ਡਿਜੀਟਲ ਕ੍ਰਾਂਤੀ ਨੇ ਦੁਨੀਆ ਨੂੰ ਇਕ ਕਲਿੱਕ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਮੋਬਾਈਲ ਫ਼ੋਨ ਹੁਣ ਸਿਰਫ਼ ਗੱਲਬਾਤ ਦਾ ਸਾਧਨ ਨਹੀਂ ਰਿਹਾ, ਸਗੋਂ ਸਿੱਖਿਆ, ਕਾਰੋਬਾਰ, ਬੈਂਕਿੰਗ, ਮਨੋਰੰਜਨ ਅਤੇ ਸਮਾਜਿਕ ਸੰਪਰਕ ਦਾ ਅਹਿਮ ਸਾਧਨ ਬਣ ਗਿਆ ਹੈ, ਪਰ ਤਕਨੀਕ ਦੀ ਇਹ ਸਹੂਲਤ ਹੌਲ਼ੀ-ਹੌਲ਼ੀ ਇਕ ਵੱਡੀ ਸਮਾਜਿਕ ਚੁਣੌਤੀ ਬਣਦੀ ਜਾ ਰਹੀ ਹੈ। ਸਭ ਤੋਂ ਵੱਧ ਚਿੰਤਾ ਦੀ ਗੱਲ ਇਹ ਹੈ ਕਿ ਮੋਬਾਈਲ ਦੀ ਅੰਨ੍ਹੇਵਾਹ ਵਰਤੋਂ ਨੇ ਬੱਚਿਆਂ ਦੇ ਬਚਪਨ, ਸਿਹਤ ਅਤੇ ਮਾਨਸਿਕ ਵਿਕਾਸ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਘਰਾਂ 'ਚ ਰੋਂਦੇ ਬੱਚੇ ਨੂੰ ਚੁੱਪ ਕਰਵਾਉਣ ਲਈ ਮੋਬਾਈਲ ਫੜਾ ਦਿੱਤਾ ਜਾਂਦਾ ਹੈ, ਖਾਣਾ ਖੁਆਉਣ ਲਈ ਕਾਰਟੂਨ ਚਲਾ ਦਿੱਤੇ ਜਾਂਦੇ ਹਨ ਅਤੇ ਵਿਹਲਾ ਸਮਾਂ ਗੇਮਾਂ ਜਾਂ ਸੋਸ਼ਲ ਮੀਡੀਆ ਦੀ ਭੇਟ ਚੜ੍ਹ ਰਿਹਾ ਹੈ। ਹੌਲ਼ੀ-ਹੌਲ਼ੀ ਇਹ ਸਹੂਲਤ ਆਦਤ ਤੇ ਆਦਤ ਲਤ ਵਿਚ ਬਦਲ ਰਹੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਅਤੇ ਹੋਰ ਅੰਤਰਰਾਸ਼ਟਰੀ ਅਧਿਐਨਾਂ ਨੇ ਵੀ ਇਸ ਰੁਝਾਨ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਕਰਾਰ ਦਿੱਤਾ ਹੈ। ਤਾਜ਼ਾ ਅੰਕੜਿਆਂ ਅਨੁਸਾਰ 11 ਫ਼ੀਸਦੀ ਤੋਂ ਵੱਧ ਕਿਸ਼ੋਰ ਸੋਸ਼ਲ ਮੀਡੀਆ ਦੀ ਅਜਿਹੀ ਲਤ ਦਾ ਸ਼ਿਕਾਰ ਹੋ ਚੁੱਕੇ ਹਨ। ਇਸੇ ਤਰ੍ਹਾਂ ਕਰੀਬ 12 ਫ਼ੀਸਦੀ ਬੱਚੇ ਆਨਲਾਈਨ ਗੇਮਿੰਗ ਦੀ ਲਤ ਦੇ ਗੰਭੀਰ ਜੋਖ਼ਮ ਹੇਠ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਥਿਤੀ ਆਉਣ ਵਾਲੇ ਸਮੇਂ ਵਿਚ ਇਕ ਵੱਡੀ ਜਨ ਸਿਹਤ ਸਮੱਸਿਆ ਬਣ ਸਕਦੀ ਹੈ।

ਬਾਲ ਰੋਗ ਮਾਹਿਰਾਂ ਅਤੇ ਮਨੋਵਿਗਿਆਨੀਆਂ ਅਨੁਸਾਰ ਲਗਾਤਾਰ ਸਕਰੀਨ ਸਾਹਮਣੇ ਬੈਠਣ ਕਾਰਨ ਬੱਚਿਆਂ ਦੀ ਨੀਂਦ ਪ੍ਰਭਾਵਿਤ ਹੋ ਰਹੀ ਹੈ। ਮੋਬਾਈਲ ਦੀ ਨੀਲੀ ਰੌਸ਼ਨੀ (ਬਲੂ ਲਾਈਟ) ਦਿਮਾਗ ਦੇ ਕੁਦਰਤੀ ਨੀਂਦ ਚੱਕਰ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਕਾਰਨ ਬੱਚਿਆਂ ਨੂੰ ਦੇਰ ਨਾਲ ਨੀਂਦ ਆਉਂਦੀ ਹੈ ਅਤੇ ਸਵੇਰੇ ਉੱਠਣ ਵਿਚ ਵੀ ਦਿੱਕਤ ਆਉਂਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸਕਰੀਨ 'ਤੇ ਲਗਾਤਾਰ ਸਮਾਂ ਬਿਤਾਉਣ ਨਾਲ ਬੱਚਿਆਂ ਵਿਚ ਚਿੜਚਿੜਾਪਣ, ਗੁੱਸਾ, ਚਿੰਤਾ, ਉਦਾਸੀ ਅਤੇ ਇਕੱਲੇਪਣ ਦੀ ਭਾਵਨਾ ਵੀ ਵਧ ਰਹੀ ਹੈ।
ਇਕ ਸਮਾਂ ਸੀ ਜਦੋਂ ਸ਼ਾਮ ਹੁੰਦੇ ਹੀ ਗਲੀਆਂ ਅਤੇ ਪਾਰਕਾਂ ਵਿਚ ਬੱਚਿਆਂ ਦੀਆਂ ਕਿਲਕਾਰੀਆਂ ਗੂੰਜਦੀਆਂ ਸਨ। ਕ੍ਰਿਕਟ, ਫੁੱਟਬਾਲ, ਕਬੱਡੀ, ਪਿੱਠੂ ਤੇ ਹੋਰ ਰਵਾਇਤੀ ਖੇਡਾਂ ਬਚਪਨ ਦੀ ਪਛਾਣ ਹੁੰਦੀਆਂ ਸਨ। ਅੱਜ ਇਨ੍ਹਾਂ ਦੀ ਥਾਂ ਆਨਲਾਈਨ ਗੇਮਾਂ ਨੇ ਲੈ ਲਈ ਹੈ। ਇਸ ਦਾ ਨਤੀਜਾ ਇਹ ਹੈ ਕਿ ਬੱਚਿਆਂ ਦੀ ਸਰੀਰਕ ਸਰਗਰਮੀ ਘਟ ਰਹੀ ਹੈ ਅਤੇ ਮੋਟਾਪਾ, ਕਮਜ਼ੋਰ ਨਜ਼ਰ, ਗਰਦਨ ਤੇ ਪਿੱਠ ਦਰਦ ਵਰਗੀਆਂ ਸਮੱਸਿਆਵਾਂ ਛੋਟੀ ਉਮਰ ਵਿਚ ਹੀ ਸਾਹਮਣੇ ਆ ਰਹੀਆਂ ਹਨ।
ਮੋਬਾਈਲ ਰਾਹੀਂ ਬੱਚਿਆਂ ਦੀ ਪਹੁੰਚ ਇੰਟਰਨੈਟ ਦੀ ਵਿਸ਼ਾਲ ਦੁਨੀਆ ਤੱਕ ਹੋ ਗਈ ਹੈ। ਇਸ ਨਾਲ ਉਨ੍ਹਾਂ ਨੂੰ ਸਿੱਖਣ ਦੇ ਮੌਕੇ ਤਾਂ ਮਿਲਦੇ ਹਨ, ਪਰ ਸਾਈਬਰ ਬੁਲਿੰਗ, ਫ਼ਰਜ਼ੀ ਜਾਣਕਾਰੀ, ਆਨਲਾਈਨ ਠੱਗੀ ਅਤੇ ਉਮਰ ਦੇ ਅਨੁਕੂਲ ਨਾ ਹੋਣ ਵਾਲੀ ਸਮੱਗਰੀ ਵਰਗੇ ਖ਼ਤਰੇ ਵੀ ਵਧੇ ਹਨ। ਮਾਹਿਰ ਮਾਪਿਆਂ ਨੂੰ ਸਲਾਹ ਦਿੰਦੇ ਹਨ ਕਿ ਉਹ ਬੱਚਿਆਂ ਦੀ ਡਿਜੀਟਲ ਸਰਗਰਮੀ 'ਤੇ ਨਜ਼ਰ ਰੱਖਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਇੰਟਰਨੈਟ ਵਰਤੋਂ ਬਾਰੇ ਜਾਣੂ ਕਰਵਾਉਣ। ਮਾਹਿਰਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖਣ ਦੀ ਸ਼ੁਰੂਆਤ ਘਰ ਤੋਂ ਹੀ ਹੋ ਸਕਦੀ ਹੈ। ਜੇ ਮਾਪੇ ਖੁਦ ਹਰ ਸਮੇਂ ਮੋਬਾਈਲ ਵਿਚ ਰੁੱਝੇ ਰਹਿਣਗੇ ਤਾਂ ਬੱਚਿਆਂ ਤੋਂ ਵੱਖਰੀ ਉਮੀਦ ਨਹੀਂ ਕੀਤੀ ਜਾ ਸਕਦੀ। ਇਸ ਲਈ ਪਰਿਵਾਰ ਵਿਚ ਹਰ ਰੋਜ਼ ਕੁਝ ਸਮਾਂ 'ਨੋ ਮੋਬਾਈਲ ਯੂਜ਼ ਟਾਈਮ' ਵਜੋਂ ਨਿਰਧਾਰਤ ਕੀਤਾ ਜਾਣਾ ਚਾਹੀਦਾ ਹੈ। ਖਾਣੇ ਵੇਲੇ, ਸੌਣ ਤੋਂ ਪਹਿਲਾਂ ਅਤੇ ਪਰਿਵਾਰਕ ਗੱਲਬਾਤ ਦੌਰਾਨ ਮੋਬਾਈਲ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਕਿਤਾਬਾਂ ਪੜ੍ਹਨ, ਸੰਗੀਤ, ਚਿੱਤਰਕਲਾ, ਖੇਡਾਂ, ਬਾਗਬਾਨੀ ਅਤੇ ਹੋਰ ਰਚਨਾਤਮਕ ਸਰਗਰਮੀਆਂ ਵੱਲ ਉਤਸ਼ਾਹਿਤ ਕਰਨ।
ਸਿੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਸਕੂਲਾਂ ਨੂੰ ਵੀ ਡਿਜੀਟਲ ਅਨੁਸ਼ਾਸਨ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਬੱਚਿਆਂ ਨੂੰ ਇਹ ਸਿਖਾਉਣਾ ਜ਼ਰੂਰੀ ਹੈ ਕਿ ਮੋਬਾਈਲ ਸਿੱਖਣ ਦਾ ਸਾਧਨ ਹੈ, ਪਰ ਇਸ ਦੀ ਵਰਤੋਂ ਸੀਮਤ ਤੇ ਉਦੇਸ਼ਪੂਰਕ ਹੋਣੀ ਚਾਹੀਦੀ ਹੈ। ਸਕੂਲਾਂ ਵਿਚ ਖੇਡਾਂ, ਪਾਠ ਪੁਸਤਕ, ਸੱਭਿਆਚਾਰਕ ਸਰਗਰਮੀਆਂ ਤੇ ਸਮਾਜਿਕ ਸਰਗਰਮੀਆਂ ਨੂੰ ਵਧੇਰੇ ਉਤਸ਼ਾਹ ਮਿਲਣਾ ਚਾਹੀਦਾ ਹੈ, ਤਾਂ ਜੋ ਬੱਚਿਆਂ ਦਾ ਧਿਆਨ ਸਕਰੀਨ ਤੋਂ ਹਟ ਕੇ ਰਚਨਾਤਮਕ ਕੰਮਾਂ ਵੱਲ ਜਾਵੇ। ਮਾਹਿਰ ਸਪੱਸ਼ਟ ਕਰਦੇ ਹਨ ਕਿ ਤਕਨਾਲੋਜੀ ਨੂੰ ਪੂਰੀ ਤਰ੍ਹਾਂ ਨਕਾਰਨਾ ਸੰਭਵ ਨਹੀਂ ਅਤੇ ਨਾ ਹੀ ਇਹ ਠੀਕ ਹੈ। ਲੋੜ ਇਸ ਗੱਲ ਦੀ ਹੈ ਕਿ ਬੱਚਿਆਂ ਨੂੰ ਤਕਨੀਕ ਦੀ ਸੰਤੁਲਿਤ ਤੇ ਜ਼ਿੰਮੇਵਾਰ ਵਰਤੋਂ ਸਿਖਾਈ ਜਾਵੇ। ਉਨ੍ਹਾਂ ਨੂੰ ਇਹ ਸਮਝਾਇਆ ਜਾਵੇ ਕਿ ਅਸਲ ਜ਼ਿੰਦਗੀ ਦੀਆਂ ਖੁਸ਼ੀਆਂ ਸਿਰਫ਼ ਮੋਬਾਈਲ ਦੀ ਸਕਰੀਨ ਵਿਚ ਨਹੀਂ, ਸਗੋਂ ਪਰਿਵਾਰ, ਦੋਸਤਾਂ, ਖੇਡਾਂ, ਕੁਦਰਤ ਅਤੇ ਕਿਤਾਬਾਂ ਨਾਲ ਜੁੜਨ ਵਿਚ ਹਨ। ਅੱਜ ਜਦੋਂ ਦੁਨੀਆ ਤੇਜ਼ੀ ਨਾਲ ਡਿਜੀਟਲ ਹੋ ਰਹੀ ਹੈ ਤਾਂ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਬੱਚਿਆਂ ਦੇ ਹੱਥਾਂ 'ਚ ਮੋਬਾਈਲ ਫ਼ੋਨ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਇਸ ਦੀ ਸਹੀ ਵਰਤੋਂ ਵੀ ਸਿਖਾਈ ਜਾਵੇ। ਸਮਾਜ, ਸਕੂਲ ਅਤੇ ਪਰਿਵਾਰਾਂ ਦੀ ਸਾਂਝੀ ਕੋਸ਼ਿਸ਼ ਹੀ ਆਉਣ ਵਾਲੀ ਪੀੜ੍ਹੀ ਨੂੰ ਡਿਜੀਟਲ ਲਤ ਤੋਂ ਬਚਾ ਸਕਦੀ ਹੈ। ਜੇ ਅੱਜ ਇਸ ਸਮੱਸਿਆ ਵੱਲ ਗੰਭੀਰਤਾ ਨਾਲ ਧਿਆਨ ਨਾ ਦਿੱਤਾ ਗਿਆ ਤਾਂ ਕੱਲ੍ਹ ਸਾਡੇ ਕੋਲ ਤਕਨੀਕ ਤਾਂ ਹੋਵੇਗੀ, ਪਰ ਸਿਹਤਮੰਦ ਬਚਪਨ, ਮਜ਼ਬੂਤ ਰਿਸ਼ਤੇ ਅਤੇ ਸੰਤੁਲਿਤ ਜੀਵਨ ਸ਼ੈਲੀ ਨੂੰ ਬਚਾਉਣਾ ਔਖਾ ਹੋ ਜਾਵੇਗਾ।
-ਚੰਡੀਗੜ੍ਹ। ਮੋਬਾਈਲ : 6283642114