ਸੰਤ ਲੌਂਗੋਵਾਲ ਨੂੰ ਬਚਾਉਣ ਲਈ ਜਾਨ ਜੋਖ਼ਮ ’ਚ ਪਾਉਣ ਵਾਲੇ ਕਰਮਜੀਤ ਸਿੰਘ ਬਿੱਲੂ ਨੂੰ ਅਕਾਲੀ ਦਲ ਨੇ ਨਹੀਂ ਦਿੱਤਾ ਮਾਣ-ਸਨਮਾਨ
ਬਰਨਾਲਾ, 19 ਅਗਸਤ-ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸ਼ਹਾਦਤ ਨੂੰ ਭਾਵੇਂਕਿ ਚਾਰ ਦਹਾਕਿਆਂ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਉਨ੍ਹਾਂ ਦੀ ਸ਼ਹਾਦਤ ਸਮੇਂ ਵਾਪਰੇ ਘਟਨਾਕ੍ਰਮ ਦੀਆਂ ਤਸਵੀਰਾਂ ਘਟਨਾ ਦੇ ਚਸ਼ਮਦੀਦ ਤੇ ਬਰਨਾਲਾ ਵਾਸੀ ਕਰਮਜੀਤ ਸਿੰਘ ਬਿੱਲੂ ਦੇ ਜ਼ਿਹਨ ਵਿਚ ਘੁੰਮ ਰਹੀਆਂ ਹਨ, ਜਿਨ੍ਹਾਂ ਨੂੰ ਸ਼ਾਇਦ ਉਹ ਕਦੇ ਵੀ ਮਨ ਵਿਚੋਂ ਨਹੀਂ ਕੱਢ ਸਕਣਗੇ, ਕਿਉਂਕਿ ਉਸ ਸਮੇਂ ਸੰਤਾਂ ਨੂੰ ਹਮਲਾਵਰਾਂ ਤੋਂ ਬਚਾਉਣ ਲਈ ਸ. ਬਿੱਲੂ ਨੇ ਖ਼ੁਦ ਵੀ ਪੱਟ ਵਿਚ ਤਿੰਨ ਗੋਲੀਆਂ ਖਾਧੀਆਂ ਸਨ।
ਬਰਨਾਲਾ, 19 ਅਗਸਤ-ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸ਼ਹਾਦਤ ਨੂੰ ਭਾਵੇਂਕਿ ਚਾਰ ਦਹਾਕਿਆਂ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਉਨ੍ਹਾਂ ਦੀ ਸ਼ਹਾਦਤ ਸਮੇਂ ਵਾਪਰੇ ਘਟਨਾਕ੍ਰਮ ਦੀਆਂ ਤਸਵੀਰਾਂ ਘਟਨਾ ਦੇ ਚਸ਼ਮਦੀਦ ਤੇ ਬਰਨਾਲਾ ਵਾਸੀ ਕਰਮਜੀਤ ਸਿੰਘ ਬਿੱਲੂ ਦੇ ਜ਼ਿਹਨ ਵਿਚ ਘੁੰਮ ਰਹੀਆਂ ਹਨ, ਜਿਨ੍ਹਾਂ ਨੂੰ ਸ਼ਾਇਦ ਉਹ ਕਦੇ ਵੀ ਮਨ ਵਿਚੋਂ ਨਹੀਂ ਕੱਢ ਸਕਣਗੇ, ਕਿਉਂਕਿ ਉਸ ਸਮੇਂ ਸੰਤਾਂ ਨੂੰ ਹਮਲਾਵਰਾਂ ਤੋਂ ਬਚਾਉਣ ਲਈ ਸ. ਬਿੱਲੂ ਨੇ ਖ਼ੁਦ ਵੀ ਪੱਟ ਵਿਚ ਤਿੰਨ ਗੋਲੀਆਂ ਖਾਧੀਆਂ ਸਨ। 20 ਅਗਸਤ 1985 ਨੂੰ ਕਸਬਾ ਸ਼ੇਰਪੁਰ ਦੇ ਗੁਰਦੁਆਰਾ ਸਾਹਿਬ ਵਿਚ ਵਾਪਰੇ ਸਾਰੇ ਘਟਨਾਕ੍ਰਮ ਬਾਰੇ ਅੱਜ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਰਮਜੀਤ ਸਿੰਘ ਬਿੱਲੂ ਨੇ ਦੱਸਿਆ ਕਿ ਸੰਤ ਲੌਂਗੋਵਾਲ ’ਤੇ ਹੋਏ ਹਮਲੇ ਸਮੇਂ ਮੈਂ ਸਟੇਜ ਦੇ ਬਿਲਕੁਲ ਸਾਹਮਣੇ ਪਾਸੇ ਤਕਰੀਬਨ 7-8 ਫੁੱਟ ’ਤੇ ਹੀ ਪੰਡਾਲ ਵਿਚ ਬੈਠਾ ਸੀ। ਸੰਤਾਂ ਵਲੋਂ ਸਟੇਜ ਤੋਂ ਪੰਜਾਬ ਸਮਝੌਤੇ ਬਾਰੇ ਜੋ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਗੱਲਬਾਤ ਹੋਈ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਸੀ ਅਤੇ ਸੰਗਤਾਂ ਵੀ ਬੜੇ ਧਿਆਨ ਨਾਲ ਉਨ੍ਹਾਂ ਨੂੰ ਸੁਣ ਰਹੀਆਂ ਸਨ। ਜਦੋਂ ਸੰਤ ਜੀ ਆਪਣਾ ਭਾਸ਼ਣ ਮੁਕੰਮਲ ਕਰਕੇ ਬੈਠਣ ਵਾਲੇ ਸਨ ਤਾਂ ਮੇਰੇ ਖੱਬੇ ਪਾਸੇ ਬੈਠੇ ਨੌਜਵਾਨ, ਜਿਸ ਦਾ ਨਾਂਅ ਬਾਅਦ ਵਿਚ ਗਿਆਨ ਸਿੰਘ ਪਤਾ ਲੱਗਾ ਨੇ ਆਪਣੇ ਡੱਬ ’ਚੋਂ 455 ਬੋਰ ਦਾ ਰਿਵਾਲਵਰ ਕੱਢ ਕੇ ਸੰਤਾਂ ਵੱਲ ਨਿਸ਼ਾਨਾ ਸੇਧ ਦਿੱਤਾ। ਉਸ ’ਤੇ ਮੇਰੀ ਅਚਾਨਕ ਨਿਗ੍ਹਾ ਪੈ ਗਈ ਅਤੇ ਮੈਂ ਵੇਖਿਆ ਉਕਤ ਨੌਜਵਾਨ ਸੰਤਾਂ ਦੇ ਗੋਲੀ ਮਾਰਨ ਲੱਗਾ ਹੈ ਤਾਂ ਮੈਂ ਉਨ੍ਹਾਂ ਨੂੰ ਬਚਾਉਣ ਲਈ ਹਮਲਾਵਰ ਤੋਂ ਉਸ ਦਾ ਰਿਵਾਲਵਰ ਖੋਹਣ ਲਈ ਝਪਟ ਮਾਰੀ ਪਰ ਉਸ ਨੇ ਸੰਤ ਜੀ ਵੱਲ ਗੋਲੀ ਚਲਾ ਦਿੱਤੀ, ਜੋ ਮੇਰੇ ਨਾਲ ਹੱਥੋਪਾਈ ਹੋਣ ਕਾਰਨ ਸੰਤਾਂ ਦੇ ਨਹੀਂ ਬਲਕਿ ਗੁਰਦੁਆਰਾ ਸਾਹਿਬ ਦੀ ਕੰਧ ਵਿਚ ਜਾ ਵੱਜੀ। ਹਮਲਾਵਰ ਨੇ ਆਪਣੇ ਆਪ ਨੂੰ ਛੁਡਾਉਣ ਲਈ ਦੋ ਗੋਲੀਆਂ ਮੇਰੇ ਪੇਟ ਵਿਚ ਮਾਰੀਆਂ। ਐਨੇ ਨੂੰ ਸੰਤ ਸਟੇਜ ਉਪਰ ਲੰਮੇ ਪੈ ਗਏ ਅਤੇ ਉਨ੍ਹਾਂ ਦੇ ਬਚਾਅ ਲਈ ਸਟੇਜ ਉਪਰ ਬੈਠੇ ਹਰਦਿਆਲ ਸਿੰਘ ਸੰਤਾਂ ਦੇ ਉਪਰ ਡਿਗ ਪਏ। ਹਮਲਾਵਰ ਮੇਰੇ ਨਾਲ ਘੁਲਦਾ ਰਿਹਾ ਤੇ ਆਪਣੇ ਆਪ ਨੂੰ ਛੁਡਾਉਣ ਦਾ ਯਤਨ ਕਰਦਾ ਰਿਹਾ ਤਾਂ ਮੇਰੇ ਸੱਜੇ ਹੱਥ ਬੈਠੇ ਦੂਜੇ ਹਮਲਾਵਰ ਜਿਸ ਦੀ ਪਛਾਣ ਬਾਅਦ ਵਿਚ ਹਲਵਿੰਦਰ ਸਿੰਘ ਬਿੱਲਾਂ ਵਜੋਂ ਹੋਈ ਨੇ ਆਪਣੇ ਸਾਥੀ ਨੂੰ ਮੇਰੇ ਤੋਂ ਛੁਡਾਉਣ ਲਈ ਇਕ ਗੋਲੀ ਮੇਰੇ ਪੇਟ ਵਿਚ ਮਾਰੀ। ਤਿੰਨ ਗੋਲੀਆਂ ਲੱਗਣ ਕਾਰਨ ਮੈਂ ਬੁਰੀ ਤਰ੍ਹਾਂ ਫੱਟੜ ਹੋ ਗਿਆ । ਸ. ਬਿੱਲੂ ਨੇ ਦੱਸਿਆ ਕਿ ਗਿਆਨ ਸਿੰਘ ਦੋ-ਤਿੰਨ ਗੋਲੀਆਂ ਸਟੇਜ ਵੱਲ ਚਲਾਉਂਦਾ ਹੋਇਆ ਬਾਹਰ ਵੱਲ ਨੂੰ ਭੱਜ ਗਿਆ, ਜਿਸ ਨੂੰ 100 ਕੁ ਗਜ਼ ’ਤੇ ਗੁਰਦੁਆਰਾ ਸਾਹਿਬ ਦੀ ਡਿਉਢੀ ਵਿਚ ਖੜੀ ਪੁਲਿਸ ਨੇ ਕਾਬੂ ਕਰ ਲਿਆ, ਜਦੋਂਕਿ ਹਰਵਿੰਦਰ ਸਿੰਘ ਬਿੱਲੂ ਮੇਰੇ ਗੋਲੀ ਮਾਰਨ ਤੋਂ ਬਾਅਦ ਉਥੇ ਹੀ ਖੜ੍ਹ ਗਿਆ। ਉਹ ਵੇਖ ਰਿਹਾ ਸੀ ਕਿ ਸੰਤ ਲੌਂਗੋਵਾਲ ਦੇ ਗੋਲੀ ਨਹੀਂ ਵੱਜੀ ਹੈ। ਇੰਨੇ ਨੂੰ ਸਟੇਜ ਉੱਪਰੋਂ ਕਿਸੇ ਨੇ ਐਲਾਨ ਕੀਤਾ ਕਿ ਹਮਲਾਵਰ ਦੌੜ ਗਿਆ ਹੈ ਅਤੇ ਨਾਲ ਹੀ ਕਿਹਾ ਗਿਆ ਕਿ ਸੰਤ ਜੀ ਤੋਂ ਪਾਸੇ ਹਟ ਜਾਵੋ, ਕਿਉਂਕਿ ਉਨ੍ਹਾਂ ਦਾ ਸਾਹ ਘੁੱਟ ਰਿਹਾ ਹੈ। ਕਰਮਜੀਤ ਸਿੰਘ ਬਿੱਲੂ ਅਨੁਸਾਰ ਸੰਤ ਲੌਂਗੋਵਾਲ ਸਟੇਜ ਦੇ ਪਿਛਲੇ ਪਾਸੇ ਲੱਤਾਂ ਹੇਠਾਂ ਲਟਕਾ ਕੇ ਬੈਠ ਗਏ ਤਾਂ ਹੱਥ ਵਿਚ ਰਿਵਾਲਵਰ ਫੜੀ ਹਰਵਿੰਦਰ ਸਿੰਘ ਬਿੱਲਾ ਸਭਨਾਂ ਨੂੰ ਪਾਸੇ ਹੋ, ਪਾਸੇ ਹੋ ਜਾਓ ਆਖਦਾ ਹੋਇਆ ਬਿਲਕੁਲ ਸੰਤਾਂ ਦੇ ਕੋਲ ਆ ਗਿਆ ਅਤੇ 2-3 ਗੋਲੀਆਂ ਮਾਰੀਆਂ। ਜਦੋਂ ਉਹ ਗੋਲੀਆਂ ਮਾਰ ਕੇ ਮੁੜਨ ਲੱਗਿਆ ਤਾਂ ਸੰਤਾਂ ਦੇ ਗੰਨਮੈਨ ਸ਼ੇਰ ਸਿੰਘ ਨੇ ਉਸ ਦੇ ਗੋਲੀ ਮਾਰੀ, ਜੋ ਉਸ ਦੀ ਰੀੜ੍ਹ ਦੀ ਹੱਡੀ ਵਿਚ ਲੱਗੀ ਅਤੇ ਉਹ ਉਥੇ ਲੁੜਕ ਗਿਆ। ਉਨ੍ਹਾਂ ਦੱਸਿਆ ਕਿ ਇਕ ਵਾਰ ਤਾਂ ਉਸ ਸਮੇਂ ਉਸ ਵਲੋਂ ਖ਼ੁਦ ਗੋਲੀਆਂ ਖਾ ਕੇ ਇਕ ਸਮੇਂ ਤਾਂ ਸੰਤਾਂ ਨੂੰ ਬਚਾਅ ਲਿਆ ਗਿਆ ਸੀ ਪਰ ਉਸ ਤੋਂ ਬਾਅਦ ਪੁਲਿਸ ਦੀ ਅਣਗਹਿਲੀ ਕਾਰਨ ਸੰਤਾਂ ਨੂੰ ਬਚਾਇਆ ਨਾ ਜਾ ਸਕਿਆ। ਸੰਤਾਂ ਦੀ ਸ਼ਹਾਦਤ ਤੋਂ ਬਾਅਦ ਉਹ ਸਰਕਾਰੀ ਗਵਾਹ ਬਣ ਗਏ ਅਤੇ ਗਿਆਨ ਨੂੰ ਪਹਿਲਾਂ ਫਾਂਸੀ ਦੀ ਸਜ਼ਾ ਪਰ ਬਾਅਦ ਵਿਚ ਸਜ਼ਾ ਉਮਰ ਕੈਦ ਵਿਚ ਤਬਦੀਲ ਹੋ ਗਈ ਅਤੇ ਅੱਜ ਉਹ ਸਜ਼ਾ ਭਗਤ ਕੇ ਜੇਲ੍ਹ ਵਿਚੋਂ ਬਾਹਰ ਆ ਚੁੱਕਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸੰਤਾਂ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਨੂੰ ਅਤੇ ਸਾਰੇ ਪਰਿਵਾਰ ਨੂੰ ਬਹੁਤ ਜ਼ਿਆਦਾ ਮੁਸੀਬਤਾਂ ਦਾ ਸਾਹ ਮਣਾ ਕਰਨਾ ਪਿਆ। ਸ. ਬਿੱਲੂ ਨੇ ਭਰੇ ਮਨ ਨਾਲ ਦੱਸਿਆ ਕਿ ਸੰਤ ਲੌਂਗੋਵਾਲ ਦੀ ਸ਼ਹਾਦਤ ਨੂੰ 41 ਸਾਲ ਹੋ ਗਏ ਹਨ ਪਰ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਅਣਗੌਲਿਆ ਕਰ ਕੇ ਰੱਖਿਆ ਹੋਇਆ ਹੈ। ਭਾਵੇਂਕਿ, ਉਹ ਸੰਤਾਂ ਦੀ ਹਰ ਬਰਸੀ ਸਮਾਗਮ ਮੌਕੇ ਲੌਂਗੋਵਾਲ ਵਿਖੇ ਪਹੁੰਚਦੇ ਹਨ ਪਰ ਅਕਾਲੀ ਦਲ ਨੇ ਉਨ੍ਹਾਂ ਨੂੰ ਮਾਣ - ਸਨਮਾਨ ਤੋਂ ਕੀਤਾ ਦੇਣਾ ਸੀ, ਕਦੇ ਸਟੇਜ ਉਪਰ ਵੀ ਨਹੀਂ ਬੁਲਾਇਆ, ਜਿਸ ਦਾ ਉਸ ਦੇ ਮਨ ਵਿਚ ਨਾ ਕੇਵਲ ਦਰਦ ਹੈ, ਬਲਕਿ ਬਹੁਤ ਜ਼ਿਆਦਾ ਰੋਸ ਵੀ ਹੈ।