ਐੱਸ. ਏ. ਐੱਸ. ਨਗਰ, 1 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਮਿਤਸੁਬੀਸ਼ੀ ਇਲੈਕਟ੍ਰਿਕ ਇੰਡੀਆ ਪ੍ਰਾ. ਲਿ. ਵਲੋਂ ਅੱਜ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀ. ਜੀ. ਸੀ.) ਲਾਂਡਰਾਂ ਵਿਖੇ ‘ਸੈਂਟਰ ਆਫ਼ ਐਕਸੀਲੈਂਸ’ ਦਾ ਉਦਘਾਟਨ ਕੀਤਾ ਗਿਆ। ਇਸ ਕੇਂਦਰ ਦਾ ਉਦੇਸ਼ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਉਦਯੋਗਿਕ ਆਟੋਮੇਸ਼ਨ ਤਕਨਾਲੋਜੀਆਂ ਦਾ ਵਿਵਹਾਰਕ ਅਨੁਭਵ ਪ੍ਰਦਾਨ ਕਰਨ ਦੇ ਨਾਲ-ਨਾਲ ਉਦਯੋਗ-ਅਕਾਦਮਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਹੈ। ਇਸ ਸੈਂਟਰ ਦਾ ਉਦਘਾਟਨ ਮਿਤਸੁਬੀਸ਼ੀ ਇਲੈਕਟ੍ਰਿਕ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤਸੁਸ਼ੀ ਤਾਕਾਸੇ ਵਲੋਂ ਮਿਤਸੁਬੀਸ਼ੀ ਇਲੈਕਟ੍ਰਿਕ ਇੰਡੀਆ ਅਤੇ ਸੀ. ਜੀ. ਸੀ. ਲਾਂਡਰਾਂ ਦੇ ਸੀਨੀਅਰ ਪ੍ਰਤੀਨਿਧੀਆਂ ਦੀ ਮੌਜੂਦਗੀ ’ਚ ਕੀਤਾ ਗਿਆ। ਇਸ ਮੌਕੇ ਪਰਮਪਾਲ ਸਿੰਘ ਢਿੱਲੋਂ ਵਾਈਸ ਚੇਅਰਮੈਨ ਸੀ. ਜੀ. ਸੀ. ਲਾਂਡਰਾਂ, ਡਾ. ਰਾਜਦੀਪ ਸਿੰਘ ਕੈਂਪਸ ਡਾਇਰੈਕਟਰ ਸੀ. ਜੀ. ਸੀ. ਲਾਂਡਰਾਂ, ਡਾ. ਸੁਖਪ੍ਰੀਤ ਕੌਰ ਡਾਇਰੈਕਟਰ ਪ੍ਰਿੰਸੀਪਲ ਸੀ. ਈ. ਸੀ.-ਸੀ. ਜੀ. ਸੀ. ਲਾਂਡਰਾਂ, ਡਾ. ਵਿਨੈ ਐੱਚ. ਓ. ਡੀ. ਈ. ਸੀ. ਈ. ਵਿਭਾਗ ਤੇ ਡਾਇਰੈਕਟਰ ਅਕਾਦਮਿਕ ਡਾ. ਅਸ਼ੋਕ ਕੁਮਾਰ ਸਮੇਤ ਸੰਸਥਾ ਦੇ ਵੱਖ-ਵੱਖ ਡਾਇਰੈਕਟਰ ਅਤੇ ਡੀਨ ਵੀ ਹਾਜ਼ਰ ਸਨ। ਇਸ ਮੌਕੇ ਮਿਤਸੁਬੀਸ਼ੀ ਇਲੈਕਟ੍ਰਿਕ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤਸੁਸ਼ੀ ਤਾਕਾਸੇ ਨੇ ਕਿਹਾ ਕਿ ਤਕਨਾਲੋਜੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ, ਪਰ ਇਸ ਤਕਨਾਲੋਜੀ ਨੂੰ ਤਰੱਕੀ ’ਚ ਬਦਲਣ ਦਾ ਕੰਮ ਲੋਕ ਹੀ ਕਰਦੇ ਹਨ। ਇਸ ਮੌਕੇ ਸੀ. ਜੀ. ਸੀ. ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ. ਰਾਜਦੀਪ ਸਿੰਘ ਨੇ ਕਿਹਾ ਕਿ ਇਹ ਸੈਂਟਰ ਆਫ਼ ਐਕਸੀਲੈਂਸ ਉੱਨਤ ਉਦਯੋਗਿਕ ਤਕਨਾਲੋਜੀਆਂ ਨੂੰ ਸਾਡੇ ਵਿਦਿਆਰਥੀਆਂ ਦੇ ਹੋਰ ਨੇੜੇ ਲੈ ਕੇ ਆਵੇਗਾ। ਇਹ ਸੈਂਟਰ ਆਫ਼ ਐਕਸੀਲੈਂਸ ਆਧੁਨਿਕ ਨਿਰਮਾਣ ਮੈਨੂਫੈਕਚਰਿੰਗ ਖੇਤਰ ਦੀਆਂ ਮੰਗਾਂ ਲਈ ਤਿਆਰ ਹੁਨਰਮੰਦ ਇੰਜੀਨੀਅਰਾਂ ਨੂੰ ਵਿਕਸਿਤ ਕਰਨ ਦੀ ਸੀ. ਜੀ. ਸੀ. ਲਾਂਡਰਾਂ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੈ। ਜ਼ਿਕਰਯੋਗ ਹੈ ਕਿ ਸੈਂਟਰ ਆਫ਼ ਐਕਸੀਲੈਂਸ ਉੱਤਰੀ ਭਾਰਤ ’ਚ ਮਿਤਸੁਬੀਸ਼ੀ ਇਲੈਕਟ੍ਰਿਕ ਵਲੋਂ ਸਥਾਪਤ ਕੀਤਾ ਗਿਆ ਆਪਣੀ ਕਿਸਮ ਦਾ ਅਜਿਹਾ ਪਹਿਲਾ ਕੇਂਦਰ ਹੈ, ਜੋ ਕਿ ਖੇਤਰ ਦੇ ਅਕਾਦਮਿਕ ਈਕੋ-ਸਿਸਟਮ ਨਾਲ ਕੰਪਨੀ ਦੀ ਸ਼ਮੂਲੀਅਤ ਨੂੰ ਹੋਰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਸਾਬਿਤ ਹੋਵੇਗਾ।