12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਭਾਰਤ ਲਈ ਚਿੰਤਾਜਨਕ ਹੈ ਮੱਕਾ ਸਮਝੌਤਾ

ਭਾਰਤ ਲਈ ਚਿੰਤਾਜਨਕ ਹੈ ਮੱਕਾ ਸਮਝੌਤਾ

Ad Position 21
No active advertisement
ਅਜੀਤ ਡੈਸਕ 13-08-2026

ਪੱਛਮੀ ਏਸ਼ੀਆ ਵਿਚ ਹੋ ਰਹੀ ਅਮਰੀਕਾ-ਇਜ਼ਰਾਈਲ ਅਤੇ ਈਰਾਨ ਦੀ ਲੜਾਈ ਵਿਚ ਪਾਕਿਸਤਾਨ ਨੇ ਇਸ ਨੂੰ  ਰੋਕਣ ਲਈ ਆਪਣੀ ਭੂਮਿਕਾ ਨਿਭਾਈ ਸੀ | ਲੰਮੇ ਸਮੇਂ ਤੱਕ ਇਸ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਅਤੇ ਫ਼ੌਜ ਮੁਖੀ ਆਸਿਮ ਮੁਨੀਰ ਨੇ ਇਨ੍ਹਾਂ ਦੇਸ਼ਾਂ ਦਾ ਦੌਰਾ ਕੀਤਾ ਸੀ ਅਤੇ ਸਮੇਂ-ਸਮੇਂ ਇਸ ਦੇ ਹੱਲ ਲਈ ਕੁਝ ਖਰੜੇ ਵੀ ਤਿਆਰ ਕੀਤੇ ਸਨ | ਇਸ ਕੰਮ ਵਿਚ ਤੁਰਕੀ ਵੀ ਸ਼ਾਮਿਲ ਸੀ | ਇਹ ਲੜਾਈ ਅਜੇ ਵੀ ਜਾਰੀ ਹੈ, ਪਰ ਇਸ ਦੌਰਾਨ ਇਕ ਹੈਰਾਨ ਕਰਨ ਵਾਲੀ ਗੱਲ ਇਹ ਹੋਈ ਹੈ ਕਿ ਪਿਛਲੇ ਦਿਨੀਂ ਸਾਊਦੀ ਅਰਬ-ਪਾਕਿਸਤਾਨ ਅਤੇ ਤੁਰਕੀ ਨੇ ਇਕ ਰੱਖਿਆ ਸਮਝੌਤਾ ਕੀਤਾ ਹੈ, ਜਿਸ ਦੀ ਮੁੱਖ ਮੱਦ ਇਹ ਹੈ ਕਿ ਇਨ੍ਹਾਂ ਤਿੰਨਾਂ ਵਿਚੋਂ ਕਿਸੇ ਇਕ ਦੇਸ਼ 'ਤੇ ਕੀਤਾ ਗਿਆ ਹਮਲਾ, ਇਨ੍ਹਾਂ ਤਿੰਨਾਂ 'ਤੇ ਹੀ ਹਮਲਾ ਮੰਨਿਆ ਜਾਵੇਗਾ |
ਭਾਰਤ ਦੇ ਸਾਊਦੀ ਅਰਬ ਨਾਲ ਹਮੇਸ਼ਾ ਚੰਗੇ ਸੰਬੰਧ ਬਣੇ ਰਹੇ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਊਦੀ ਅਰਬ ਦੇ ਮੁਖੀਆਂ ਨੇ ਸਮੇਂ-ਸਮੇਂ ਇਕ ਦੂਸਰੇ ਦੇ ਦੇਸ਼ ਦੇ ਦੌਰੇ ਵੀ ਕੀਤੇ ਹਨ | ਸਾਊਦੀ ਅਰਬ ਨੇ ਸ੍ਰੀ ਮੋਦੀ ਨੂੰ  ਆਪਣੇ ਦੇਸ਼ ਦਾ ਸਭ ਤੋਂ ਵੱਡਾ ਸਨਮਾਨ ਵੀ ਦਿੱਤਾ ਸੀ | ਅੱਜ ਵੀ ਲੱਖਾਂ ਭਾਰਤੀ ਸਾਊਦੀ  ਅਰਬ ਸਮੇਤ ਵੱਖ-ਵੱਖ ਖਾੜੀ ਦੇਸ਼ਾਂ ਵਿਚ ਆਪਣਾ ਕੰਮਕਾਰ ਚਲਾ ਰਹੇ ਹਨ | ਭਾਰਤ ਖਾੜੀ ਮੁਲਕਾਂ ਤੋਂ ਅਰਬਾਂ ਖਰਬਾਂ ਰੁਪਏ ਦਾ ਤੇਲ ਦਰਾਮਦ ਕਰਦਾ ਹੈ | ਚਾਹੇ ਇਸ ਸਾਲ ਫਰਵਰੀ ਤੋਂ ਉੱਥੇ ਜੰਗ ਛਿੜੇ ਹੋਣ ਕਾਰਨ ਉਨ੍ਹਾਂ ਦੀ ਇਸ ਬਰਾਮਦ ਵਿਚ ਜ਼ਰੂਰ ਕਮੀ ਆਈ ਹੈ | ਇਕ ਪਾਸੇ ਪਾਕਿਸਤਾਨ ਅਮਰੀਕਾ ਅਤੇ ਈਰਾਨ ਵਿਚਕਾਰ ਵਿਚੋਲਗੀ ਕਰਵਾਉਣ ਲਈ ਸਰਗਰਮ ਹੈ, ਪਰ ਦੂਜੇ ਪਾਸੇ ਉਸ ਨੇ ਇਹ ਮੱਕਾ ਸਮਝੌਤਾ ਕਿਉਂ ਕੀਤਾ ਇਹ ਗੱਲ ਬਹੁਤੀ ਸਮਝ ਆਉਣ ਵਾਲੀ ਨਹੀਂ ਹੈ | ਈਰਾਨ ਵਿਚ ਸ਼ੀਆ ਮੁਸਲਮਾਨਾਂ ਦੀ ਬਹੁਗਿਣਤੀ ਹੈ | ਪਾਕਿਸਤਾਨ ਵਿਚ ਵੀ 20 ਫ਼ੀਸਦੀ ਦੇ ਲਗਭਗ ਸ਼ੀਆ ਮੁਸਲਮਾਨ ਰਹਿੰਦੇ ਹਨ | ਇਕ ਹੋਰ ਵੇਖਣ ਵਾਲੀ ਗੱਲ ਇਹ ਵੀ ਹੋਵੇਗੀ ਕਿ ਚੀਨ ਵਲੋਂ ਵੀ ਅੰਦਰੋ-ਅੰਦਰੀ ਇਸ ਸਮਝੌਤੇ ਨੂੰ  ਸਹਿਮਤੀ ਦਿੱਤੀ ਗਈ ਹੈ | ਅਮਰੀਕਾ ਨੇ ਵੀ ਇਸ ਬਾਰੇ ਬਹੁਤਾ ਪ੍ਰਤੀਕਰਮ ਪ੍ਰਗਟ ਨਹੀਂ ਕੀਤਾ | ਅਜਿਹੀ ਸੂਰਤ ਵਿਚ ਭਾਰਤ ਨੂੰ  ਇਸ ਸੰਬੰਧੀ ਹੋਰ ਵੀ ਸੁਚੇਤ ਹੋਣਾ ਪਵੇਗਾ, ਕਿਉਂਕਿ ਪਿਛਲੇ 70 ਸਾਲ ਤੋਂ ਜੋ ਹਾਲਾਤ ਬਣੇ ਹੋਏ ਹਨ, ਉਨ੍ਹਾਂ ਨੂੰ  ਵੇਖਦਿਆਂ ਆਪਣੇ ਗੁਆਂਢੀ ਮੁਲਕ ਨਾਲ ਭਾਰਤ ਦੇ ਸੰਬੰਧ ਛੇਤੀ ਸੁਧਰਦੇ ਦਿਖਾਈ ਨਹੀਂ ਦਿੰਦੇ |
ਪਾਕਿਸਤਾਨ ਵਲੋਂ ਸਮਝੌਤਾ ਕਰਨ ਦਾ ਇਕ ਵੱਡਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਹ ਬੇਹੱਦ ਆਰਥਿਕ ਸੰਕਟ 'ਚੋਂ ਗੁਜ਼ਰ ਰਿਹਾ ਹੈ | ਇਹ ਸਮਝੌਤਾ ਉਸ ਦੇ ਆਪਣੇ ਹਥਿਆਰਾਂ ਨੂੰ  ਨਵਿਆਉਣ ਅਤੇ ਕੁਝ ਵਿੱਤੀ ਮਦਦ ਜੁਟਾਉਣ ਦੇ ਕੰਮ ਜ਼ਰੂਰ ਆ ਸਕਦਾ ਹੈ ਕਿਉਂਕਿ ਸਾਊਦੀ ਅਰਬ 'ਤੇ ਛਿੜੇ ਇਸ ਯੁੱਧ ਵਿਚ ਈਰਾਨ ਨੇ ਲਗਾਤਾਰ ਮਿਜ਼ਾਈਲਾਂ ਨਾਲ ਹਮਲੇ ਕੀਤੇ ਹਨ | ਚਾਹੇ ਇਹ ਹਮਲੇ ਸਾਊਦੀ ਅਰਬ ਜਾਂ ਹੋਰ ਖਾੜੀ ਦੇਸ਼ਾਂ ਦੇ ਵਿਰੁੱਧ ਤਾਂ ਨਹੀਂ ਕਹੇ ਜਾ ਸਕਦੇ, ਪਰ ਈਰਾਨ ਇੱਥੇ ਚਿਰਾਂ ਤੋਂ ਸਥਾਪਿਤ ਅਮਰੀਕੀ ਅੱਡਿਆਂ ਨੂੰ  ਆਪਣਾ ਨਿਸ਼ਾਨਾ ਬਣਾਉਂਦਾ ਜ਼ਰੂਰ ਨਜ਼ਰ ਆ ਰਿਹਾ ਹੈ | ਜਿਸ ਕਰਕੇ ਹੋਰ ਖਾੜੀ ਦੇਸ਼ਾਂ ਦੇ ਨਾਲ-ਨਾਲ ਸਾਊਦੀ ਅਰਬ ਨੂੰ  ਵੀ ਵੱਡਾ ਨੁਕਸਾਨ ਹੋਇਆ ਹੈ | ਈਰਾਨ ਵਲੋਂ ਹੋਰਮੁਜ਼ ਸਮੁੰਦਰੀ ਮਾਰਗ ਬੰਦ ਕਰਨ ਨਾਲ ਵੀ ਹੋਰ ਖਾੜੀ ਦੇਸ਼ਾਂ ਦੇ ਨਾਲ-ਨਾਲ ਸਾਊਦੀ ਅਰਬ ਦੀ ਤੇਲ ਦੀ ਬਰਾਮਦ 'ਤੇ ਵੱਡਾ ਅਸਰ ਪਿਆ ਹੈ, ਇਹ ਮਸਲਾ ਹੁਣ ਤੱਕ ਉਸ ਲਈ ਚੁਣੌਤੀ ਬਣਿਆ ਹੋਇਆ ਹੈ | ਤੁਰਕੀ ਦੀ ਵੀ ਇਜ਼ਰਾਈਲ ਨਾਲ ਲੰਮੇ ਸਮੇਂ ਤੋਂ ਵੱਡੀ ਦੁਸ਼ਮਣੀ ਚੱਲੀ ਆ ਰਹੀ ਹੈ | ਇਜ਼ਰਾਈਲ ਉਸ ਨੂੰ  ਵੀ ਇਸ ਕਸ਼ਮਕਸ਼ ਵਿਚ ਦੂਸਰਾ ਈਰਾਨ ਗਰਦਾਨਦਾ ਰਿਹਾ ਹੈ | ਜਿਥੋਂ ਤੱਕ ਪਾਕਿਸਤਾਨ ਦਾ ਸਵਾਲ ਹੈ, ਅਸੀਂ ਸ਼ੁਰੂ ਤੋਂ ਹੀ ਇਸ ਦੀਆਂ ਵਿਦੇਸ਼ ਨੀਤੀਆਂ ਦੇ ਆਲੋਚਕ ਰਹੇ ਹਾਂ | ਇਸ ਦੀਆਂ ਵਿਦੇਸ਼ ਨੀਤੀਆਂ ਦੀਆਂ ਖਾਮੀਆਂ ਸੰਬੰਧੀ ਜਾਣਦੇ ਰਹੇ ਹਾਂ | ਆਪਣੀ ਸਥਾਪਨਾ ਦੇ ਸਮੇਂ ਤੋਂ ਹੀ ਇਸ ਨੇ ਵਿਦੇਸ਼ੀ ਸਹਾਇਤਾ ਲੈਣ ਲਈ, ਜਿਸ ਤਰ੍ਹਾਂ ਅਮਰੀਕਾ ਨਾਲ ਸਮਝੌਤੇ ਕੀਤੇ ਅਤੇ ਲੰਮੇ ਸਮੇਂ ਤੱਕ ਉਸ ਦਾ ਪਿੱਛਲੱਗ ਬਣਿਆ ਰਿਹਾ, ਉਸ ਨੇ ਇਸ ਦੇਸ਼ ਨੂੰ  ਕਦੇ ਵੀ ਆਪਣੇ ਪੈਰਾਂ 'ਤੇ ਖੜ੍ਹਾ ਹੋਣ ਦਾ ਮੌਕਾ ਨਹੀਂ ਦਿੱਤਾ | ਅਫ਼ਗਾਨਿਸਤਾਨ ਤੇ ਸੋਵੀਅਤ ਯੂਨੀਅਨ ਵਲੋਂ ਕੀਤੇ ਹਮਲੇ ਦੇ ਸਮੇਂ ਅਮਰੀਕਾ ਨੇ ਇਕ ਤਰ੍ਹਾਂ ਨਾਲ ਇਸ ਨੂੰ  ਆਪਣਾ ਫ਼ੌਜੀ ਅੱਡਾ ਹੀ ਬਣਾ ਲਿਆ ਸੀ | ਇਥੋਂ ਹੀ ਉਹ ਅਫ਼ਗਾਨਿਸਤਾਨ ਵਿਚ ਰੂਸੀ ਸੋਵੀਅਤ ਫ਼ੌਜਾਂ ਨਾਲ ਤਾਲਿਬਾਨਾਂ ਰਾਹੀਂ ਪੂਰੀ ਟੱਕਰ ਲੈਂਦਾ ਰਿਹਾ ਸੀ |
ਸੋਵੀਅਤ ਫ਼ੌਜਾਂ ਦੇ ਜਾਣ ਤੋਂ ਬਾਅਦ ਉਥੇ ਵਾਪਰਦੇ ਰਹੇ ਘਟਨਾਕ੍ਰਮਾਂ ਕਾਰਨ ਓਸਾਮਾ-ਬਿਨ-ਲਾਦੇਨ ਦੇ ਸੰਗਠਨ ਅਲ-ਕਾਇਦਾ ਨੇ ਅਫ਼ਗਾਨਿਸਤਾਨ ਦੀ ਧਰਤੀ ਤੋਂ ਹੀ ਹਮਲੇ ਦੀ ਯੋਜਨਾਬੰਦੀ ਕਰਕੇ ਅਮਰੀਕਾ ਦੇ ਟਰੇਡ ਟਾਵਰਾਂ ਨੂੰ  ਨਿਸ਼ਾਨਾ ਬਣਾਇਆ ਸੀ | ਅਮਰੀਕਾ ਅਫ਼ਗਾਨਿਸਤਾਨ ਦੀਆਂ ਨੀਤੀਆਂ ਦਾ ਵੱਡਾ ਆਲੋਚਕ ਬਣ ਗਿਆ ਸੀ | ਉਸ ਸਮੇਂ ਭਾਰਤ ਵੀ ਅਫ਼ਗਾਨਿਸਤਾਨ ਨਾਲ ਨਾਰਾਜ਼ ਸੀ | ਬਾਅਦ ਵਿਚ ਉਸ ਨੂੰ  ਪਾਕਿਸਤਾਨ ਦੇ ਇਰਾਦਿਆਂ ਦੀ ਸਮਝ ਆ ਗਈ | ਪਾਕਿਸਤਾਨ ਤਾਲਿਬਾਨ ਦੇ ਮਸਲੇ 'ਤੇ ਅਮਰੀਕਾ ਨਾਲ ਵੀ ਦੋਹਰੀ ਖੇਡ ਖੇਡਦਾ ਰਿਹਾ ਸੀ | ਅੱਜ ਉਸ ਵਲੋਂ ਅਪਣਾਈਆਂ ਅਜਿਹੀਆਂ ਨੀਤੀਆਂ ਕਾਰਨ ਹੀ ਅਫ਼ਗਾਨਿਸਤਾਨ ਉਸ ਦੇ ਬੇਹੱਦ ਵਿਰੁੱਧ ਖੜ੍ਹਾ ਨਜ਼ਰ ਆਉਂਦਾ ਹੈ | ਦੋਹਾਂ ਦੇਸ਼ਾਂ ਵਿਚ ਵਾਰ-ਵਾਰ ਜੰਗ ਵਾਲੇ ਹਾਲਾਤ ਵੀ ਬਣਦੇ ਰਹੇ ਹਨ | ਪਾਕਿਸਤਾਨ ਦੇ ਸੂਬੇ ਖ਼ੈਬਰ ਪਖ਼ਤੂਨਖਵਾ ਅੰਦਰ ਫੈਲੀ ਗੜਬੜ ਅਤੇ ਬਲੋਚਿਸਤਾਨ ਵਿਚ ਇਕ ਤਰ੍ਹਾਂ ਨਾਲ ਛਿੜ ਚੁੱਕੀ ਜੰਗ ਦੇ ਨਾਲ-ਨਾਲ ਮਕਬੂਜ਼ਾ ਕਸ਼ਮੀਰ ਵਿਚ ਪੈਦਾ ਹੋਈ ਬੇਚੈਨੀ ਨਾਲ ਵੀ ਪਾਕਿਸਤਾਨ ਦੀ ਹਾਲਤ ਲਗਾਤਾਰ ਕਮਜ਼ੋਰ ਹੁੰਦੀ ਦਿਖਾਈ ਦੇ ਰਹੀ ਹੈ | ਸ਼ਾਇਦ ਇਹ ਸਮਝੌਤਾ ਵੀ ਇਸੇ ਹਾਲਾਤ 'ਚੋਂ ਨਿਕਲਿਆ ਹੋਵੇ | ਈਰਾਨ ਲਗਾਤਾਰ ਖਾੜੀ ਦੇਸ਼ਾਂ ਦੇ ਨਾਲ-ਨਾਲ ਸਾਊਦੀ ਅਰਬ 'ਤੇ ਵੀ ਹਮਲੇ ਕਰ ਰਿਹਾ ਹੈ | ਯਮਨ ਦੇ ਹੂਤੀਆਂ ਦਾ ਨਿਸ਼ਾਨਾ ਵੀ ਸਾਊਦੀ ਅਰਬ ਬਣਿਆ ਹੋਇਆ ਹੈ | ਅਜਿਹੀ ਸੂਰਤ ਵਿਚ ਪਾਕਿਸਤਾਨ ਦਾ ਇਹ ਮੱਕਾ ਸਮਝੌਤਾ ਉਸ ਲਈ ਕਿੰਨਾ ਕੁ ਲਾਹੇਵੰਦ ਜਾਂ ਨੁਕਸਾਨਦੇਹ ਸਾਬਿਤ ਹੋਵੇਗਾ, ਇਹ ਵੇਖਣਾ ਹੁਣ ਬਾਕੀ ਹੋਵੇਗਾ, ਪਰ ਭਾਰਤ ਲਈ ਇਹ ਸਮਝੌਤਾ ਚਿੰਤਾ ਦਾ ਇਕ ਵੱਡਾ ਕਾਰਨ ਜ਼ਰੂਰ ਬਣ ਗਿਆ ਹੈ |

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਦੁਸ਼ਮਣ ਦੀਆਂ ਕਮਜ਼ੋਰੀਆਂ ਨੂੰ ਸਮਝਣ ਲਈ ਉਨ੍ਹਾਂ ਹੱਥਕੰਡਿਆਂ ਦਾ ਅਧਿਐਨ ਜ਼ਰੂਰੀ ਹੈ, ਜਿਨ੍ਹਾਂ ਤੋਂ ਉਹ ਡਰਾ ਰਿਹਾ ਹੈ |... ਅਗਲੀ ਖ਼ਬਰ ਕੀ ਨਵਾਂ ਕਾਨੂੰਨ ਪੇਪਰ ਲੀਕ ਦੀਆਂ ਘਟਨਾਵਾਂ ਨੂੰ ਰੋਕ ਸਕੇਗਾ?
Ad Position 24