ ਦਿਖਾ ਕੇ ਸੰਗਤਾਂ ਨੂੰ ਵੱਡੀ ਸੌਗਾਤ ਦਿੱਤੀ ਹੈ। ਭਾਜਪਾ ਵਲੋਂ 2025 ਵਿਚ ਵੀ ਰਾਸ਼ਟਰੀ ਪੱਧਰ 'ਤੇ ਸਾਰੇ ਹੈੱਡਕੁਆਰਟਰਾਂ 'ਤੇ ਗੁਰੂ ਜੀ ਨੂੰ ਸਮਰਪਿਤ ਪੰਦ੍ਹਰਵਾੜਾ ਮਨਾਉਂਦਿਆਂ ਕਲਸ਼ ਯਾਤਰਾਵਾਂ ਅਤੇ ਪਾਠ ਪ੍ਰਕਾਸ਼ ਕਰਾਏ ਗਏ ਸਨ। ਇਸ ਵਾਰ ਵੀ ਗੁਰੂ ਰਵਿਦਾਸ ਜੀ ਦੀ 650ਵੀਂ ਜੈਅੰਤੀ ਨੂੰ ਸਮਰਪਿਤ ਰਾਸ਼ਟਰੀ ਪੱਧਰ 'ਤੇ 'ਸਦਭਾਵਨਾ ਸੰਕਲਪ ਅਭਿਆਨ' ਸ਼ਰਧਾ ਤੇ ਸਤਿਕਾਰ ਸਹਿਤ ਜਾਰੀ ਹੈ। ਇਸ ਤਹਿਤ ਪੂਰੇ ਦੇਸ਼ ਸਮੇਤ ਪੰਜਾਬ ਭਰ 'ਚ 20 ਫਰਵਰੀ 2027 (ਮਾਘ ਦੀ ਪੂਰਨਮਾਸ਼ੀ) ਤੱਕ ਗੁਰੂ ਰਵਿਦਾਸ ਜੀ ਦਾ ਸੁਨੇਹਾ ਘਰ-ਘਰ ਤੱਕ ਪਹੁੰਚਾਉਣ ਹਿੱਤ ਭਾਜਪਾ ਵਲੋਂ ਦੀਪ ਮਹਾਂਉਤਸਵ ਤੇ ਪਾਵਨ ਕਲਸ਼ ਯਾਤਰਾਵਾਂ ਸਜਾਈਆਂ ਜਾ ਰਹੀਆਂ ਹਨ।
ਜੇਕਰ ਅਸੀਂ ਸੱਚਮੁੱਚ ਇਕ ਸਿਹਤਮੰਦ ਤੇ ਨਰੋਏ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਗੁਰੂ ਰਵਿਦਾਸ ਜੀ ਦੇ ਬੇਗਮਪੁਰਾ ਸੰਕਲਪ, ਉਨ੍ਹਾਂ ਦੇ ਸਰਬ-ਸਾਂਝੀਵਾਲਤਾ ਅਤੇ ਸਮਾਨਤਾ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿਚ ਅਪਣਾਉਣਾ ਹੀ ਹੋਵੇਗਾ, ਜਿਸ ਲਈ ਸਮੁੱਚੀ ਭਾਜਪਾ ਪੂਰੀ ਤਰ੍ਹਾਂ ਵਚਨਬੱਧ ਅਤੇ ਨਿਰੰਤਰ ਕਾਰਜਸ਼ੀਲ ਹੈ।