ਪ੍ਰਧਾਨ ਮੰਤਰੀ ਵਲੋਂ ਵਰਤੇ ‘ਦਿਮਾਗ਼ੀ ਨਕਸਲਵਾਦ’ ਸ਼ਬਦ ’ਤੇ ਕੈਪਟਨ ਨੇ ਖੜ੍ਹੇ ਕੀਤੇ ਸਵਾਲ
ਚੰਡੀਗੜ੍ਹ, 4 ਸਤੰਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੀ ਸਿਆਸਤ ਵਿਚ ਇਕ ਵਾਰ ਮੁੜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਤੇਵਰ ਚਰਚਾ ਦਾ ਵਿਸ਼ਾ ਬਣ ਗਏ ਹਨ। ਹਾਲ ਹੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵਰਤੇ ਗਏ ‘ਦਿਮਾਗ਼ੀ ਨਕਸਲਵਾਦ’ ਸ਼ਬਦ ’ਤੇ ਕੈਪਟਨ ਵਲੋਂ ਸਵਾਲ ਖੜ੍ਹੇ ਕੀਤੇ ਜਾਣ ਤੋਂ ਬਾਅਦ ਸਿਆਸੀ ਹਲਕਿਆਂ ਵਿਚ ਨਵੀਂ ਚਰਚਾ ਛਿੜ ਗਈ ਹੈ।
ਚੰਡੀਗੜ੍ਹ, 4 ਸਤੰਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੀ ਸਿਆਸਤ ਵਿਚ ਇਕ ਵਾਰ ਮੁੜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਤੇਵਰ ਚਰਚਾ ਦਾ ਵਿਸ਼ਾ ਬਣ ਗਏ ਹਨ। ਹਾਲ ਹੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵਰਤੇ ਗਏ ‘ਦਿਮਾਗ਼ੀ ਨਕਸਲਵਾਦ’ ਸ਼ਬਦ ’ਤੇ ਕੈਪਟਨ ਵਲੋਂ ਸਵਾਲ ਖੜ੍ਹੇ ਕੀਤੇ ਜਾਣ ਤੋਂ ਬਾਅਦ ਸਿਆਸੀ ਹਲਕਿਆਂ ਵਿਚ ਨਵੀਂ ਚਰਚਾ ਛਿੜ ਗਈ ਹੈ। ਕੈਪਟਨ ਦਾ ਸਿਆਸੀ ਸਫ਼ਰ ਆਪਣੇ ਆਪ ਵਿਚ ਪੰਜਾਬ ਦੀ ਸਿਆਸਤ ਦੇ ਕਈ ਉਤਾਰ-ਚੜ੍ਹਾਵਾਂ ਦਾ ਗਵਾਹ ਰਿਹਾ ਹੈ। ਹੁਣ ਪ੍ਰਧਾਨ ਮੰਤਰੀ ਵਲੋਂ ‘ਦਿਮਾਗ਼ੀ ਨਕਸਲਵਾਦ’ ਵਰਗੇ ਸ਼ਬਦ ਦੀ ਵਰਤੋਂ ਨੂੰ ਲੈ ਕੇ ਕੈਪਟਨ ਵਲੋਂ ਪ੍ਰਗਟਾਈ ਗਈ ਅਸਹਿਮਤੀ ਨੇ ਸਿਆਸੀ ਚਰਚਾ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਕੈਪਟਨ ਵਲੋਂ ਇਸ ਤਰ੍ਹਾਂ ਦਾ ਸਵਾਲ ਖੜ੍ਹਾ ਕਰਨਾ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਉਹ ਖ਼ੁਦ ਭਾਜਪਾ ਨਾਲ ਜੁੜੇ ਹੋਏ ਹਨ। ਸਿਆਸੀ ਹਲਕਿਆਂ ਵਿਚ ਇਸ ਗੱਲ ਦੀ ਚਰਚਾ ਮੁੜ ਛਿੜ ਗਈ ਹੈ ਕਿ ਕੈਪਟਨ ਦੇ ਕਾਂਗਰਸ ਦੇ ਕੁੱਝ ਸੀਨੀਅਰ ਆਗੂਆਂ ਨਾਲ ਸੰਪਰਕ ਬਣੇ ਹੋਏ ਹਨ। ਕਾਂਗਰਸ ਪਾਰਟੀ ਦੇ ਸੂਤਰ ਵੀ ਦੱਸਦੇ ਹਨ ਕੈਪਟਨ ਕਾਂਗਰਸ ਹਾਈ ਕਮਾਨ ਦੇ ਸੰਪਰਕ ਵਿਚ ਵੀ ਹਨ, ਹਾਲਾਂਕਿ ਇਸ ਸਬੰਧੀ ਕੋਈ ਅਧਿਕਾਰਤ ਪੁਸ਼ਟੀ ਸਾਹਮਣੇ ਨਹੀਂ ਆਈ। ਜ਼ਿਕਰਯੋਗ ਹੈ ਕਿ ਉਨ੍ਹਾਂ ਆਪਣੇ ਬਿਆਨ ਵਿਚ ਕਿਹਾ ਸੀ ਕਿ ਪ੍ਰਧਾਨ ਮੰਤਰੀ ਵਲੋਂ ਵਰਤੇ ਦਿਮਾਗ਼ੀ ਨਕਸਲ ਦਾ ਮਤਲਬ ਸਾਫ਼ ਹੋਣਾ ਜਰੂਰੀ ਹੈ ਕਿ ਦਿਮਾਗ਼ੀ ਨਕਸਲ ਸ਼ਬਦ ਨਾਲ ਕਿਨ੍ਹਾਂ ਲੋਕਾਂ ਦੀ ਗੱਲ ਹੋ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰੀਖਿਆ ਨੂੰ ਲੈ ਕੇ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ, ਨੌਕਰੀ ਦੀ ਮੰਗ ਕਰਨ ਵਾਲੇ ਨੌਜਵਾਨ ਅਤੇ ਸਰਕਾਰ ਦੀਆਂ ਨੀਤੀਆਂ ’ਤੇ ਸਵਾਲ ਖੜ੍ਹੇ ਕਰਨ ਵਾਲੇ ਕਿਸਾਨ, ਸਿਰਫ਼ ਵਿਰੋਧ ਦੀ ਵਜ੍ਹਾ ਨਾਲ ‘ਦਿਮਾਗ਼ੀ ਨਕਸਲ’ ਨਹੀਂ ਹੋ ਸਕਦੇ।