11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਇਜਲਾਸ ਦਾ ਹਾਸਿਲ

ਇਜਲਾਸ ਦਾ ਹਾਸਿਲ

Ad Position 21
No active advertisement
ਅਜੀਤ ਡੈਸਕ 12-08-2026

ਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਇਸ ਕਰਕੇ ਵੀ ਮਹੱਤਵਪੂਰਨ ਕਿਹਾ ਜਾ ਸਕਦਾ ਹੈ, ਕਿਉਂਕਿ ਅਮਲੀ ਰੂਪ ਵਿਚ ਸੂਬਾ ਸਰਕਾਰ ਦਾ ਇਹ ਆਖ਼ਰੀ ਸੈਸ਼ਨ ਹੋ ਸਕਦਾ ਹੈ। ਇਹ ਇਜਲਾਸ ਬਹੁਤ ਲੰਮਾ ਨਹੀਂ ਸੀ ਪਰ ਇਸ ਵਿਚ ਕਈ ਮਹੱਤਵਪੂਰਨ ਬਿੱਲ ਪਾਸ ਹੋਏ ਤੇ ਕਈ ਅਹਿਮ ਮਤੇ ਵੀ ਪਾਸ ਕੀਤੇ ਗਏ। ਇਸ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ ਵਧੇਰੇ ਹੈ। ਦੂਸਰੀ ਪਾਰਟੀ ਕਾਂਗਰਸ ਦੇ 16 ਵਿਧਾਇਕ ਹਨ। ਇਸ ਤੋਂ ਇਲਾਵਾ ਅਕਾਲੀ ਦਲ ਅਤੇ ਭਾਜਪਾ ਦੇ ਵਿਧਾਇਕਾਂ ਦੀ ਗਿਣਤੀ ਨਾਮਾਤਰ ਹੀ ਕਹੀ ਜਾ ਸਕਦੀ ਹੈ। ਸਰਕਾਰ ਦੇ ਕਾਰਜਕਾਲ ਦੀ ਸ਼ੁਰੂਆਤ ਤੋਂ ਹੀ ਵਿਧਾਨ ਸਭਾ ਇਜਲਾਸਾਂ ਵਿਚ ਸਰਕਾਰ ਦਾ ਪੱਲੜਾ ਭਾਰੀ ਰਿਹਾ ਹੈ ਪਰ ਵਿਰੋਧੀ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਕਾਰਗੁਜ਼ਾਰੀ ਵੀ ਪੂਰੀ ਤਰ੍ਹਾਂ ਰੜਕਦੀ ਰਹੀ ਹੈ, ਜਿਨ੍ਹਾਂ ਨੇ ਅਕਸਰ ਵੱਖ-ਵੱਖ ਮੁੱਦੇ ਉਠਾ ਕੇ ਲੋਕਾਂ ਦਾ ਧਿਆਨ ਖਿੱਚਿਆ ਹੈ। ਪਰ ਸਰਕਾਰ ਦੇ ਨੁਮਾਇੰਦੇ ਬਹੁਗਿਣਤੀ ਵਿਚ ਹੋਣ ਕਾਰਨ ਉਸ ਨੂੰ ਬਿੱਲ ਪਾਸ ਕਰਵਾਉਣ ਵਿਚ ਬਹੁਤੀ ਮੁਸ਼ਕਿਲ ਪੇਸ਼ ਨਹੀਂ ਆਈ। ਇਸ ਲਈ ਵੀ, ਕਿਉਂਕਿ ਵਿਰੋਧੀ ਦਲਾਂ ਦੇ ਵਿਧਾਇਕ ਬਹਿਸ ਤੋਂ ਬਾਅਦ ਅਕਸਰ ਵਾਕਆਊਟ ਹੀ ਕਰਦੇ ਰਹੇ ਹਨ।

ਇਸ ਇਜਲਾਸ ਦੇ ਆਖ਼ਰੀ ਦਿਨ ਕਾਹਲੀ ਵਿਚ 9 ਬਿੱਲ ਪਾਸ ਕਰਵਾਏ ਗਏ, ਜਿਨ੍ਹਾਂ ਵਿਚ ਨਿੱਜੀ ਸਕੂਲਾਂ ਨੂੰ ਸਾਲ ਵਿਚ ਪੰਜ ਫ਼ੀਸਦੀ ਤੋਂ ਵੱਧ ਫ਼ੀਸ ਵਧਾਉਣ ਤੋਂ ਰੋਕਣ ਸੰਬੰਧੀ ਬਿੱਲ ਵੀ ਸ਼ਾਮਿਲ ਸੀ ਅਤੇ ਆਊਟ ਸੋਰਸ ਠੇਕੇਦਾਰੀ ਮੁਲਾਜ਼ਮਾਂ ਨੂੰ ਸਿੱਧਾ ਸਰਕਾਰੀ ਠੇਕੇਦਾਰੀ ਅਧੀਨ ਲਿਆਉਣ ਸੰਬੰਧੀ ਬਿੱਲ ਵੀ ਸ਼ਾਮਿਲ ਸੀ। ਇਸ ਤੋਂ ਇਲਾਵਾ ਪੇਸ਼ ਕੀਤੇ ਤਿੰਨ ਹੋਰ ਬਿੱਲਾਂ ਬਾਰੇ ਕਾਂਗਰਸੀ ਵਿਧਾਇਕਾਂ ਵਲੋਂ ਇਸ ਲਈ ਵੱਡਾ ਵਿਰੋਧ ਜਤਾਇਆ ਗਿਆ, ਕਿਉਂਕਿ ਇਨ੍ਹਾਂ ਬਿੱਲਾਂ ਦੇ ਵਿਸਥਾਰ ਬਾਰੇ ਸਮੇਂ ਸਿਰ ਵਿਧਾਇਕਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਸ. ਬਾਜਵਾ ਅਤੇ ਸੁਖਪਾਲ ਸਿੰਘ ਖਹਿਰਾ ਨੇ ਇਨ੍ਹਾਂ ਦਾ ਇਸ ਲਈ ਵੱਡਾ ਵਿਰੋਧ ਕੀਤਾ ਕਿ ਜੋ ਬਿੱਲ ਪੇਸ਼ ਹੋਏ ਹਨ, ਉਨ੍ਹਾਂ ਸੰਬੰਧੀ ਵਿਧਾਇਕਾਂ ਨੂੰ ਪਹਿਲਾਂ ਜਾਣਕਾਰੀ ਨਹੀਂ ਦਿੱਤੀ ਗਈ, ਜਿਸ 'ਤੇ ਰਸਮੀ ਤੌਰ 'ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਰਕਾਰ ਨੂੰ ਇਹ ਹਦਾਇਤ ਕੀਤੀ ਕਿ ਵਿਚਾਰ-ਵਟਾਂਦਰੇ ਤੋਂ ਘੱਟੋ-ਘੱਟ 15 ਦਿਨ ਪਹਿਲਾਂ ਬਿੱਲ ਸਦਨ ਵਿਚ ਪੇਸ਼ ਕੀਤੇ ਜਾਣੇ ਚਾਹੀਦੇ ਹਨ, ਤਾਂ ਜੋ ਸਾਰੇ ਮੈਂਬਰਾਂ ਵਲੋਂ ਪੂਰੀ ਜਾਣਕਾਰੀ ਲੈ ਕੇ ਬਹਿਸ ਕੀਤੀ ਜਾ ਸਕੇ। ਆਪੋ-ਆਪਣੇ ਢੰਗ ਨਾਲ ਸਰਕਾਰੀ ਧਿਰ ਦੇ ਮੈਂਬਰਾਂ ਵਲੋਂ ਪਿਛਲੇ ਸਮੇਂ ਦੀਆਂ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਅਜਿਹੇ ਸੈਸ਼ਨਾਂ ਵਿਚ ਗਿਨਾਉਣ ਦਾ ਯਤਨ ਕੀਤਾ ਗਿਆ। ਇਨ੍ਹਾਂ ਵਿਚ ਔਰਤਾਂ ਨੂੰ ਦਿੱਤੀ ਗਈ ਮਹੀਨਾਵਾਰ ਰਾਸ਼ੀ ਵੀ ਸ਼ਾਮਿਲ ਸੀ ਅਤੇ ਸਰਕਾਰ ਵਲੋਂ ਟੇਲਾਂ ਤੱਕ ਪਾਣੀ ਪਹੁੰਚਾਉਣ ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ ਗਈ ਸੀ। ਕੱਸੀਆਂ ਅਤੇ ਖਾਲਿਆਂ ਨੂੰ ਦੁਬਾਰਾ ਸ਼ੁਰੂ ਕਰਨ ਨਾਲ ਬਿਨਾਂ ਸ਼ੱਕ ਧਰਤੀ ਹੇਠਲੇ ਪਾਣੀ ਦੀ ਬੱਚਤ ਹੋ ਰਹੀ ਹੈ। ਵਿਰੋਧੀ ਧਿਰ ਨੇ ਅਮਨ-ਕਾਨੂੰਨ ਦੀ ਸਥਿਤੀ ਅਤੇ ਨਸ਼ਿਆਂ ਦੇ ਵਰਤਾਰੇ ਬਾਰੇ ਸਰਕਾਰ ਨੂੰ ਜ਼ਰੂਰ ਵਾਰ-ਵਾਰ ਘੇਰਨ ਦਾ ਯਤਨ ਕੀਤਾ, ਜਿਸ ਦੇ ਪ੍ਰਤੀਕਰਮ ਵਜੋਂ ਸਰਕਾਰ ਨੇ ਇਨ੍ਹਾਂ ਖੇਤਰਾਂ ਵਿਚ ਆਪਣੇ ਕੀਤੇ ਕੰਮਾਂ ਦਾ ਵਿਸਥਾਰਤ ਰੂਪ ਵਿਚ ਵੇਰਵਾ ਦਿੱਤਾ ਅਤੇ ਅਮਲੀ ਰੂਪ ਵਿਚ ਹਾਸਿਲ ਕੀਤੀਆਂ ਆਪਣੀਆਂ ਪ੍ਰਾਪਤੀਆਂ ਨੂੰ ਵੀ ਗਿਣਾਇਆ। ਚਾਹੇ ਇਸ ਸੈਸ਼ਨ ਦੇ ਲੋਕ ਮਨਾਂ ਵਿਚ ਪ੍ਰਭਾਵ ਕੁਝ ਵੀ ਰਹੇ ਹੋਣ ਪਰ ਇਹ ਗੱਲ ਦਿਲਚਸਪੀ ਵਾਲੀ ਜ਼ਰੂਰ ਕਹੀ ਜਾ ਸਕਦੀ ਹੈ ਕਿ ਇਸ ਵਿਚ ਸਾਰੀਆਂ ਹੀ ਧਿਰਾਂ ਦੇ ਬਹੁਤੇ ਵਿਧਾਇਕਾਂ ਅਤੇ ਵਜ਼ੀਰਾਂ ਨੇ ਪੂਰੀ ਦਿਲਚਸਪੀ ਦਿਖਾਈ।
ਹਰਜੋਤ ਸਿੰਘ ਬੈਂਸ ਵਲੋਂ ਸਿੱਖਿਆ ਦੇ ਖੇਤਰ ਵਿਚ ਦੇਸ਼ ਦਾ ਮੋਹਰੀ ਸੂਬਾ ਬਣਨ ਅਤੇ ਇਸ ਲਈ ਕੀਤੇ ਕੰਮਾਂ ਨੂੰ ਸਰਕਾਰ ਦੀਆਂ ਵੱਡੀਆਂ ਪ੍ਰਾਪਤੀਆਂ ਵਜੋਂ ਦਰਜ ਕੀਤਾ। ਅੱਜ ਸੂਬੇ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਜ਼ਰੂਰ ਮੂੰਹ ਅੱਡੀ ਖੜ੍ਹੀ ਹੈ, ਜਿਸ ਦੇ ਜੁਆਬ ਵਿਚ ਸਰਕਾਰ ਨੇ ਇਹ ਦਾਅਵਾ ਕੀਤਾ ਹੈ ਕਿ ਪਿਛਲੇ ਸਾਢੇ 4 ਸਾਲਾਂ ਵਿਚ ਉਸ ਵਲੋਂ 68,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਸਰਕਾਰ ਵਲੋਂ ਸਿਹਤ ਬੀਮਾ ਯੋਜਨਾ ਨੂੰ ਲਾਗੂ ਕਰਨ ਨੂੰ ਵੀ ਆਪਣੀ ਵੱਡੀ ਪ੍ਰਾਪਤੀ ਦੱਸਿਆ ਗਿਆ। ਪਰ ਆਉਂਦੇ ਸਮੇਂ ਵਿਚ ਇਸ ਰਾਹੀਂ ਆਮ ਲੋਕਾਂ ਨੂੰ ਕਿੰਨਾ ਕੁ ਲਾਭ ਮਿਲਦਾ ਹੈ, ਇਸ ਤੋਂ ਹੀ ਸਰਕਾਰ ਦੀ ਆਮ ਪ੍ਰਾਪਤੀ ਮੰਨੀ ਜਾਏਗੀ। ਬਿਨਾਂ ਸ਼ੱਕ ਸੂਬੇ ਸਾਹਮਣੇ ਹਾਲੇ ਅਨੇਕਾਂ ਅਨੇਕ ਹੋਰ ਸਮੱਸਿਆਵਾਂ ਖੜ੍ਹੀਆਂ ਨਜ਼ਰ ਆਉਂਦੀਆਂ ਹਨ, ਜਿਨ੍ਹਾਂ 'ਤੇ ਆਬੂਰ ਹਾਸਿਲ ਕਰਨ ਲਈ ਰਹਿੰਦੇ ਸਮੇਂ ਵਿਚ ਸਰਕਾਰ ਨੂੰ ਵੱਡੇ ਯਤਨਾਂ ਦੀ ਜ਼ਰੂਰਤ ਹੋਵੇਗੀ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ 12-08-2026 ਅਗਲੀ ਖ਼ਬਰ ਨਾਗਰਿਕਾਂ ਦਾ ਬੁਨਿਆਦੀ ਅਧਿਕਾਰ ਹੈ ਸਿੱਖਿਆ
Ad Position 24