ਝੋਨੇ ਦੀ ਆਮਦ ਤੋਂ ਪਹਿਲਾਂ ਪੰਜਾਬ ਦੇ ਅੰਨ ਭੰਡਾਰਾਂ ’ਚ ਥਾਂ ਦੀ ਘਾਟ ਖ਼ਰੀਦ ਲਈ ਬਣ ਸਕਦੀ ਹੈ ਅੜਿੱਕਾ
ਬਠਿੰਡਾ, 3 ਅਕਤੂਬਰ (ਵੀਰਪਾਲ ਸਿੰਘ)—ਪੰਜਾਬ ਵਿਚ ਝੋਨੇ ਦੀ ਕਟਾਈ ਤੇ ਸਰਕਾਰੀ ਖਰੀਦ ਦਾ ਸੀਜ਼ਨ ਸ਼ੁਰੂ ਹੋਣ ਦੇ ਨਾਲ ਹੀ ਅਨਾਜ ਭੰਡਾਰਾਂ ਵਿਚ ਥਾਂ ਦੀ ਕਮੀ ਸਰਕਾਰ ਤੇ ਖਰੀਦ ਏਜੰਸੀਆਂ ਲਈ ਚੁਣੌਤੀ ਬਣਦੀ ਨਜ਼ਰ ਆ ਰਹੀ ਹੈ । ਨਵੇਂ ਝੋਨੇ ਦੀ ਆਮਦ ਅਕਤੂਬਰ ਦੇ ਪਹਿਲੇ ਅੱਧ ਵਿਚ ਤੇਜ਼ ਹੋਣ ਦੀ ਸੰਭਾਵਨਾ ਹੈ, ਜਦਕਿ ਪਿਛਲੇ ਸੀਜ਼ਨਾਂ ਦਾ ਵੱਡਾ ਸਟਾਕ ਅਜੇ ਵੀ ਗੁਦਾਮਾਂ, ਰਾਈਸ ਮਿੱਲਾਂ ਅਤੇ ਮੰਡੀ ਯਾਰਡਾਂ ਵਿਚ ਪਿਆ ਹੋਇਆ ਹੈ।
ਬਠਿੰਡਾ, 3 ਅਕਤੂਬਰ (ਵੀਰਪਾਲ ਸਿੰਘ)—ਪੰਜਾਬ ਵਿਚ ਝੋਨੇ ਦੀ ਕਟਾਈ ਤੇ ਸਰਕਾਰੀ ਖਰੀਦ ਦਾ ਸੀਜ਼ਨ ਸ਼ੁਰੂ ਹੋਣ ਦੇ ਨਾਲ ਹੀ ਅਨਾਜ ਭੰਡਾਰਾਂ ਵਿਚ ਥਾਂ ਦੀ ਕਮੀ ਸਰਕਾਰ ਤੇ ਖਰੀਦ ਏਜੰਸੀਆਂ ਲਈ ਚੁਣੌਤੀ ਬਣਦੀ ਨਜ਼ਰ ਆ ਰਹੀ ਹੈ । ਨਵੇਂ ਝੋਨੇ ਦੀ ਆਮਦ ਅਕਤੂਬਰ ਦੇ ਪਹਿਲੇ ਅੱਧ ਵਿਚ ਤੇਜ਼ ਹੋਣ ਦੀ ਸੰਭਾਵਨਾ ਹੈ, ਜਦਕਿ ਪਿਛਲੇ ਸੀਜ਼ਨਾਂ ਦਾ ਵੱਡਾ ਸਟਾਕ ਅਜੇ ਵੀ ਗੁਦਾਮਾਂ, ਰਾਈਸ ਮਿੱਲਾਂ ਅਤੇ ਮੰਡੀ ਯਾਰਡਾਂ ਵਿਚ ਪਿਆ ਹੋਇਆ ਹੈ। ਇਸ ਕਾਰਨ ਖਰੀਦ ਦੇ ਨਾਲ ਲਿਫ਼ਟਿੰਗ ਅਤੇ ਸਟੋਰੇਜ ’ਤੇ ਵਾਧੂ ਦਬਾਅ ਪੈ ਸਕਦਾ ਹੈ। ਉਪਲਬਧ ਅੰਕੜਿਆਂ ਮੁਤਾਬਕ ਪੰਜਾਬ ਵਿਚ ਸਰਕਾਰੀ ਅਤੇ ਹੋਰ ਉਪਲਬਧ ਭੰਡਾਰਨ ਸਮਰਥਾ ਕਰੀਬ 180 ਤੋਂ 182 ਲੱਖ ਮੀਟਰਕ ਟਨ ਹੈ, ਜਦਕਿ ਮੌਜੂਦਾ ਖੁਰਾਕੀ ਅਨਾਜ ਦਾ ਸਟਾਕ 270 ਤੋਂ 280 ਲੱਖ ਮੀਟਰਕ ਟਨ ਤੱਕ ਦੱਸਿਆ ਜਾ ਰਿਹਾ ਹੈ । ਇਸ ਕਾਰਨ ਗੁਦਾਮਾਂ ਤੋਂ ਇਲਾਵਾ ਰਾਈਸ ਮਿੱਲਾਂ ਅਤੇ ਮੰਡੀ ਯਾਰਡਾਂ ਨੂੰ ਵੀ ਸਟੋਰੇਜ ਲਈ ਵਰਤਣਾ ਪੈ ਰਿਹਾ ਹੈ । ਤਾਜ਼ਾ ਅੰਕੜਿਆਂ ਅਨੁਸਾਰ ਗੁਦਾਮਾਂ ਵਿਚ ਪਿਛਲੇ ਤਿੰਨ ਸੀਜ਼ਨਾਂ ਦਾ ਲਗਭਗ 155 ਲੱਖ ਮੀਟਰਕ ਟਨ ਚੌਲ ਮੌਜੂਦ ਹੈ। ਇਸ ਤੋਂ ਇਲਾਵਾ ਕਰੀਬ 10 ਲੱਖ ਮੀਟਰਕ ਟਨ ਪਿਛਲੇ ਸੀਜ਼ਨ ਦਾ ਝੋਨਾ ਮਿਲਿੰਗ ਦੀ ਉਡੀਕ ਕਰ ਰਿਹਾ ਹੈ, ਜਿਸ ਤੋਂ ਲਗਭਗ 6 ਲੱਖ ਮੀਟਰਿਕ ਟਨ ਚੌਲ ਤਿਆਰ ਹੋਣ ਦਾ ਅਨੁਮਾਨ ਹੈ। ਗੁਦਾਮਾਂ ਅਤੇ ਹੋਰ ਥਾਵਾਂ ’ਤੇ ਕਰੀਬ 116 ਲੱਖ ਮੀਟਰਕ ਟਨ ਕਣਕ ਵੀ ਪਈ ਦੱਸੀ ਜਾ ਰਹੀ ਹੈ । ਪੰਜਾਬ ਸਰਕਾਰ ਨੇ ਪੁਰਾਣੇ ਸਟਾਕ ਨੂੰ ਜਲਦ ਸੂਬੇ ਤੋਂ ਬਾਹਰ ਭੇਜਣ ਲਈ ਕੇਂਦਰ ਸਰਕਾਰ ਕੋਲ ਮਾਮਲਾ ਉਠਾਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਖੁਰਾਕ ਮੰਤਰੀ ਨੂੰ ਪੱਤਰ ਲਿਖ ਕੇ 10 ਅਕਤੂਬਰ ਤੱਕ 6 ਲੱਖ ਮੀਟਰਕ ਟਨ ਚੌਲ ਅਤੇ ਅਕਤੂਬਰ ਦੌਰਾਨ 15 ਲੱਖ ਮੀਟਰਿਕ ਟਨ ਕਣਕ ਦੀ ਲਿਫ਼ਟਿੰਗ ਦੀ ਮੰਗ ਕੀਤੀ ਸੀ । ਸਤੰਬਰ ਵਿਚ ਵੀ ਸਰਕਾਰ ਨੇ 15 ਲੱਖ ਮੀਟਰਕ ਟਨ ਚੌਲ ਅਤੇ 10-12 ਲੱਖ ਮੀਟਰਕ ਟਨ ਕਣਕ ਦੀ ਲਿਫ਼ਟਿੰਗ ਦੀ ਮੰਗ ਕੀਤੀ ਸੀ, ਪਰ 1 ਤੋਂ 29 ਸਤੰਬਰ ਤੱਕ ਸਿਰਫ਼ 8.3 ਲੱਖ ਮੀਟਰਕ ਟਨ ਚੌਲ ਅਤੇ 4.3 ਲੱਖ ਮੀਟਰਕ ਟਨ ਕਣਕ ਹੀ ਸੂਬੇ ਤੋਂ ਬਾਹਰ ਭੇਜੀ ਜਾ ਸਕੀ। ਇਸ ਦੌਰਾਨ ਚਾਲੂ ਸਾਲ ਵਿਚ ਝੋਨੇ ਹੇਠ ਰਕਬਾ 32.76 ਲੱਖ ਹੈਕਟੇਅਰ ਤੱਕ ਪਹੁੰਚ ਗਿਆ ਹੈ। ਸਰਕਾਰ ਨੇ 180 ਲੱਖ ਮੀਟਰਿਕ ਟਨ ਝੋਨੇ ਦੀ ਸਰਕਾਰੀ ਖਰੀਦ ਦਾ ਟੀਚਾ ਰੱਖਿਆ ਹੈ, ਜਦਕਿ ਕੁੱਲ ਉਤਪਾਦਨ 210 ਲੱਖ ਮੀਟਰਕ ਟਨ ਤੋਂ ਵੱਧ ਰਹਿਣ ਦੀ ਉਮੀਦ ਹੈ। ਅਜਿਹੇ ਵਿਚ ਪੁਰਾਣੇ ਸਟਾਕ ਦੀ ਤੇਜ਼ੀ ਨਾਲ ਲਿਫ਼ਟਿੰਗ ਨਾ ਹੋਈ ਤਾਂ ਨਵੀਂ ਫਸਲ ਲਈ ਥਾਂ ਦੀ ਘਾਟ ਮੰਡੀਆਂ ਵਿਚ ਭੰਡਾਰਨ ਅਤੇ ਲਿਫ਼ਟਿੰਗ ਦੀ ਸਮੱਸਿਆ ਨੂੰ ਹੋਰ ਗੰਭੀਰ ਕਰ ਸਕਦੀ ਹੈ।