11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਮਹਾਨ ਗ਼ਦਰੀ ਸ਼ਹੀਦ ਬੰਤਾ ਸਿੰਘ ਸੰਘਵਾਲ

ਮਹਾਨ ਗ਼ਦਰੀ ਸ਼ਹੀਦ ਬੰਤਾ ਸਿੰਘ ਸੰਘਵਾਲ

Ad Position 21
No active advertisement
ਅਜੀਤ ਡੈਸਕ 12-08-2026

ਸ਼ਹੀਦੀ ਦਿਵਸ 'ਤੇ ਵਿਸ਼ੇਸ਼

ਮਹਾਨ ਗ਼ਦਰੀ ਸ਼ਹੀਦ ਬੰਤਾ ਸਿੰਘ ਸੰਘਵਾਲ ਦਾ ਜਨਮ ਪਿੰਡ ਸੰਘਵਾਲ (ਜਲੰਧਰ) ਵਿਚ ਸ਼ਾਹੂਕਾਰ ਪਿਤਾ ਬੂਟਾ ਸਿੰਘ ਅਤੇ ਬੀਬੀ ਗੁਜਰੀ ਦੇ ਘਰ 1890 ਈ. ਵਿਚ ਹੋਇਆ। ਉਨ੍ਹਾਂ ਨੇ ਦਸਵੀਂ ਡੀ.ਏ.ਵੀ. ਸਕੂਲ ਜਲੰਧਰ ਤੋਂ ਪਾਸ ਕੀਤੀ ਅਤੇ ਅਮੀਰ ਘਰਾਣੇ ਨਾਲ ਸੰਬੰਧਿਤ ਹੋਣ ਕਰਕੇ ਪਰਿਵਾਰ ਨੇ ਉਨ੍ਹਾਂ ਨੂੰ ਅਗਲੀ ਪੜ੍ਹਾਈ ਲਈ ਵਿਦੇਸ਼ ਭੇਜਿਆ। ਉਹ ਹਾਂਗਕਾਂਗ, ਚੀਨ ਤੇ ਕੈਨੇਡਾ ਆਦਿ 'ਚੋਂ ਲੰਘ ਕੇ ਜਦੋਂ ਅਮਰੀਕਾ ਪੜ੍ਹਨ ਲਈ ਪਹੁੰਚੇ ਤਾਂ ਉਨ੍ਹਾਂ ਨੇ ਕੈਨੇਡਾ ਅਤੇ ਅਮਰੀਕਾ ਵਿਚ ਭਾਰਤੀਆਂ ਦੀ ਹਾਲਤ ਦੇਖੀ ਤਾਂ ਉਨ੍ਹਾਂ ਦਾ ਦਿਲ ਤੜਫ ਉੱਠਿਆ। ਅਮਰੀਕੀ ਲੋਕਾਂ ਦੇ ਭਾਰਤੀਆਂ ਨਾਲ ਵਿਤਕਰੇ, ਬੇਇੱਜ਼ਤੀ ਭਰੇ ਵਰਤਾਓ ਅਤੇ ਅੰਗਰੇਜ਼ਾਂ ਦੇ ਅਨਿਆਂ ਭਰੇ ਰਵੱਈਏ ਕਾਰਨ ਬੰਤਾ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਹ ਸਮਝ ਲਿਆ ਕਿ ਇਨ੍ਹਾਂ ਸਾਰੀਆਂ ਬਿਮਾਰੀਆਂ ਦੀ ਜੜ੍ਹ ਸਾਡੀ ਗੁਲਾਮੀ ਹੀ ਹੈ। ਅਮਰੀਕਾ ਵਿਚ ਸਾਰੇ ਭਾਰਤੀ ਇਹੋ ਸੋਚਦੇ ਸਨ, ਸਾਰੇ ਇਕੱਠੇ ਹੋ ਕੇ ਇਕ ਅਜਿਹੀ ਐਸੋਸੀਏਸ਼ਨ ਬਣਾਈਏ, ਜਿਸ ਦਾ ਨਿਸ਼ਾਨਾ ਭਾਰਤ ਦੀ ਆਜ਼ਾਦੀ ਪ੍ਰਾਪਤ ਕਰਨਾ ਹੋਵੇ।

ਸੋ ਗ਼ਦਰ ਪਾਰਟੀ ਨੂੰ ਬਣਾਉਣ ਵਿਚ ਬੰਤਾ ਸਿੰਘ ਸੰਘਵਾਲ ਦਾ ਅਹਿਮ ਰੋਲ ਰਿਹਾ। ਉਸ ਸਮੇਂ ਇਨ੍ਹਾਂ ਨੂੰ ਪਾਰਟੀ ਦੇ ਮੁਢਲੇ ਮੈਂਬਰਾਂ ਵਿਚ ਲਿਆ ਗਿਆ। ਪਾਰਟੀ ਦੇ ਦਫ਼ਤਰ ਯੁਗਾਂਤਰ ਆਸ਼ਰਮ ਵਿਚ ਵਿਚਾਰਾਂ ਕਰਕੇ 'ਗ਼ਦਰ' ਅਖ਼ਬਾਰ ਕੱਢਣ ਦਾ ਫ਼ੈਸਲਾ ਕੀਤਾ ਗਿਆ। ਅਖ਼ਬਾਰ ਵਿਚ ਬੜੀ ਅਨੋਖੀ ਇਸ਼ਤਿਹਾਰਬਾਜ਼ੀ ਕੀਤੀ ਜਾਂਦੀ ਸੀ ਕਿ ਲੋੜ ਹੈ ਗ਼ਦਰ ਵਾਸਤੇ ਹਿੰਮਤੀ ਅਤੇ ਸ਼ੇਰ ਦਿਲ ਸਿਪਾਹੀਆਂ ਦੀ, ਤਨਖ਼ਾਹ ਮਿਲੇਗੀ ਮੌਤ, ਇਨਾਮ ਮਿਲੇਗਾ ਸ਼ਹੀਦੀ, ਪੈਨਸ਼ਨ ਹੋਵੇਗੀ ਆਜ਼ਾਦੀ ਅਤੇ ਲੜਾਈ ਦਾ ਮੈਦਾਨ ਹੋਵੇਗਾ ਹਿੰਦੁਸਤਾਨ। ਇਸ ਤਰ੍ਹਾਂ ਜਦੋਂ ਗ਼ਦਰ ਲਹਿਰ ਨੇ ਅਮਰੀਕਾ ਵਿਚ ਰਹਿੰਦੇ ਹਿੰਦੁਸਤਾਨੀਆਂ ਨੂੰ ਤਨ, ਮਨ, ਧਨ ਵਾਰਨ ਦਾ ਸੱਦਾ ਦਿੱਤਾ ਤਾਂ ਬਾਬਾ ਸੋਹਣ ਸਿੰਘ ਭਕਨਾ ਆਪਣੀ ਜੀਵਨੀ 'ਮੇਰੀ ਰਾਮ ਕਹਾਣੀ' ਵਿਚ ਲਿਖਦੇ ਹਨ, 'ਆਪਣੇ ਦੇਸ਼ ਤੋਂ ਤਨ, ਮਨ, ਧਨ ਵਾਰ ਕੇ ਸੇਵਾ ਕਰਨ ਦਾ ਪ੍ਰਣ ਸਭ ਤੋਂ ਪਹਿਲਾਂ ਬੰਤਾ ਸਿੰਘ ਨੇ ਕੀਤਾ। ਭਾਈ ਬੰਤਾ ਸਿੰਘ ਦਾ ਨਾਂਅ ਖ਼ਾਸ ਹੈ, ਜਿਨ੍ਹਾਂ ਨੇ ਕਹਿਣੀ ਨੂੰ ਪੂਰਨ ਰੂਪ ਵਿਚ ਕਰਨੀ ਦੇ ਸੱਚੇ ਵਿਚ ਢਾਲ ਕੇ ਵਿਖਾਇਆ ਅਤੇ ਜਨਮ ਭੂਮੀ ਦੇ ਨਾਂਅ 'ਤੇ ਆਪਣਾ ਤਨ, ਮਨ, ਧਨ ਸਭ ਕੁਝ ਵਾਰ ਸੁੱਟਿਆ।' ਇਸ ਦੀ ਪ੍ਰੋੜ੍ਹਤਾ ਬਾਬਾ ਹਰਨਾਮ ਸਿੰਘ ਟੁੰਡੀਲਾਟ ਨੇ ਆਪਣੇ ਬਿਆਨਾਂ ਵਿਚ 'ਗ਼ਦਰ ਲਹਿਰ ਦੀ ਕਹਾਣੀ ਗ਼ਦਰੀ ਬਾਬਿਆਂ ਦੀ ਜ਼ਬਾਨੀ' ਵਿਚ ਕੀਤੀ ਹੈ ਕਿ ਦੇਸ਼ ਦੀ ਆਜ਼ਾਦੀ ਲਈ ਮਰ ਮਿਟਣ ਲਈ ਜਦੋਂ ਨਾਂਅ ਲਿਖਵਾਉਣ ਲੱਗੇ ਤਾਂ ਸਾਰਿਆਂ ਤੋਂ ਪਹਿਲਾਂ ਸਾਥੀ ਬੰਤਾ ਸਿੰਘ ਸੰਘਵਾਲ ਜ਼ਿਲ੍ਹਾ ਜਲੰਧਰ ਨੇ ਆਪਣਾ ਨਾਂਅ ਦਫ਼ਤਰ ਵਿਚ ਇਸ ਸੰਬੰਧੀ ਕੰਮ ਕਰਨ ਲਈ ਪੇਸ਼ ਕੀਤਾ। ਫਿਰ ਉਨ੍ਹਾਂ ਨੇ ਵੀ ਵਲੰਟੀਅਰ ਵਜੋਂ ਕੰਮ ਕਰਨ ਲਈ ਆਪਣਾ ਨਾਂਅ ਲਿਖਵਾਇਆ।
ਇਸ ਬਾਰੇ ਬਾਬਾ ਸੋਹਣ ਸਿੰਘ ਭਕਨਾ, ਗੁਰਚਰਨ ਸਿੰਘ ਸਹਿੰਸਰਾ ਦੀ ਕਿਤਾਬ ਗ਼ਦਰ ਪਾਰਟੀ ਦਾ ਇਤਿਹਾਸ ਵਿਚ ਬਿਆਨ ਕਰਦੇ ਹਨ ਕਿ ਬਲਵੰਤ ਸਿੰਘ, ਜਿਸ ਦਾ ਦੂਜਾ ਨਾਂਅ ਬੰਤਾ ਸਿੰਘ ਨੂੰ ਪੰਜਾਬ ਭੇਜਿਆ ਗਿਆ ਕਿ ਉਥੇ ਜਾ ਕੇ ਹਾਲਤ ਨੂੰ ਵੇਖੇ, ਪਾਰਟੀ ਦਾ ਕੰਮ ਸ਼ੁਰੂ ਕਰੇ ਅਤੇ ਇਸ ਦੀ ਰਿਪੋਰਟ ਯੁਗਾਂਤਰ ਆਸ਼ਰਮ ਨੂੰ ਭੇਜੇ, ਕਿ ਪਾਰਟੀ ਨੂੰ ਕਿਸ ਤਰ੍ਹਾਂ ਕੰਮ ਚਲਾਉਣਾ ਚਾਹੀਦਾ ਹੈ? ਬੰਤਾ ਸਿੰਘ ਸੰਘਵਾਲ ਨੇ ਛਤਰੀਆਂ ਰਾਹੀਂ ਗ਼ਦਰ ਗੂੰਜ ਵੰਡ ਕੇ ਅਤੇ ਆਪਣੇ ਲੈਕਚਰਾਂ ਰਾਹੀਂ ਲੋਕਾਂ ਵਿਚ ਕੌਮੀ ਜਜ਼ਬਾ ਭਰਨਾ ਸ਼ੁਰੂ ਕਰ ਦਿੱਤਾ ਅਤੇ ਬਹੁਤ ਸਾਰੇ ਲੋਕ ਆਪਣੇ ਨਾਲ ਜੋੜ ਲਏ ਅਤੇ ਰਾਤ-ਦਿਨ ਇਕ ਕਰ ਕੇ ਜੋ ਵਹਿਣ ਲੋਕਾਂ ਦਾ ਇਧਰ ਮੋੜਿਆ, ਉਹ ਆਪਣੇ-ਆਪ ਵਿਚ ਇਕ ਮਿਸਾਲ ਹੈ। ਇਸ ਲਈ ਜੋ ਵੀ ਦੇਸ਼ ਭਗਤ ਬਾਹਰੋਂ ਆਉਂਦਾ ਜਾਂ ਭਾਰਤ ਵਿਚ ਦੇਸ਼ ਦੀ ਆਜ਼ਾਦੀ ਲਈ ਕੰਮ ਕਰਦਾ ਸੀ ਹਰ ਕੋਈ ਬੰਤਾ ਸਿੰਘ ਸੰਘਵਾਲ ਨੂੰ ਆ ਕੇ ਜ਼ਰੂਰ ਮਿਲਦਾ ਸੀ। ਸੋ ਉਸ ਦਾ ਘਰ ਦੇਸ਼ ਭਗਤ ਗ਼ਦਰੀ ਬਾਬਿਆਂ ਦਾ ਕੇਂਦਰ ਬਣ ਗਿਆ। ਇਸ ਬਾਰੇ ਗੁਰਚਰਨ ਸਿੰਘ ਸਹਿੰਸਰਾ ਨੇ ਆਪਣੀ ਪੁਸਤਕ ਵਿਚ ਲਿਖਿਆ ਹੈ ਕਿ ਮਾਝੇ ਵਿਚ ਸੁਰ ਸਿੰਘ, ਮਾਲਵੇ ਵਿਚ ਢੁੱਡੀਕੇ ਅਤੇ ਦੁਆਬੇ ਵਿਚ ਪਿੰਡ ਸੰਘਵਾਲ ਗ਼ਦਰੀ ਬਾਬਿਆਂ ਦਾ ਕੇਂਦਰ ਸੀ। ਪਿੰਡ ਸੰਘਵਾਲ ਦੇ ਲੋਕਾਂ ਦੀ ਏਕਤਾ ਮਿਸਾਲ ਸਨ, ਕਿਸੇ ਦੀ ਜੁਰਅਤ ਨਹੀਂ ਸੀ ਕਿ ਉਹ ਪੁਲਿਸ ਕੋਲ ਜਾ ਕੇ ਚੁਗਲੀ ਲਾਵੇ। ਇਸ ਲਈ ਬੜੀ ਨਿਡਰਤਾ ਨਾਲ ਸਾਰੇ ਦੇਸ਼ ਭਗਤ ਇਥੇ ਮੀਟਿੰਗਾਂ ਕਰਦੇ ਸਨ। ਬੰਤਾ ਸਿੰਘ ਨੇ ਜੋਸ਼ ਭਰੇ ਲੈਕਚਰਾਂ ਨਾਲ ਆਪਣੇ ਪਿੰਡ ਅਤੇ ਆਲੇ-ਦੁਆਲੇ ਸਾਰੇ ਦੁਆਬੇ, ਅਤੇ ਪੂਰੇ ਪੰਜਾਬ ਵਿਚ ਲੋਕਾਂ ਨੂੰ ਵੱਧ ਤੋਂ ਵੱਧ ਆਪਣੇ ਨਾਲ ਤੋਰ ਲਿਆ ਸੀ। ਪਿੰਡ ਦੇ ਹੀ ਸ਼ਹੀਦ ਅਰੂੜ ਸਿੰਘ, ਗੁਪਾਲ ਸਿੰਘ, ਸੰਤਾ ਸਿੰਘ ਅਤੇ ਲੱਭੂ ਇਨ੍ਹਾਂ ਦੇ ਨਾਲ ਤੁਰ ਪਏ ਸਨ। ਸਾਰੇ ਹਿੰਦੁਸਤਾਨ ਵਿਚੋਂ ਦੇਸ਼ ਭਗਤ ਇਥੇ ਅਕਸਰ ਆਉਂਦੇ ਸਨ। ਇਥੇ ਆ ਕੇ ਗ਼ਦਰ ਲਈ ਸਕੀਮਾਂ ਬਣਾਈਆਂ ਜਾਂਦੀਆਂ ਸਨ। ਬੰਤਾ ਸਿੰਘ ਨੇ ਆਪਣੀ ਜਾਨ ਤਲੀ ਉੱਪਰ ਰੱਖ ਕੇ ਬੇਸ਼ੁਮਾਰ ਇਨਕਲਾਬੀ ਸਰਗਰਮੀਆਂ ਰਾਹੀਂ ਅੰਗਰੇਜ਼ ਸਰਕਾਰ ਦੇ ਨੱਕ ਵਿਚ ਦਮ ਕਰ ਦਿੱਤਾ ਤਾਂ ਇਨ੍ਹਾਂ ਦੀ ਗ੍ਰਿਫ਼ਤਾਰੀ ਦਾ ਦੋ ਮੁਰੱਬੇ ਅਤੇ 5000 ਰੁਪਏ ਇਨਾਮ ਰੱਖਿਆ ਗਿਆ। ਇਨ੍ਹਾਂ ਦੇ ਪਰਿਵਾਰ ਨੂੰ ਨਜ਼ਰਬੰਦ ਕਰ ਦਿੱਤਾ ਗਿਆ। ਪੁਲਿਸ ਚੌਕੀ ਬਣਾ ਦਿੱਤੀ। ਸੱਤ ਸਾਲ ਪੁਲਿਸ ਦਾ ਪਹਿਰਾ ਰਿਹਾ। ਪਰ ਇਨ੍ਹਾਂ ਦੇ ਹੀ ਇਕ ਲਾਲਚੀ ਰਿਸ਼ਤੇਦਾਰ ਨੇ ਇਨਾਮ ਲਈ ਧੋਖੇ ਨਾਲ ਬੰਤਾ ਸਿੰਘ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ ਅਤੇ 25 ਸਾਲ ਦੀ ਉਮਰ ਵਿਚ 12 ਅਗਸਤ, 1915 ਨੂੰ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈ। ਪਰ ਉਨ੍ਹਾਂ ਦੀ ਸ਼ਹਾਦਤ ਅਤੇ ਕਾਰਨਾਮਿਆਂ ਨੇ ਅੰਗਰੇਜ਼ੀ ਹਕੂਮਤ ਦੇ ਵਿਰੁੱਧ ਲੋਕਾਂ ਦੇ ਦਿਲਾਂ ਵਿਚ ਜੋ ਰੋਹ ਭਰ ਦਿੱਤਾ ਸੀ ਉਹ ਆਜ਼ਾਦੀ ਦੇ ਸੰਗਰਾਮ ਵਿਚ ਕਾਰਗਰ ਸਿੱਧ ਹੋਇਆ। ਇਹ ਬਹੁਤ ਵੱਡੀ ਦੇਣ ਸੀ ਬੰਤਾ ਸਿੰਘ ਸੰਘਵਾਲ ਦੀ।  ਪਰ ਗੱਲ ਇਥੇ ਹੀ ਖ਼ਤਮ ਨਹੀਂ ਹੋਈ।
ਗ਼ਦਰੀ ਬਾਬਿਆਂ ਤੋਂ ਬਾਅਦ ਦੁਆਬੇ ਵਿਚ ਬੱਬਰ ਅਕਾਲੀਆਂ ਦੀ ਲਹਿਰ ਸ਼ੁਰੂ ਹੋ ਗਈ ਅਤੇ ਉਸ ਲਈ ਵੀ ਪਰਿਵਾਰ ਨੇ ਡਟ ਕੇ ਉਸ ਦਾ ਸਾਥ ਦਿੱਤਾ। ਬੰਤਾ ਸਿੰਘ ਦੇ ਘਰ ਅਤੇ ਖੂਹ ਉੱਪਰ ਅਕਸਰ ਬੱਬਰ ਅਕਾਲੀਆਂ ਦੀਆਂ ਮੀਟਿੰਗਾਂ ਹੁੰਦੀਆਂ ਸਨ। ਬੰਤਾ ਸਿੰਘ ਦੇ ਪਰਿਵਾਰ ਵਲੋਂ ਰੋਟੀ ਪਾਣੀ ਦੀ ਉਨ੍ਹਾਂ ਦੀ ਸੇਵਾ ਬੜੀ ਤਨਦੇਹੀ ਨਾਲ ਕੀਤੀ ਜਾਂਦੀ ਸੀ। ਬੰਤਾ ਸਿੰਘ ਸੰਘਵਾਲ ਦੇ ਬੱਚੇ ਬਖਸ਼ੀਸ਼ ਸਿੰਘ ਤੇ ਅਜੀਤ ਸਿੰਘ ਖ਼ਾਸ ਤੌਰ 'ਤੇ ਉਨ੍ਹਾਂ ਤੋਂ ਪ੍ਰਭਾਵਿਤ ਸਨ। ਬੰਤਾ ਸਿੰਘ ਸੰਘਵਾਲ ਦੇ 1913 ਵਿਚ ਸੰਘਵਾਲ ਆਉਣ ਤੋਂ ਲੈ ਕੇ 1947 ਤੱਕ ਪਰਿਵਾਰ ਦੇ 13 ਮੈਂਬਰਾਂ ਨੇ ਅਕਹਿ ਅਤੇ ਅਸਹਿ ਕਸ਼ਟ ਝੱਲੇ। ਪਰ ਆਜ਼ਾਦੀ ਤੋਂ ਬਾਅਦ ਵੀ ਪਰਿਵਾਰ ਨੇ ਸਰਕਾਰ ਕੋਲੋਂ ਨਾ ਕੋਈ ਮੁਰੱਬੇ ਨਾ ਪੈਨਸ਼ਨ ਅਤੇ ਨਾ ਹੀ ਕੋਈ ਨੌਕਰੀ ਲਈ, ਸਗੋਂ ਜਦੋਂ ਸਰਕਾਰ ਵਲੋਂ ਮੁਰੱਬੇ ਪੇਸ਼ ਕੀਤੇ ਗਏ ਤਾਂ ਪਰਿਵਾਰ ਨੇ ਕਿਹਾ ਕਿ ਬੰਤਾ ਸਿੰਘ ਇਸ ਪਰਿਵਾਰ ਦਾ ਹੀ ਨਹੀਂ ਸਗੋਂ ਸਾਰੇ ਹਿੰਦੁਸਤਾਨ ਦਾ ਨੌਜਵਾਨ ਯੋਧਾ ਹੈ। ਜਿਸ ਨੇ ਆਪਣਾ ਆਰਾਮ, ਆਪਣਾ ਸੁਖ ਅਤੇ ਸ਼ਾਹੀ ਠਾਠ ਛੱਡ ਕੇ ਭਰ ਜਵਾਨੀ ਵਿਚ ਆਪਣੇ ਪਰਿਵਾਰ, ਆਪਣੀ ਜਾਇਦਾਦ ਅਤੇ ਆਪਣੇ ਛੋਟੇ-ਛੋਟੇ ਬੱਚਿਆਂ ਦੀ ਪਰਵਾਹ ਕੀਤੇ ਬਿਨਾਂ ਜਿਸ ਦ੍ਰਿੜ੍ਹਤਾ, ਹੌਸਲੇ, ਜੋਸ਼ ਅਤੇ ਸਿਦਕਦਿਲੀ ਨਾਲ ਆਪਣਾ ਜੀਵਨ ਵਾਰਿਆ, ਉਸ ਨਾਲ ਉਨ੍ਹਾਂ ਨੇ ਇਕ ਅਨੂਠੀ ਮਿਸਾਲ ਕਾਇਮ ਕਰ ਦਿੱਤੀ ਸੀ।
ਸ਼ਹੀਦ ਬੰਤਾ ਸਿੰਘ ਸੰਘਵਾਲ ਵੈਲਫੇਅਰ ਟਰੱਸਟ ਉਨ੍ਹਾਂ ਦੀ ਯਾਦ ਨੂੰ ਕਾਇਮ ਰੱਖਣ ਅਤੇ ਉਨ੍ਹਾਂ ਦੇ ਇਤਿਹਾਸ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਨਿਰੰਤਰ ਯਤਨਸ਼ੀਲ ਹੈ। ਇਸ ਵਿਚ ਸਵਰਗਵਾਸੀ ਡਾ. ਜੀ.ਐਸ. ਗਿੱਲ ਤੇ ਉਨ੍ਹਾਂ ਦੇ ਪਰਿਵਾਰ ਦਾ ਵੱਡਾ ਯੋਗਦਾਨ ਰਿਹਾ ਹੈ।

-ਪੋਤਰੀ ਸ਼ਹੀਦ ਬੰਤਾ ਸਿੰਘ ਸੰਘਵਾਲ
ਮੋਬਾਈਲ : 98140-62341

Ad Position 22
No active advertisement
ਪਿਛਲੀ ਖ਼ਬਰ ਨਾਗਰਿਕਾਂ ਦਾ ਬੁਨਿਆਦੀ ਅਧਿਕਾਰ ਹੈ ਸਿੱਖਿਆ ਅਗਲੀ ਖ਼ਬਰ ਕਿਸਾਨੀ ਲਈ ਖ਼ੁਸ਼ਹਾਲੀ ਲਿਆ ਸਕਦਾ ਹੈ ਈਥਾਨੌਲ-20
Ad Position 24