10 ‘ਕਿਲਰ ਹਾਈਵੇਅ’ ਬਣਨਗੇ ‘ਏ.ਆਈ. ਰੋਕਥਾਮ ਸੇਫਟੀ ਜ਼ੋਨ’-ਹਾਦਸਿਆਂ ’ਤੇ ਲੱਗੇਗਾ ਵਿਰਾਮ
ਮੰਡੀ ਗੋਬਿੰਦਗੜ੍ਹ, 22 ਅਗਸਤ (ਮੋਹਿਤ ਸਿੰਗਲਾ)-ਸੜਕ ਹਾਦਸਿਆਂ ਵਿਚ ਕਮੀ ਲਿਆਉਣ ਅਤੇ ਦੇਸ਼ ਦੇ ਸਭ ਤੋਂ ਵੱਧ ਹਾਦਸਾ ਗ੍ਰਸਤ ਹਾਈਵੇਅ ਮਾਰਗਾਂ ਨੂੰ ਸੁਰੱਖਿਅਤ ਬਣਾਉਣ ਦੀ ਦਿਸ਼ਾ ਵਿਚ ਕੇਂਦਰ ਸਰਕਾਰ ਇਕ ਅਹਿਮ ਕਦਮ ਚੁੱਕਣ ਜਾ ਰਹੀ ਹੈ। ਇਸ ਤਹਿਤ ਦੇਸ਼ ਦੇ 10 ਅਜਿਹੇ ‘ਕਿਲਰ ਹਾਈਵੇਅ’ ਨੂੰ ਏ.
ਮੰਡੀ ਗੋਬਿੰਦਗੜ੍ਹ, 22 ਅਗਸਤ (ਮੋਹਿਤ ਸਿੰਗਲਾ)-ਸੜਕ ਹਾਦਸਿਆਂ ਵਿਚ ਕਮੀ ਲਿਆਉਣ ਅਤੇ ਦੇਸ਼ ਦੇ ਸਭ ਤੋਂ ਵੱਧ ਹਾਦਸਾ ਗ੍ਰਸਤ ਹਾਈਵੇਅ ਮਾਰਗਾਂ ਨੂੰ ਸੁਰੱਖਿਅਤ ਬਣਾਉਣ ਦੀ ਦਿਸ਼ਾ ਵਿਚ ਕੇਂਦਰ ਸਰਕਾਰ ਇਕ ਅਹਿਮ ਕਦਮ ਚੁੱਕਣ ਜਾ ਰਹੀ ਹੈ। ਇਸ ਤਹਿਤ ਦੇਸ਼ ਦੇ 10 ਅਜਿਹੇ ‘ਕਿਲਰ ਹਾਈਵੇਅ’ ਨੂੰ ਏ.ਆਈ. ਨਿਯੰਤਰਿਤ ਸੇਫਟੀ ਜ਼ੋਨ ਵਜੋਂ ਵਿਕਸਤ ਕਰਨ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ, ਜਿਥੇ ਸੜਕ ਹਾਦਸਿਆਂ ਅਤੇ ਉਨ੍ਹਾਂ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਰਾਸ਼ਟਰੀ ਔਸਤ ਨਾਲੋਂ ਕਾਫ਼ੀ ਵੱਧ ਹੈ। ਇਨ੍ਹਾਂ 10 ਰਾਜਮਾਰਗਾਂ ਦੀ ਲੰਬਾਈ ਦੇਸ਼ ਦੇ ਕੁੱਲ ਰਾਜਮਾਰਗ ਨੈੱਟਵਰਕ ਦਾ ਲਗਭਗ 12 ਫ਼ੀਸਦੀ ਹੈ ਪਰ ਦੇਸ਼ ਭਰ ਵਿਚ ਹੋਣ ਵਾਲੇ ਸੜਕ ਹਾਦਸਿਆਂ ਅਤੇ ਮੌਤਾਂ ਵਿਚ ਇਨ੍ਹਾਂ ਦੀ ਹਿੱਸੇਦਾਰੀ 35 ਫ਼ੀਸਦੀ ਤੋਂ ਵੱਧ ਦੱਸੀ ਜਾ ਰਹੀ ਹੈ। ਪਿਛਲੇ ਤਿੰਨ ਸਾਲਾਂ ਦੌਰਾਨ ਇਨ੍ਹਾਂ ਮਾਰਗਾਂ ’ਤੇ ਇਕ ਲੱਖ ਤੋਂ ਵੱਧ ਹਾਦਸੇ ਹੋਏ ਹਨ, ਜਿਨ੍ਹਾਂ ਵਿਚ 48 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਗਈ ਹੈ। ਇਸ ਕਾਰਨ ਇਨ੍ਹਾਂ ਮਾਰਗਾਂ ’ਤੇ ਆਧੁਨਿਕ ਤਕਨਾਲੋਜੀ ਰਾਹੀਂ ਹਾਦਸਿਆਂ ਦੀ ਰੋਕਥਾਮ ਨੂੰ ਤਰਜੀਹ ਦਿੱਤੀ ਜਾ ਰਹੀ ਹੈ।ਇਨ੍ਹਾਂ ਹਾਈਵੇਅ ’ਤੇ ਮੌਜੂਦ ‘ਬਲੈਕ ਸਪਾਟ’ ਹਾਦਸਿਆਂ ਦਾ ਇਕ ਵੱਡਾ ਕਾਰਨ ਬਣੇ ਹੋਏ ਹਨ। ਰਾਸ਼ਟਰੀ ਰਾਜਮਾਰਗਾਂ ’ਤੇ ‘ਬਲੈਕ ਸਪਾਟ’ ਦਾ ਰਾਸ਼ਟਰੀ ਔਸਤ ਪ੍ਰਤੀ 100 ਕਿਲੋਮੀਟਰ ਲਗਭਗ ਚਾਰ ਹੈ, ਜਦਕਿ ਚਿੰਨ੍ਹਿਤ 10 ‘ਕਿਲਰ ਹਾਈਵੇਅ’ ’ਤੇ ਇਹ ਗਿਣਤੀ ਵੱਧ ਕੇ ਪ੍ਰਤੀ 100 ਕਿਲੋਮੀਟਰ 14 ਤੋਂ 18 ‘ਬਲੈਕ ਸਪਾਟ’ ਤੱਕ ਪਹੁੰਚ ਜਾਂਦੀ ਹੈ। ਇਸ ਕਾਰਨ ਇਨ੍ਹਾਂ ਮਾਰਗਾਂ ’ਤੇ ਹਾਦਸਿਆਂ ਦੀ ਸੰਭਾਵਨਾ ਕਈ ਗੁਣਾ ਵਧ ਜਾਂਦੀ ਹੈ।