ਪੰਜਾਬ ਕਾਂਗਰਸ: ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਅਸਤੀਫ਼ਾ ‘ਕੁਵੇਲੇ ਦੀਆਂ ਟੱਕਰਾਂ’
ਮੰਡੀ ਕਿੱਲਿਆਂਵਾਲੀ, 1 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਪਾਰਟੀ ਵਿਚਲੀਆਂ ਅੰਦਰੂਨੀ ਖਿੱਚੋਤਾਣੀਆਂ ਦੇ ਦੌਰ ਮਗਰੋਂ ਦਿੱਤਾ ਅਸਤੀਫ਼ਾ ਸਿਆਸੀ ਤੌਰ ’ਤੇ ਦਰੁਸਤ ਭਾਵੇਂ ਰੱਖਦਾ ਹੈ, ਪਰ ‘ਕੁਵੇਲੇ ਦੀਆਂ ਟੱਕਰਾਂ’ ਵਾਂਗ ਇਸ ਫ਼ੈਸਲੇ ਵਿਚ ਹੋਈ ਮਹੀਨਿਆਂਬੱਧੀ ਦੇਰੀ ਨੇ ਵਿਧਾਨ ਸਭਾ ਚੋਣਾਂ ਦੇ ਐਨ ਬੂਹੇ ਖੜ੍ਹੀ ਕਾਂਗਰਸ ਲਈ ਇਕ ਜਥੇਬੰਦਕ ਰਾਹਤ ਦੇ ਨਾਲ ਕਈ ਤਕਨੀਕੀ ਮੁਸ਼ਕਿਲਾਂ ਦਾ ਪਹਾੜ ਵੀ ਖੜ੍ਹਾ ਕਰ ਦਿੱਤਾ ਹੈ । ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਮਹਿਜ਼ 80-100 ਦਿਨ ਦਾ ਸਮਾਂ ਬਾਕੀ ਮੰਨਿਆ ਜਾ ਰਿਹਾ ਹੈ ।
ਮੰਡੀ ਕਿੱਲਿਆਂਵਾਲੀ, 1 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਪਾਰਟੀ ਵਿਚਲੀਆਂ ਅੰਦਰੂਨੀ ਖਿੱਚੋਤਾਣੀਆਂ ਦੇ ਦੌਰ ਮਗਰੋਂ ਦਿੱਤਾ ਅਸਤੀਫ਼ਾ ਸਿਆਸੀ ਤੌਰ ’ਤੇ ਦਰੁਸਤ ਭਾਵੇਂ ਰੱਖਦਾ ਹੈ, ਪਰ ‘ਕੁਵੇਲੇ ਦੀਆਂ ਟੱਕਰਾਂ’ ਵਾਂਗ ਇਸ ਫ਼ੈਸਲੇ ਵਿਚ ਹੋਈ ਮਹੀਨਿਆਂਬੱਧੀ ਦੇਰੀ ਨੇ ਵਿਧਾਨ ਸਭਾ ਚੋਣਾਂ ਦੇ ਐਨ ਬੂਹੇ ਖੜ੍ਹੀ ਕਾਂਗਰਸ ਲਈ ਇਕ ਜਥੇਬੰਦਕ ਰਾਹਤ ਦੇ ਨਾਲ ਕਈ ਤਕਨੀਕੀ ਮੁਸ਼ਕਿਲਾਂ ਦਾ ਪਹਾੜ ਵੀ ਖੜ੍ਹਾ ਕਰ ਦਿੱਤਾ ਹੈ । ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਮਹਿਜ਼ 80-100 ਦਿਨ ਦਾ ਸਮਾਂ ਬਾਕੀ ਮੰਨਿਆ ਜਾ ਰਿਹਾ ਹੈ । ਸਿਆਸੀ ਨੁਕਤੇਕਾਰਾਂ ਦਾ ਮੰਨਣਾ ਹੈ ਕਿ ਇਸ ਦਬਾਅ ਭਰੇ ਥੋੜ੍ਹੇ ਵਕਫ਼ੇ ਵਿਚ ਨਵੇਂ ਸੂਬਾ ਪ੍ਰਧਾਨ ਲਈ ਆਪਣੀ ਮਨਪਸੰਦ ਸੂਬਾਈ ਤੇ ਜ਼ਿਲ੍ਹਾ ਪੱਧਰੀ ਟੀਮਾਂ ਦਾ ਗਠਨ ਕਰਨਾ ਅਤੇ 117 ਹਲਕਿਆਂ ਲਈ ਚੋਣ ਰਣਨੀਤੀ ਤਿਆਰ ਕਰਨਾ ਦੋਹਰੀ ਵੱਡੀ ਮੁਸ਼ੱਕਤ ਹੋਵੇਗੀ । ਨਵਾਂ ਪ੍ਰਧਾਨ ਭਾਵੇਂ ਕੋਈ ਵੀ ਬਣੇ, ਪਰ ਉਸ ਲਈ ਪੁਰਾਣੀ ਜਥੇਬੰਦਕ ਟੀਮ ਦੇ ਸਹਾਰੇ ਚੋਣ ਪਿੜ ਵਿਚ ਨਿੱਤਰਨ ਦੀ ‘ਸੱਪ ਦੇ ਮੂੰਹ ’ਚ ਕੋਹੜ ਕਿਰਲੀ’ ਵਾਲੀ ਸਥਿਤੀ ਬਣ ਸਕਦੀ ਹੈ। ਜੇਕਰ ਪਾਰਟੀ ਇਸ ਨਾਜ਼ੁਕ ਘੜੀ ਵਿਚ ਨਵਾਂ ਜਥੇਬੰਦਕ ਢਾਂਚਾ ਬਣਾਉਣ ਦੇ ਰਾਹ ਪੈਂਦੀ ਹੈ ਤਾਂ ਸੂਬੇ ਭਰ ਵਿਚ ਚੋਣ ਤਿਆਰੀਆਂ ਤੇ ਜ਼ਮੀਨੀ ਲਾਮਬੰਦੀ ਪੱਖੋਂ ਪਛੜਨ ਦਾ ਖ਼ਤਰਾ ਬਣੇਗਾ। ਸੱਤਾਧਾਰੀ ਧਿਰ ‘ਆਪ’, ਸ਼੍ਰੋਮਣੀ ਅਕਾਲੀ ਦਲ, ਭਾਜਪਾ ਸਮੇਤ ਪ੍ਰਮੁੱਖ ਸਿਆਸੀ ਧਿਰਾਂ ਆਪਣੇ ਜ਼ਮੀਨੀ ਸਰਗਰਮੀਆਂ ਤੇਜ਼ ਕਰ ਚੁੱਕੀਆਂ ਹਨ । ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦਾ 117 ਵਿਧਾਨ ਸਭਾ ਹਲਕਿਆਂ ਤੱਕ ਪਹੁੰਚਣਾ ਇਸ ਦੀ ਤਾਜ਼ਾ ਮਿਸਾਲ ਹੈ । ਤਾਜ਼ਾ ਹਾਲਾਤ ’ਚ ਸੂਬਾ ਕਾਂਗਰਸ ਲਈ ਅਸਲ ਰੇਹੜਕਾ ਟਿਕਟਾਂ ਦੀ ਵੰਡ ਵੇਲੇ ਖੜਾ ਹੋ ਸਕਦਾ ਹੈ। ਦੇਸ਼ ਵਿਚ ਕਾਂਗਰਸ ਦੀ ਸਿਆਸੀ ਜ਼ਮੀਨ ਚੁਣੌਤੀਆਂ ਭਰੀ ਹੈ । ਅਜਿਹੇ ਵਿਚ 2027 ਦੀ ਪੰਜਾਬ ਵਿਧਾਨ ਸਭਾ ਚੋਣ ਪਾਰਟੀ ਲਈ ਸੂਬੇ ਵਿਚ ਆਪਣਾ ਆਧਾਰ ਮੁੜ ਮਜ਼ਬੂਤ ਕਰਨ ਦੇ ਨਾਲ 2029 ਦੀ ਕੇਂਦਰੀ ਸੱਤਾ ਵੱਲ ਕਦਮ ਪੁੱਟਣ ਲਈ ਇਕ ਵੱਡੀ ਵਿਸਾਖੀ ਬਣ ਸਕਦੀ ਹੈ। ਕਹਾਵਤ ਹੈ ਕਿ ਕਾਂਗਰਸ ਨੂੰ ਬਾਹਰੋਂ ਕੋਈ ਨਹੀਂ ਮਾਰਦਾ, ਸਗੋਂ ਕਾਂਗਰਸ ਹੀ ਕਾਂਗਰਸ ਨੂੰ ਮਾਰ ਮੁਕਾਉਂਦੀ ਹੈ।