ਹਾਈ ਕੋਰਟ ਵਲੋਂ ਪੀ.ਐਸ.ਆਰ.ਐਲ.ਐਮ. ਦੀ ਚੋਣ ਪ੍ਰਕਿਰਿਆ ’ਤੇ ਰੋਕ
ਅੰਕਾਂ ਦੀ ਵੰਡ ’ਚ ਪਹਿਲੀ ਨਜ਼ਰੇ ਗੜਬੜੀਆਂ
ਚੰਡੀਗੜ੍ਹ, 13 ਅਗਸਤ (ਸੰਦੀਪ ਕੁਮਾਰ ਮਾਹਨਾ)-ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ (ਪੀ. ਐਸ.
ਚੰਡੀਗੜ੍ਹ, 13 ਅਗਸਤ (ਸੰਦੀਪ ਕੁਮਾਰ ਮਾਹਨਾ)-ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ (ਪੀ.ਐਸ.ਆਰ.ਐਲ.ਐਮ.) ਤਹਿਤ ਚੱਲ ਰਹੀ ਚੋਣ ਪ੍ਰਕਿਰਿਆ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੱਡਾ ਝਟਕਾ ਦਿੰਦਿਆਂ ਅਗਲੇ ਹੁਕਮਾਂ ਤੱਕ ਇਸ ਸੰਬੰਧੀ ਕਾਰਵਾਈ ’ਤੇ ਰੋਕ ਲਗਾ ਦਿੱਤੀ ਹੈ। ਜਸਟਿਸ ਸੰਦੀਪ ਮੌਦਗਿਲ ਨੇ ਇਹ ਹੁਕਮ ਪ੍ਰੀਖਿਆ ’ਚ ਸ਼ਾਮਿਲ ਉਮੀਦਵਾਰਾਂ ਨੂੰ ਵੱਖ-ਵੱਖ ਮੱਦਾਂ ਤਹਿਤ ਅੰਕ ਦੇਣ ਦੇ ਤਰੀਕੇ ’ਚ ਪਹਿਲੀ ਨਜ਼ਰੇ ਕੁਝ ਗੜਬੜੀਆਂ ਤੇ ਅਸਪਸ਼ਟਤਾਵਾਂ ਸਾਹਮਣੇ ਆਉਣ ਤੋਂ ਬਾਅਦ ਦਿੱਤਾ। ਮਾਮਲੇ ਦੀ ਅਗਲੀ ਸੁਣਵਾਈ 2 ਸਤੰਬਰ ਨੂੰ ਹੋਵੇਗੀ।ਇਹ ਹੁਕਮ ਉਸ ਸਮੇਂ ਆਇਆ ਹੈ, ਜਦੋਂ ਜਸਟਿਸ ਮੌਦਗਿਲ ਵਲੋਂ ਕਰੀਬ ਦੋ ਹਫ਼ਤੇ ਪਹਿਲਾਂ ਹੀ ਪੂਰੀ ਚੋਣ ਪ੍ਰਕਿਰਿਆ ਦੀ ਸੁਤੰਤਰ ਅਤੇ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਗਏ ਸਨ। ਅਦਾਲਤ ਨੇ ਭਰਤੀ ਨਾਲ ਸੰਬੰਧਿਤ ਅਸਲ ਰਿਕਾਰਡ ਵੀ ਆਪਣੇ ਕਬਜ਼ੇ ’ਚ ਲੈਣ ਦੇ ਨਿਰਦੇਸ਼ ਦਿੱਤੇ ਸਨ। ਉਸ ਸਮੇਂ ਅਦਾਲਤ ਨੂੰ ਪਹਿਲੀ ਨਜ਼ਰੇ ਅਜਿਹੀ ਸਮਗਰੀ ਮਿਲੀ ਸੀ, ਜਿਸ ਤੋਂ ਸੰਕੇਤ ਮਿਲਦੇ ਸਨ ਕਿ ਭਰਤੀ ਦੌਰਾਨ ਇਸ਼ਤਿਹਾਰ ’ਚ ਨਿਰਧਾਰਿਤ ਚੋਣ ਮਾਪਦੰਡਾਂ ਦੀ ਪਾਲਣਾ ਨਹੀਂ ਕੀਤੀ ਗਈ ਹੋ ਸਕਦੀ।ਵੀਰਵਾਰ ਨੂੰ ਸੁਣਵਾਈ ਦੌਰਾਨ ਅਦਾਲਤ ਵਲੋਂ ਗਠਿਤ ਜਾਂਚ ਕਮੇਟੀ ਦੇ ਚੇਅਰਮੈਨ ਤੇ ਵਕੀਲ ਵਿਸ਼ਾਲ ਸ਼ਰਮਾ ਨੇ ਅਰਜ਼ੀ ਫ਼ਾਰਮਾਂ ਅਤੇ ਭਰਤੀ ਨਾਲ ਸੰਬੰਧਿਤ ਹੋਰ ਰਿਕਾਰਡ ਦੀ ਜਾਂਚ ਬਾਰੇ ਕਮੇਟੀ ਦੀ ਰਿਪੋਰਟ ਸੀਲਬੰਦ ਲਿਫ਼ਾਫ਼ੇ ’ਚ ਅਦਾਲਤ ਨੂੰ ਸੌਂਪੀ। ਰਿਪੋਰਟ ਦਾ ਜਾਇਜ਼ਾ ਲੈਣ ਉਪਰੰਤ ਜਸਟਿਸ ਮੌਦਗਿਲ ਨੇ ਕਿਹਾ ਕਿ ਵੱਖ-ਵੱਖ ਮੱਦਾਂ ਤਹਿਤ ਉਮੀਦਵਾਰਾਂ ਨੂੰ ਅੰਕ ਦੇਣ ਦੇ ਢੰਗ ’ਚ ਪਹਿਲੀ ਨਜ਼ਰੇ ਕੁਝ ਬੇਨਿਯਮੀਆਂ ਤੇ ਅਸਪਸ਼ਟਤਾਵਾਂ ਸਾਹਮਣੇ ਆਈਆਂ ਹਨ। ਇਸ ਲਈ ਅਗਲੀ ਸੁਣਵਾਈ ਤੱਕ ਚੋਣ ਪ੍ਰਕਿਰਿਆ ਨਾਲ ਸੰਬੰਧਿਤ ਅਗਲੀ ਕਾਰਵਾਈ ’ਤੇ ਰੋਕ ਰਹੇਗੀ।ਪਟੀਸ਼ਨਰਾਂ ਵਲੋਂ ਅਦਾਲਤ ਨੂੰ ਦੱਸਿਆ ਗਿਆ ਸੀ ਕਿ ਨਿਰਧਾਰਿਤ ਚੋਣ ਪ੍ਰਕਿਰਿਆ ਕੁੱਲ 100 ਅੰਕਾਂ ਦੀ ਸੀ। ਇਸ ’ਚ ਲਿਖਤੀ ਪ੍ਰੀਖਿਆ ਲਈ 70 ਅੰਕ ਰੱਖੇ ਗਏ ਸਨ, ਜਦਕਿ ਬਾਕੀ 30 ਅੰਕ ਇੰਟਰਵਿਊ, ਵਿਦਿਅਕ ਯੋਗਤਾ ਅਤੇ ਤਜਰਬੇ ਲਈ ਨਿਰਧਾਰਿਤ ਸਨ। ਦੋਸ਼ ਲਗਾਇਆ ਗਿਆ ਕਿ ਇਨ੍ਹਾਂ 30 ਅੰਕਾਂ ’ਚੋਂ ਉਮੀਦਵਾਰਾਂ ਨੂੰ ਵੱਖ-ਵੱਖ ਮੱਦਾਂ ਤਹਿਤ ਕਿੰਨੇ-ਕਿੰਨੇ ਅੰਕ ਦਿੱਤੇ ਗਏ, ਇਸ ਦਾ ਨਾ ਤਾਂ ਕੋਈ ਵੇਰਵਾ ਦਰਜ਼ ਕੀਤਾ ਗਿਆ ਅਤੇ ਨਾ ਹੀ ਉਮੀਦਵਾਰਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਅਦਾਲਤ ਨੇ ਚੋਣ ਪ੍ਰਕਿਰਿਆ ਦੀ ਅਗਲੀ ਕਾਰਵਾਈ ’ਤੇ 2 ਸਤੰਬਰ ਤੱਕ ਰੋਕ ਲਗਾ ਦਿੱਤੀ ਹੈ।